ਨਾਜਾਇਜ਼ ਹਥਿਆਰ ਸਮੇਤ ਚਾਰ ਕਾਬੂ
ਨਾਜਾਇਜ਼ ਹਥਿਆਰ ਸਮੇਤ ਚਾਰ ਕਾਬੂ
Publish Date: Sun, 25 Jan 2026 07:29 PM (IST)
Updated Date: Mon, 26 Jan 2026 04:14 AM (IST)

- ਪੁਲਿਸ ਰਿਮਾਂਡ ਦੌਰਾਨ ਇਕ ਮੁਲਜਮ ਦੇ ਘਰੋਂ ਦੋ ਪਿਸਟਲ ਤੇ ਰੋਂਦ ਬਰਾਮਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਸਵਿਫਟ ਗੱਡੀ ’ਚ ਸਵਾਰ ਚਾਰ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਇਕ ਪਿਸਟਲ ਤੇ ਪੰਜ ਰੋਂਦ ਬਰਾਮਦ ਕੀਤੇ। ਬਾਅਦ ’ਚ ਪੁਲਿਸ ਰਿਮਾਂਡ ਦੌਰਾਨ ਉਨ੍ਹਾਂ ਕੋਲੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਇਕ ਮੁਲਜ਼ਮ ਦੇ ਘਰੋਂ ਦੋ ਪਿਸਟਲ ਤੇ 30 ਰੌਂਦ ਵੀ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਥਾਣਾ ਮੁਖੀ ਜਸਪਾਲ ਸਿੰਘ ਦੀ ਅਗਵਾਈ ਹੇਠ ਏਐੱਸਆਈ ਗੁਰਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਨੰਗਲ ਸ਼ਾਮਾਂ ਚੌਕ ’ਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਨਾਕੇ ਤੋਂ ਲੰਘ ਰਹੀ ਸਵਿਫਟ ਗੱਡੀ (ਪੀਬੀ10-ਜੇਜੈੱਡ-4001) ਨੂੰ ਜਾਂਚ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ। ਜਦ ਗੱਡੀ ਨਾਕੇ ’ਤੇ ਆ ਕੇ ਰੁਕੀ ਤਾਂ ਉਸ ’ਚ ਸਵਾਰ ਚਾਰ ਨੌਜਵਾਨ ਕੁਝ ਸ਼ੱਕੀ ਦਿਖੇ। ਜਦ ਪੁਲਿਸ ਪਾਰਟੀ ਨੇ ਉਨ੍ਹਾਂ ਦਾ ਨਾਂ ਪੁੱਛਿਆ ਤਾਂ ਉਨ੍ਹਾਂ ਆਪਣਾ ਨਾਮ ਯਾਕੂਬ ਅਲੀ ਵਾਸੀ ਬਾਬਾ ਬਕਾਲਾ, ਸਿਪਾਹੀਆ ਵਾਸੀ ਮਜੀਠਾ ਰੋਡ ਅੰਮ੍ਰਿਤਸਰ, ਸੋਨੂੰ ਵਾਸੀ ਬਾਘਾ ਪੁਰਾਣਾ ਤੇ ਪਿੰਕੂ ਵਾਸੀ ਗੁਰਦਾਸਪੁਰ ਦੱਸਿਆ। ਜਦ ਪੁਲਿਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਕਾਰ ਦੀ ਤਲਾਸ਼ੀ ਲਈ ਤਾਂ ਇਕ ਸੀਟ ਹੇਠੋਂ ਪੁਲਿਸ ਨੂੰ ਇਕ ਪਿਸਟਲ 32 ਬੋਰ ਤੇ 5 ਰੋਦ ਮਿਲੇ, ਜਿਨਾਂ ਬਾਰੇ ਉਹ ਨੌਜਵਾਨ ਕੋਈ ਲਾਇਸੰਸ ਨਹੀਂ ਦਿਖਾ ਸਕੇ, ਜਿਸ ’ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫੜੇ ਗਏ ਮੁਲਜ਼ਮਾਂ ਖਿਲਾਫ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਨੇ ਉਨ੍ਹਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਪੁਲਿਸ ਪਾਰਟੀ ਨੇ ਏਐੱਸਆਈ ਗੁਰਵਿੰਦਰ ਸਿੰਘ ਨਾਲ ਯਾਕੂਬ ਅਲੀ ਦੇ ਘਰ ਬਾਬਾ ਬਕਾਲਾ ’ਚ ਛਾਪਾਮਾਰੀ ਕਰ ਕੇ ਉਥੋਂ ਉਸ ਦੀ ਨਿਸ਼ਾਨਦੇਹੀ ’ਤੇ ਦੋ ਪਿਸਟਲ ਤੇ 30 ਰੋਦ ਬਰਾਮਦ ਕਰ ਲਏ। ਏਐੱਸਆਈ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਡੁੰਘਾਈ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ। ਮੁੱਢਲੀ ਪੁੱਛਗਿਛ ’ਚ ਇਹੀ ਗੱਲ ਸਾਹਮਣੇ ਆਈ ਹੈ ਕਿ ਯਾਕੂਬ ਅਲੀ ਤੇ ਸਿਪਾਹੀਅ ਖਿਲਾਫ ਇਸ ਤੋਂ ਪਹਿਲਾਂ ਵੀ ਵੱਖ-ਵੱਖ ਥਾਣਿਆਂ ’ਚ ਪੰਜ-ਪੰਜ ਅਪਰਾਧਿਕ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਇਨ੍ਹਾਂ ਕੋਲੋਂ ਸਖਤੀ ਨਾਲ ਪੁੱਛਗਿਛ ਕਰ ਰਹੀ ਹੈ।