ਪੁਤਲਾ ਫੂਕਣ ਦੇ ਮਾਮਲੇ ’ਚ ਸਾਬਕਾ ਸੀਨੀਅਰ ਡਿਪਟੀ ਮੇਅਰ ਬਰੀ
-ਸਬੂਤਾਂ ਦੀ ਘਾਟ ਕਾਰਨ
Publish Date: Tue, 07 Apr 2026 07:16 PM (IST)
Updated Date: Tue, 07 Apr 2026 07:41 PM (IST)
-ਸਬੂਤਾਂ ਦੀ ਘਾਟ ਕਾਰਨ ਨਹੀਂ ਸਾਬਤ ਹੋਏ ਦੋਸ਼, ਡਿਪਟੀ ਮੇਅਰ ’ਤੇ ਵੀ ਦਰਜ ਸੀ ਮਾਮਲਾ
ਜਾਸ, ਜਲੰਧਰ : 4 ਸਤੰਬਰ 2020 ਨੂੰ ਸਾਬਕਾ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਕੋਠੀ ਅੱਗੇ ਪੁਤਲਾ ਫੂਕ ਪ੍ਰਦਰਸ਼ਨ ਤੇ ਪੁਲਿਸ ਨੂੰ ਸਰਕਾਰੀ ਡਿਊਟੀ ਕਰਨ ਤੋਂ ਰੋਕਣ ਦੇ ਮਾਮਲੇ ’ਚ ਟ੍ਰਾਇਲ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ। ਕੋਰਟ ਨੇ ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਡਿਪਟੀ ਮੇਅਰ ਪ੍ਰਵੇਸ਼ ਟਾਂਗਰੀ, ਐੱਚਐੱਸ ਵਾਲੀਆ ਤੇ ਗੁਰਦੇਵ ਸਿੰਘ ਭਾਟੀਆ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਸਬੂਤਾਂ ਦੀ ਕਮੀ ਕਾਰਨ ਚਾਰੇ ਮੁਲਜ਼ਮਾਂ ਨੂੰ ਬਰੀ ਕੀਤਾ। ਇਹ ਮਾਮਲਾ ਥਾਣਾ ਨੰਬਰ 2 ਦੇ ਤਤਕਾਲੀ ਐੱਸਐੱਚਓ ਸਬ-ਇੰਸਪੈਕਟਰ ਜਤਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ।
ਮੁਲਜ਼ਮਾਂ ’ਤੇ ਆਈਪੀਸੀ ਦੀ ਧਾਰਾ 188, 353, 451 ਦੇ ਨਾਲ-ਨਾਲ ਧਾਰਾ 34 ਤੇ ਡਿਜਾਸਟਰ ਮੈਨੇਜਮੈਂਟ ਐਕਟ ਦੀ ਧਾਰਾ 51 ਤਹਿਤ ਕੇਸ ਦਰਜ ਕੀਤਾ ਗਿਆ ਸੀ। ਜੱਜ ਪ੍ਰਤੀਕ ਗੁਪਤਾ ਦੀ ਅਦਾਲਤ ਨੇ ਨਗਰ ਨਿਗਮ ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ, ਗੁਰਦੇਵ ਸਿੰਘ ਭਾਟੀਆ, ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਟਾਂਗਰੀ ਤੇ ਨੌਜਵਾਨ ਅਕਾਲੀ ਆਗੂ ਹਰਕਿਸਨ ਸਿੰਘ ਵਾਲੀਆ ਨੂੰ ਦੋਸ਼ ਸਾਬਤ ਨਾ ਹੋਣ ਕਾਰਨ ਬਰੀ ਕਰ ਦਿੱਤਾ।
ਸੁਣਵਾਈ ਦੌਰਾਨ ਸ਼ਿਕਾਇਤਕਰਤਾ ਇਹ ਸਾਬਤ ਕਰਨ ’ਚ ਅਸਫਲ ਰਿਹਾ ਕਿ ਮੁਲਜ਼ਮਾਂ ਨੇ ਪੁਲਿਸ ਨੂੰ ਡਿਊਟੀ ਕਰਨ ਤੋਂ ਰੋਕਿਆ, ਸਰਕਾਰੀ ਕੰਮ ’ਚ ਰੁਕਾਵਟ ਪਾਈ ਜਾਂ ਕੋਰੋਨਾ ਸਮੇਂ ਨਿਯਮਾਂ ਦੀ ਉਲੰਘਣਾ ਕੀਤੀ। ਦੂਜੇ ਪਾਸੇ, ਬਚਾਅ ਪੱਖ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਇਹ ਮਾਮਲਾ ਪੂਰੀ ਤਰ੍ਹਾਂ ਸਿਆਸੀ ਕਿੜ ਕਾਰਨ ਦਰਜ ਕੀਤਾ ਗਿਆ ਸੀ, ਜਿਸ ਨੂੰ ਕੋਰਟ ਨੇ ਗੰਭੀਰਤਾ ਨਾਲ ਲਿਆ।
ਇਸ ਮਾਮਲੇ ’ਚ ਇਕ ਅਹਿਮ ਤੱਥ ਇਹ ਵੀ ਸਾਹਮਣੇ ਆਇਆ ਕਿ ਪੁਲਿਸ ਨੇ ਘਟਨਾ ਦੇ ਪੰਜ ਦਿਨ ਬਾਅਦ ਜਾਰੀ ਪਾਬੰਦੀ ਆਦੇਸ਼ ਦੇ ਉਲੰਘਣਾ ਨੂੰ ਵੀ ਚਾਰਜਸ਼ੀਟ ’ਚ ਸ਼ਾਮਲ ਕਰ ਲਿਆ ਸੀ, ਜਿਸ ਨੂੰ ਅਦਾਲਤ ਨੇ ਪੁਲਿਸ ਦੀ ਵੱਡੀ ਲਾਪਰਵਾਹੀ ਮੰਨਿਆ। ਬਚਾਅ ਪੱਖ ਦੇ ਵਕੀਲ ਮਨਦੀਪ ਸਿੰਘ ਸਚਦੇਵਾ ਨੇ ਹਾਈ ਕੋਰਟ ਦੇ ਉਸ ਫੈਸਲੇ ਦਾ ਵੀ ਹਵਾਲਾ ਦਿੱਤਾ, ਜਿਸ ’ਚ ਕੋਰੋਨਾ ਸਮੇਂ ਦੌਰਾਨ ਦਰਜ ਮਾਮਲਿਆਂ ਨੂੰ ਰੱਦ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਕੋਰਟ ਨੇ ਸਾਰੀਆਂ ਧਿਰਾਂ ਨੂੰ ਧਿਆਨ ਵਿਚ ਰੱਖਦਿਆਂ ਮੁਲਜ਼ਮਾਂ ਨੂੰ ਰਾਹਤ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਫੈਸਲੇ ’ਤੇ ਖੁਸ਼ੀ ਜ਼ਾਹਿਰ ਕੀਤੀ।