ਸਾਬਕਾ ਸਰਪੰਚ ਮਹਿੰਦਰ ਸਿੰਘ ਦਾ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ
ਸਾਬਕਾ ਸਰਪੰਚ ਮਹਿੰਦਰ ਸਿੰਘ ਦਾ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ
Publish Date: Wed, 11 Mar 2026 09:17 PM (IST)
Updated Date: Wed, 11 Mar 2026 09:18 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਪਿੰਡ ਬੂਟੇ ਦੀਆਂ ਛੰਨਾ ਦੇ ਸਾਬਕਾ ਸਰਪੰਚ ਮਹਿੰਦਰ ਸਿੰਘ ਦਾ ਅੱਜ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਕੁਝ ਨਸ਼ਾ ਤਸਕਰਾਂ ਵੱਲੋਂ ਕੀਤੇ ਜਾਨਲੇਵਾ ਹਮਲੇ ਦੌਰਾਨ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਸਨ। ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਮਹਿੰਦਰ ਸਿੰਘ ਦੀ ਮੌਤ ਹੋ ਗਈ ਸੀ। ਇਸ ਹਮਲੇ ’ਚ ਉਨ੍ਹਾਂ ਦੀ ਪਤਨੀ ਤੇ ਮੌਜੂਦਾ ਸਰਪੰਚ ਅਮਰ ਕੌਰ ਵੀ ਜ਼ਖ਼ਮੀ ਹੋਈ ਸੀ। ਮਹਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ ਤੇ ਪਿੰਡ ਵਾਸੀਆਂ ਵੱਲੋਂ ਤਿੰਨ ਦਿਨ ਤੱਕ ਮਹਿਤਪੁਰ ਥਾਣੇ ਅੱਗੇ ਧਰਨਾ ਦਿੱਤਾ ਗਿਆ। ਪਰਿਵਾਰ ਨੂੰ ਮੁਆਵਜ਼ਾ ਦੇਣ ਤੇ ਸ਼ਹੀਦ ਮਹਿੰਦਰ ਸਿੰਘ ਦੇ ਨਾਮ ’ਤੇ ਯਾਦਗਾਰ ਬਣਾਉਣ ਸਮੇਤ ਹੋਰ ਮੰਗਾਂ ਮਨਜ਼ੂਰ ਹੋਣ ਤੋਂ ਬਾਅਦ ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਰਾਜਨੀਤਿਕ ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨੇ ਸ਼ਾਮਲ ਹੋ ਕੇ ਮਹਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਨਾਹਰ, ਸੂਬਾ ਸਕੱਤਰੇਤ ਮੈਂਬਰ ਡਾ. ਸਰਬਜੀਤ ਮੁਠੱਡਾ, ਸੂਬਾ ਕਮੇਟੀ ਮੈਂਬਰ ਮਨੋਹਰ ਗਿੱਲ, ਸੰਤੋਖ ਸਿੰਘ ਬਿਲਗਾ, ਤਹਿਸੀਲ ਸ਼ਾਹਕੋਟ ਦੇ ਸਕੱਤਰ ਨਿਰਮਲ ਮਲਸੀਆਂ, ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜਰ ਖੁਰਲਾਪੁਰ ਤੇ ਰਾਮ ਸਿੰਘ ਕੈਮਵਾਲਾ ਨੇ ਸੂਹਾ ਝੰਡਾ ਪਾ ਕੇ ਇਨਕਲਾਬੀ ਢੰਗ ਨਾਲ ਉਨ੍ਹਾਂ ਨੂੰ ਵਿਦਾਇਗੀ ਦਿੱਤੀ। ਇਸ ਮੌਕੇ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪੇਂਡੂ ਮਜ਼ਦੂਰ ਯੂਨੀਅਨ ਦੇ ਤਰਸੇਮ ਪੀਟਰ, ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਮੰਡ, ਸੰਦੀਪ ਅਰੋੜਾ, ਮਹਿੰਦਰ ਪਾਲ ਸਿੰਘ ਟੁਰਨਾ, ਜੁਗਿੰਦਰ ਸਿੰਘ ਵੇਹਰਾ, ਜੁਗਿੰਦਰ ਸਿੰਘ ਬੂਟੇ ਦੀਆਂ ਛੰਨਾ, ਕਰਨੈਲ ਸਿੰਘ, ਸਵਰਨ ਰੱਤੂ, ਤਾਰਾ ਸਿੰਘ ਥੰਮੂਵਾਲ, ਵਿਜੈ ਬਾਠ, ਕੁਲਦੀਪ ਵਾਲੀਆ, ਸਰਪੰਚ ਪੰਜਾ ਸਿੰਘ ਰਾਏਪੁਰ ਅਰੀਆਂ ਤੇ ਜਗੀਰ ਸਿੰਘ ਮਹਿਤਪੁਰ ਸਮੇਤ ਹੋਰ ਕਈ ਪਿੰਡ ਵਾਸੀ ਵੀ ਹਾਜ਼ਰ ਸਨ। ਇਸ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਝੰਡੇ ਪਾ ਕੇ ਮਹਿੰਦਰ ਸਿੰਘ ਨੂੰ ਸਲਾਮੀ ਦਿੱਤੀ ਗਈ।