ਜ਼ਮੀਨ ’ਤੇ ਕਬਜ਼ੇ ਸਬੰਧੀ ਅੰਗੂਰਾਲ ਨੇ ਡੀਸੀ ਤੇ ਮੇਅਰ ਨੂੰ ਦਿੱਤੀ ਸ਼ਿਕਾਇਤ
ਡੀਸੀ ਤੇ ਮੇਅਰ ਨੂੰ ਭਾਰਗ੍ਹ ਨਗਰ ’ਚ ਕੇਂਦਰ ਸਰਕਾਰ ਦੀ ਜ਼ਮੀਨ ’ਤੇ ਕਬਜ਼ੇ ਸਬੰਧੀ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਵੱਲੋਂ ਸ਼ਿਕਾਇਤ
Publish Date: Tue, 24 Feb 2026 07:47 PM (IST)
Updated Date: Tue, 24 Feb 2026 07:49 PM (IST)

-ਕਿਹਾ, ਕਮੇਟੀ ਬਣਾ ਕੇ ਮਲਕੀਅਤ ਦੀ ਜਾਂਚ ਮਗਰੋਂ ਹੀ ਹੋਵੇ ਉਸਾਰੀ -ਕੇਂਦਰ ਤੇ ਪੰਜਾਬ ਸਰਕਾਰ ਦੇ ਸਬੰਧਤ ਵਿਭਾਗਾਂ ਨੂੰ ਭੇਜੀ ਸ਼ਿਕਾਇਤ ਦੀ ਕਾਪੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭਾਰਗੋ ਨਗਰ ਥਾਣੇ ਦੇ ਨੇੜੇ ਕੇਂਦਰ ਸਰਕਾਰ ਦੀ ਜ਼ਮੀਨ ’ਤੇ ਹੋ ਰਹੇ ਗ਼ੈਰ-ਕਾਨੂੰਨੀ ਨਿਰਮਾਣ ਨੂੰ ਲੈ ਕੇ ਵੈਸਟ ਹਲਕੇ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ ਦੀ ਅਗਵਾਈ ’ਚ ਮੰਗਲਵਾਰ ਨੂੰ ਡੀਸੀ ਡਾ. ਹਿਮਾਂਸ਼ੂ ਅਗਰਵਾਲ ਤੇ ਮੇਅਰ ਵਨੀਤ ਧੀਰ ਨਾਲ ਜ਼ਿਲ੍ਹਾ ਭਾਜਪਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ ਤੇ ਕੌਂਸਲਰਾਂ ਸਮੇਤ ਮੁਲਾਕਾਤ ਕੀਤੀ ਗਈ। ਸ਼ੀਤਲ ਅੰਗੂਰਾਲ ਨੇ ਦੋਵਾਂ ਨੂੰ ਲਿਖਤੀ ਸ਼ਿਕਾਇਤ ਦੇ ਨਾਲ ਪੰਜਾਬ ਸਰਕਾਰ ਦੇ ਚੀਫ਼ ਸਕੱਤਰ, ਡੀਸੀ ਤੇ ਸੈਕਟਰੀ ਲੋਕਲ ਬਾਡੀਜ਼ ਵੱਲੋਂ ਨਿਗਮ ਕਮਿਸ਼ਨਰ ਨੂੰ ਇਸ ਵਿਵਾਦਿਤ ਕੇਂਦਰੀ ਸਰਕਾਰੀ ਜ਼ਮੀਨ ’ਤੇ ਕਿਸੇ ਵੀ ਤਰ੍ਹਾਂ ਦਾ ਨਿਰਮਾਣ ਨਾ ਕਰਨ ਦੇ ਲਿਖਤੀ ਹੁਕਮਾਂ ਦੀ ਕਾਪੀ ਤੇ ਨਕਸ਼ਾ ਵੀ ਸੌਂਪਿਆ। ਅੰਗੂਰਾਲ ਨੇ ਡੀਸੀ ਨੂੰ ਦੱਸਿਆ ਕਿ ਜੋ ਲੋਕ 1992 ਦੀ ਰਜਿਸਟਰੀ ਦਾ ਦਾਅਵਾ ਕਰ ਰਹੇ ਹਨ, ਉਨ੍ਹਾਂ ਦੀ ਨਿਸ਼ਾਨਦੇਹੀ ਰਜਿਸਟਰੀ ’ਤੇ ਸਾਈਟ ਤੇ ਖਸਰਾ ਨੰਬਰ ਕਿੱਥੋਂ ਦੇ ਹਨ ਤੇ ਇਸ ਕੇਂਦਰ ਸਰਕਾਰ ਦੀ ਜ਼ਮੀਨ ’ਤੇ ਉਨ੍ਹਾਂ ਦੀ ਮਲਕੀਅਤ ਕਿਸ ਦਸਤਾਵੇਜ਼ ਦੇ ਆਧਾਰ ’ਤੇ ਪੇਸ਼ ਹੋਈ ਹੈ, ਇਸ ਦੀ ਵੀ ਜਾਂਚ ਕੀਤੀ ਜਾਵੇ। ਜੇ ਕੁਝ ਵੀ ਗਲਤ ਮਿਲਦਾ ਹੈ ਤਾਂ ਤੁਰੰਤ ਇੰਤਕਾਲ ਤੇ ਰਜਿਸਟਰੀ ਰੱਦ ਕਰਕੇ ਮੁਲਜ਼ਮ ਅਧਿਕਾਰੀਆਂ ਸਮੇਤ ਗੈਰ-ਕਾਨੂੰਨੀ ਕਬਜ਼ਾਧਾਰੀਆਂ ਤੇ ਉਨ੍ਹਾਂ ਨੂੰ ਸਹਾਇਤਾ ਦੇ ਕੇ ਸਰਕਾਰੀ ਜ਼ਮੀਨ ’ਤੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਦੀ ਵੀ ਜਾਂਚ ਕਰਵਾ ਕੇ ਡੀਸੀ ਤੇ ਮੇਅਰ ਵੱਲੋਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜ਼ਿਲ੍ਹਾ ਭਾਜਪਾ ਦੇ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ ਨੇ ਡੀਸੀ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੀ ਮਲਕੀਅਤ ਵਾਲੀ ਜ਼ਮੀਨ ਸਬੰਧੀ ਏਡੀਸੀ ਦੀ ਅਗਵਾਈ ’ਚ ਰੈਵੀਨਿਊ ਵਿਭਾਗ, ਨਗਰ ਨਿਗਮ ਤੇ ਪੁਲਿਸ ਵਿਭਾਗ ਦੀ ਜੁਆਇੰਟ ਐਕਸ਼ਨ ਕਮੇਟੀ ਬਣਾਈ ਜਾਵੇ, ਜੋ ਮਲਕੀਅਤ, ਕਬਜ਼ੇ, ਰਜਿਸਟਰੀ ਤੇ ਨਿਸ਼ਾਨਦੇਹੀ ਵਰਗੇ ਹਰ ਪੱਖ ਦੀ ਜਾਂਚ ਕਰੇ। ਇਸ ਤੋਂ ਬਾਅਦ ਹੀ ਇਸ ਵਿਵਾਦਿਤ ਜ਼ਮੀਨ ’ਤੇ ਕੋਈ ਨਿਰਮਾਣ ਕੀਤਾ ਜਾਵੇ। ਐਡਵੋਕੇਟ ਹਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਸਬੰਧਤ ਵਿਭਾਗਾਂ ਨੂੰ ਵੀ ਸ਼ਿਕਾਇਤ ਦੀਆਂ ਕਾਪੀਆਂ ਭੇਜ ਦਿੱਤੀਆਂ ਗਈਆਂ ਹਨ ਤਾਂ ਜੋ ਕੋਈ ਵੀ ਲੈਂਡ ਮਾਫੀਆ ਸਰਕਾਰੀ ਜ਼ਮੀਨ ’ਤੇ ਕਬਜ਼ਾ ਨਾ ਕਰ ਸਕੇ। ਇਸ ਮੌਕੇ ਵੈਸਟ ਵਿਧਾਨ ਸਭਾ ਹਲਕੇ ਤੋਂ ਭਾਜਪਾ ਕੌਂਸਲਰ ਤਰਵਿੰਦਰ ਸੋਈ, ਕੌਂਸਲਰ ਅਜੈ ਬਬਲ, ਕੌਂਸਲਰ ਪਤੀ ਦਰਸ਼ਨ ਭਗਤ ਤੇ ਅਮਿਤ ਸੰਧਾ, ਕ੍ਰਿਸ਼ਨ ਮਿਨੀਆ, ਸੰਦੀਪ ਪਾਹਵਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਦੀ ਜ਼ਮੀਨ ’ਤੇ ਗ਼ੈਰ-ਕਾਨੂੰਨੀ ਕਬਜ਼ੇ ਦੀ ਬਜਾਏ ਗਰੀਬ, ਜ਼ਰੂਰਤਮੰਦ ਤੇ ਬੇਘਰ ਲੋਕਾਂ ਲਈ ਰਹਿਣ ਵਾਸਤੇ ਮਕਾਨ ਜਾਂ ਫਲੈਟ ਬਣਾਏ ਜਾਣ, ਜੋ ਭਾਰਗੋ ਨਗਰ ਤੇ ਆਸ-ਪਾਸ ਦੇ ਲੋਕਾਂ ਦੇ ਸੁਖ-ਦੁੱਖ ’ਚ ਕੰਮ ਆ ਸਕਣ।