ਭੋਗਪੁਰ ਦਾਣਾ ਮੰਡੀ ’ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ
ਭੋਗਪੁਰ ਦਾਣਾ ਮੰਡੀ ’ਚ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਆਗਾਜ਼
Publish Date: Fri, 17 Apr 2026 06:34 PM (IST)
Updated Date: Fri, 17 Apr 2026 06:36 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖਰੀਦਣ ਦੇ ਵਾਅਦੇ ਤਹਿਤ ਵੀਰਵਾਰ ਨੂੰ ਦਾਣਾ ਮੰਡੀ ਭੋਗਪੁਰ ’ਚ ਕਣਕ ਦੀ ਸਰਕਾਰੀ ਖਰੀਦ ਦਾ ਰਸਮੀ ਆਗਾਜ਼ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਆਦਮਪੁਰ ਦੇ ਇੰਚਾਰਜ ਪਵਨ ਕੁਮਾਰ ਟੀਨੂੰ, ਸੰਗਠਨ ਇੰਚਾਰਜ ਪਰਮਜੀਤ ਪੰਮਾ, ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਰਾਜਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਦਿਆਲ ਸਿੰਘ ਜੱਸ ਅਤੇ ਮਾਰਕੀਟ ਕਮੇਟੀ ਭੋਗਪੁਰ ਦੇ ਚੇਅਰਮੈਨ ਵਰਕਤ ਰਾਮ ਹਾਜ਼ਰ ਰਹੇ। ਰਸਮੀ ਸ਼ੁਰੂਆਤ ਬਸੰਤ ਟਰੇਡਰਜ਼ ਦੀ ਦੁਕਾਨ ‘ਤੇ ਕਿਸਾਨ ਜੋਗਾ ਸਿੰਘ (ਵਾਸੀ ਬਹਿਰਾਮ) ਦੀ ਕਣਕ ਦੀ ਫ਼ਸਲ ਦੀ ਖਰੀਦ ਨਾਲ ਕੀਤੀ ਗਈ। ਇਸ ਮੌਕੇ ਪਵਨ ਕੁਮਾਰ ਟੀਨੂੰ ਨੇ ਭਰੋਸਾ ਦਿਵਾਇਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਪੀਣ ਵਾਲੇ ਸਾਫ਼ ਪਾਣੀ, ਬਿਜਲੀ ਅਤੇ ਬਾਰਦਾਨੇ ਸਮੇਤ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਕਿਸਾਨ ਆਪਣੀ ਫ਼ਸਲ ਆਸਾਨੀ ਨਾਲ ਵੇਚ ਸਕਣ। ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਨਗਰੇਨ ਅਤੇ ਹੋਰ ਖਰੀਦ ਏਜੰਸੀਆਂ ਵੱਲੋਂ ਵੱਖ-ਵੱਖ ਟਰੇਡਰਜ਼ ਤੋਂ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ। ਟੀਨੂੰ ਨੇ ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਫ਼ਸਲ ਦੀ ਤੁਲਾਈ ਅਤੇ ਲਿਫਟਿੰਗ ਦੇ ਕੰਮ ਵਿੱਚ ਕੋਈ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਫ਼ਸਲ ਦੀ ਅਦਾਇਗੀ ਨਿਰਧਾਰਿਤ ਸਮੇਂ ਅੰਦਰ ਉਨ੍ਹਾਂ ਦੇ ਖਾਤਿਆਂ ਵਿੱਚ ਯਕੀਨੀ ਬਣਾਈ ਜਾਵੇਗੀ। ਕਿਸਾਨਾਂ ਨੇ ਸਰਕਾਰ ਵੱਲੋਂ ਕੀਤੇ ਗਏ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ ਅਤੇ ਆੜ੍ਹਤੀਆਂ ਨੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਵਿੰਦਰ ਸਿੰਘ (ਏ.ਐੱਫ.ਐੱਸ.ਓ.), ਰਜਨੀਸ਼, ਵਿਸ਼ਾਲ ਰਾਣਾ (ਮਾਰਕਫੈੱਡ), ਕਰਮਜੀਤ ਸਿੰਘ (ਸੈਕਟਰੀ ਮਾਰਕੀਟ ਕਮੇਟੀ), ਬੂਟਾ ਸਿੰਘ ਟੀਟੂ, ਰਾਮੇਸ਼ ਚੰਦਰ ਵੈਦ, ਡਾ. ਕਮਲ ਐਮ.ਸੀ., ਬਲਵਿੰਦਰ ਭੰਡਾਰੀ, ਸਰਪੰਚ ਮਨਿੰਦਰ ਸਿੰਘ ਗੇਹਲਣਾ ਤੇ ਰਜਿੰਦਰ ਸਿੰਘ (ਮੰਡੀ ਬੋਰਡ) ਆਦਿ ਵੀ ਹਾਜ਼ਰ ਸਨ।