ਅਮਰਜੀਤ ਸਿੰਘ ਵੇਹਗਲ, ਪੰਜਾਬੀ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ:
ਦਿਨੋਂ-ਦਿਨ ਲੁਟੇਰਿਆਂ ਦਾ ਖੌਫ ਵੱਧਦਾ ਹੀ ਜਾ ਰਿਹਾ ਹੈ। ਬਹੁਤੀਆਂ ਥਾਵਾਂ ’ਤੇ ਲੁਟੇਰੇ ਡਰਾ ਧਮਕਾ ਕੇ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ ਪਰ ਜਲੰਧਰ ਦੇ ਥਾਣਾ ਡਵੀਜ਼ਨ ਇਕ ਅਧੀਨ ਆਉਂਦੇ ਨੰਦਨਪੁਰ ਰੋਡ ਮਕਸੂਦਾਂ ’ਚ ਸਥਿਤ ਕੇਪੀ ਪ੍ਰਾਪਰਟੀ ਐਡਵਾਈਜ਼ਰ ਤੇ ਮਨੀ ਗ੍ਰਾਮ ਐਕਸਚੇਂਜਰ ਦੇ ਮਾਲਕ ਤੇਜਿੰਦਰ ਸਿੰਘ ਨੂੰ ਨੌਜਵਾਨ ਲੁਟੇਰੇ ਵੱਲੋਂ ਪਹਿਲਾਂ ਪੈਰੀ ਹੱਥ ਲਾ ਕੇ ਆਸ਼ੀਰਵਾਦ ਲਿਆ ਤੇ ਫਿਰ ਲੁੱਟ ਦਾ ਸ਼ਿਕਾਰ ਬਣਾਉਣ ਲਈ ਮੱਥੇ ’ਤੇ ਪਿਸਤੌਲ ਤਾਣ ਦਿੱਤੀ। ਇਸ ਸਬੰਧੀ ਲੁੱਟ ਦਾ ਸ਼ਿਕਾਰ ਹੋਏ ਫੌਜ ’ਚੋਂ ਸੇਵਾ ਮੁਕਤ ਹੋਏ ਤਜਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ 2.55 ’ਤੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਸ ਦੀ ਦੁਕਾਨ ਦੇ ਬਾਹਰ ਆ ਕੇ ਖੜ੍ਹੇ ਹੋਏ, ਜਿਨ੍ਹਾਂ ਵਿੱਚੋਂ ਇਕ ਨੌਜਵਾਨ ਲੁਟੇਰਾ ਮੋਟਰਸਾਈਕਲ ’ਤੇ ਬਾਹਰ ਖੜ੍ਹਾ ਰਿਹਾ। ਇੱਕ ਨੌਜਵਾਨ ਦੁਕਾਨ ਦੇ ਅੰਦਰ ਆ ਕੇ ਉਸਨੂੰ ਕਹਿਣ ਲੱਗਾ ਕਿ ਉਸ ਦਾ ਯੂਰਪ ਦਾ ਵੀਜ਼ਾ ਲੱਗ ਗਿਆ ਹੈ ਤੇ ਉਸ ਨੂੰ 600 ਯੂਰੋ ਨਕਦ ਦੇ ਦਿਓ। ਇਸ ਬਦਲੇ ਸਕੈਨ ਕਰ ਕੇ ਆਨਲਾਈਨ ਪੇਮੈਂਟ ਕਰ ਦੇਵੇਗਾ। ਉਸ ਨੇ ਦੱਸਿਆ ਕਿ ਜਦੋਂ ਉਸ ਨੌਜਵਾਨ ਨੇ ਉਨ੍ਹਾਂ ਦਾ ਮੋਬਾਈਲ ਲੈ ਕੇ ਬਾਰਕੋਡ ਸਕੈਨ ਕੀਤਾ ਤਾਂ ਉਸੇ ਵਕਤ ਮੋਬਾਈਲ ’ਤੇ ਜਾਅਲੀ ਪੇਮੈਂਟ ਟਰਾਂਸਫਰ ਹੋਈ ਦਿਖਾ ਦਿੱਤੀ। ਉਨ੍ਹਾਂ ਉਸੇ ਵਕਤ 600 ਯੂਰੋ ਉਸ ਨੂੰ ਦੇਣ ਲਈ ਟੇਬਲ ’ਤੇ ਰੱਖ ਦਿੱਤੇ ਅਤੇ ਇੰਨੇ ਨੂੰ ਲੁਟੇਰੇ ਨੇ ਪਾਣੀ ਪੀਣ ਦੀ ਮੰਗ ਕੀਤੀ ਤੇ ਪਾਣੀ ਪੀਣ ਉਪਰੰਤ ਜਦੋਂ ਉਸ ਨੂੰ ਪੇਮੈਂਟ ਟਰਾਂਸਫਰ ਨਾ ਹੋਣ ਸਬੰਧੀ ਦਸ ਕੇ ਨਕਦੀ ਦੀ ਮੰਗ ਕੀਤੀ ਤਾਂ ਨੌਜਵਾਨ ਨੇ ਪਿਸਤੌਲ ਕੱਢ ਕੇ ਉਸਦੇ ਮੱਥੇ ’ਤੇ ਤਾਣ ਦਿੱਤੀ ਤੇ ਕਿਹਾ ਕਿ ਆਪਣੀ ਜ਼ਿੰਦਗੀ ਪਿਆਰੀ ਹੈ ਜਾਂ ਨਕਦੀ।
ਪੀੜਤ ਤਜਿੰਦਰ ਸਿੰਘ ਨੇ ਦੱਸਿਆ ਕਿ ਦੱਸਿਆ ਕਿ ਉਸਨੇ ਆਪਣੀ ਜਾਨ ਬਚਾਉਣ ਲਈ ਹਲੀਮੀ ਵਰਤੀ ਅਤੇ ਉਸ ਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਬਿਨਾਂ ਸ਼ਰਤ 600 ਯੂਰੋ ਲਿਜਾਣ ਲਈ ਕਹਿ ਦਿੱਤਾ ਅਤੇ ਜਿਵੇਂ ਹੀ ਉਹ 600 ਯੂਰੋ ਚੁੱਕ ਕੇ ਪਿੱਛੇ ਮੁੜਿਆ ਤਾਂ ਉਸ ਨੇ ਹੁਸ਼ਿਆਰੀ ਨਾਲ ਉਸ ਨੂੰ ਕਾਬੂ ਕਰ ਲਿਆ। ਪਿਸਤੌਲ ਖੋਹ ਲਈ ਤਾਂ ਲੁਟੇਰਾ ਛੁੱਟ ਕੇ ਫ਼ਰਾਰ ਹੋ ਗਿਆ। ਜਦਕਿ ਉਸ ਵੱਲੋਂ ਉਸੇ ਪਿਸਤੌਲ ਨਾਲ ਵਾਰ ਕਰਨ ਦੀ ਕੋਸ਼ਿਸ਼ ਤਾਂ ਪਤਾ ਲੱਗਾ ਉਹ ਖਿਡਾਉਣਾ ਪਿਸਤੌਲ ਸੀ। ਉਸਨੇ ਉਹ ਪਿਸਤੌਲ ਹੀ ਵਗਾਹ ਕੇ ਮਾਰਨ ਲਈ ਸੁੱਟੀ ਤੇ ਲੁਟੇਰੇ ਉਸ ਦੇ ਵਾਰ ਤੋਂ ਬਚ ਕੇ ਫਰਾਰ ਹੋ ਗਏ।
---
ਪੰਜ ਮਿੰਟ ਤੱਕ ਪੁਲਿਸ ਸਹਾਇਤਾ ਕੇਂਦਰ ਨੂੰ ਕਰਦਾ ਰਿਹਾ ਫੋਨ
ਤੇਜਿੰਦਰ ਸਿੰਘ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਉਹ ਪੰਜ ਮਿੰਟ ਤੱਕ ਪੁਲਿਸ ਸਹਾਇਤਾ ਕੇਂਦਰ ਤੇ ਵੱਖ-ਵੱਖ ਪੁਲਿਸ ਅਧਿਕਾਰੀਆਂ ਨੂੰ ਟੈਲੀਫੋਨ ਕਰਦਾ ਰਿਹਾ ਪਰ ਨਾ ਤਾਂ ਪੁਲਿਸ ਸਹਾਇਤਾ ਕੇਂਦਰ ਅਤੇ ਕਿਸੇ ਅਧਿਕਾਰੀ ਵੱਲੋਂ ਵੀ ਉਸ ਦਾ ਟੈਲੀਫੋਨ ਅਟੈਂਡ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਉਸਨੇ ਆਪਣੇ ਜਾਣਕਾਰ ਐੱਸਐੱਸਪੀ ਦੇ ਰੀਡਰ ਨੂੰ ਜਾਣਕਾਰੀ ਦਿੱਤੀ। ਉਸ ਵੱਲੋਂ ਸਹਾਇਤਾ ਲਈ ਤੁਰੰਤ ਉਸ ਕੋਲ ਆਪਣੇ ਭਰਾ ਨੂੰ ਭੇਜਿਆ ਤੇ ਉਸ ਦੇ ਭਰਾ ਨੇ ਮੌਕੇ ਤੇ ਵੱਖ-ਵੱਖ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰਕੇ ਪੁਲਿਸ ਨੂੰ ਮੌਕੇ ’ਤੇ ਬੁਲਾਇਆ।
----
ਪੁਲਿਸ ’ਤੇ ਲਾਏ ਖਾਨਾਪੂਰਤੀ ਦੇ ਦੋਸ਼
ਤਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਸ ਨਾਲ ਵਾਰਦਾਤ ਹੋਣ ਉਪਰੰਤ ਪੁਲਿਸ ਨੇ ਸਿਰਫ ਕਾਗਜ਼ੀ ਕਾਰਵਾਈ ਕਰਕੇ ਖਾਨਾਪੂਰਤੀ ਹੀ ਕੀਤੀ ਹੈ ਜਦਕਿ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ। ਉਸ ਦਾ ਕਹਿਣਾ ਹੈ ਕਿ ਉਹ ਬੀਪੀ ਦਾ ਮਰੀਜ਼ ਹੈ ਤੇ ਉਹ ਘਬਰਾਇਆ ਹੋਇਆ ਹੈ। ਲੁਟੇਰਿਆਂ ਕੋਲੋਂ ਖੋਹੀ ਹੋਈ ਪਿਸਤੌਲ ਉਸ ਨੇ ਪੁਲਿਸ ਹਵਾਲੇ ਕਰ ਦਿੱਤੀ ਹੈ।
---
ਲੁੱਟ ਮਗਰੋਂ ਮਕਸੂਦਾਂ ਚੌਕ ਵੱਲ ਫ਼ਰਾਰ ਹੋਏ ਲੁਟੇਰੇ
ਉਨ੍ਹਾਂ ਦੱਸਿਆ ਕਿ ਜਾਂਦੇ ਹੋਏ ਲੁਟੇਰਿਆਂ ਦਾ ਜਦ ਉਸਨੇ ਪਿੱਛੇ ਕੀਤਾ ਤਾਂ ਉਸਨੇ ਦੇਖਿਆ ਕਿ ਲੁਟੇਰਿਆਂ ਦੇ ਮੋਟਰਸਾਈਕਲ ’ਤੇ ਧਾਰਮਿਕ ਨਿਸ਼ਾਨ ਇਕ ਓਂਕਾਰ ਦਾ ਸਟੀਕਰ ਲੱਗਾ ਹੋਇਆ ਸੀ। ਲੁਟੇਰੇ ਜਾਂਦੇ ਹੋਏ ਮਕਸੂਦਾਂ ਚੌਂਕ ਵੱਲ ਫਰਾਰ ਹੋ ਗਏ।
---
ਪਹਿਲਾਂ ਵੀ ਹੋਈ ਸੀ ਦੁਕਾਨ ’ਤੇ ਚੋਰੀ
ਉਸ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਕੁਝ ਹੀ ਫਰਲਾਂਗਾਂ ’ਤੇ ਦੂਰੀ ’ਤੇ ਉਨ੍ਹਾਂ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਕੇ ਕੰਪਿਊਟਰ, ਪ੍ਰਿੰਟਰ ਤੇ ਨਕਦੀ ਚੋਰੀ ਕਰ ਲਈ ਸੀ।
---
ਤਿੰਨ ਘੰਟੇ ਬਾਅਦ ਬਜ਼ੁਰਗ ਨੂੰ ਬਣਾਇਆ ਲੁੱਟ ਦਾ ਸ਼ਿਕਾਰ
ਮਨੀ ਗ੍ਰਾਮ ਐਕਸਚੇਂਜਰ ਦੇ ਮਾਲਕ ਨੂੰ ਲੁੱਟਣ ਤੋਂ ਤਿੰਨ ਘੰਟੇ ਬਾਅਦ ਲੁਟੇਰਿਆਂ ਵੱਲੋਂ ਉਸੇ ਥਾਂ ਤੋਂ ਕੁਝ ਹੀ ਦੂਰੀ ’ਤੇ ਪੈਂਦੇ ਥਾਣਾ ਡਵੀਜ਼ਨ ਇਕ ਅਧੀਨ ਨੰਦਨਪੁਰ ਰੋਡ ’ਤੇ ਸੈਰ ਕਰ ਰਹੇ ਬਜ਼ੁਰਗ ਨੂੰ ਲੁੱਟ ਦਾ ਸ਼ਿਕਾਰ ਬਣਾਇਆ। ਸ਼ਾਮ ਨੂੰ ਤਕਰੀਬਨ 6 ਵਜੇ ਸੈਰ ਕਰ ਰਹੇ ਬਜ਼ੁਰਗ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਸ਼ਾਮ ਨੂੰ ਪਤਨੀ ਸਮੇਤ ਸੈਰ ਕਰਦੇ ਹਨ ਪਰ ਅੱਜ ਉਹ ਇਕੱਲੇ ਹੀ ਸੈਰ ਕਰਨ ਗਏ ਸੀ ਤਾਂ ਜਿਵੇਂ ਹੀ ਉਹ ਨੰਦਨਪੁਰ ਰੋਡ ’ਤੇ ਪੁੱਜੇ ਤਾਂ ਦੋ ਮੋਟਰਸਾਈਕਲਾਂ ’ਤੇ ਨਕਾਬਪੋਸ਼ ਤਿੰਨ ਨੌਜਵਾਨਾਂ ਅਤੇ ਇਕ ਮੁਟਿਆਰ ਨੇ ਇਹ ਕਹਿ ਕੇ ਰੋਕਿਆ ਕਿ ਉਨ੍ਹਾਂ ਨੂੰ ਬਿਆਸ ਜਾਣ ਦਾ ਰਸਤਾ ਦੱਸ ਦਿਓ। ਉਸ ਨੇ ਕਿਹਾ ਉਨ੍ਹਾਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ। ਇਸ ਦੌਰਾਨ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਕੱਢ ਕੇ ਧਮਕਾਇਆ ਕਿ ਉਸ ਦੇ ਹੱਥ ’ਚ ਪਾਈ ਹੋਈ ਸੋਨੇ ਦੀ ਮੁੰਦਰੀ ਦੇ ਦੇਵੇ ਨਹੀਂ ਤਾਂ ਉਹ ਉਸ ਦਾ ਕਤਲ ਕਰ ਦੇਣਗੇ। ਘਬਰਾਏ ਹੋਏ ਨੇ ਦੋ ਤੋਲਿਆਂ ਦੀ ਸੋਨੇ ਦੀ ਮੁੰਦਰੀ ਉਤਾਰ ਕੇ ਦੇ ਉਨ੍ਹਾਂ ਨੂੰ ਦੇ ਦਿੱਤੀ ਤੇ ਮੋਟਰਸਾਈਕਲ ਸਵਾਰ ਲੁਟੇਰੇ ਨੰਦਨਪੁਰ ਪਿੰਡ ਵੱਲ ਫਰਾਰ ਹੋ ਗਏ। ਇਸ ਸਬੰਧੀ ਥਾਣਾ ਡਵੀਜ਼ਨ ਇੱਕ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਰੀ ਘਟਨਾ ਨੰਦਨਪੁਰ ਰੋਡ ’ਤੇ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋਈ ਹੈ। ਫੁਟੇਜ ਖੰਘਾਲਣ ਲਈ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ।
---
ਜਾਂਚ ਲਈ ਪੁਲਿਸ ਟੀਮਾਂ ਦਾ ਗਠਨ
ਇਸ ਸਬੰਧੀ ਥਾਣਾ ਇਕ ਦੇ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਦੋ ਘਟਨਾਵਾਂ ਦੀ ਗੁੱਥੀ ਸੁਲਝਾਉਣ ਲਈ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਜਾਂਚ ਕੀਤੀ ਜਾ ਰਹੀ ਹੈ। ਆਸ ਪਾਸ ਦੇ ਇਲਾਕਿਆਂ ਵਿੱਚ ਲੱਗੇ ਹੋਏ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ।
---
ਕੌਂਸਲਰ ਨੇ ਪੁਲਿਸ ਗਸ਼ਤ ਵਧਾਉਣ ਦੀ ਕੀਤੀ ਮੰਗ
ਇਲਾਕੇ ਦੇ ਕੌਂਸਲਰ ਡਾ. ਗੁਰਚਰਨ ਸਿੰਘ ਭਮਰਾ ਵੱਲੋਂ ਇਲਾਕੇ ਵਿਚ ਇੱਕੋ ਦਿਨ ਦੋ ਥਾਵਾਂ ’ਤੇ ਹੋਈ ਵਾਰਦਾਤ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪੁਲਿਸ ਪ੍ਰਸ਼ਾਸਨ ਕੋਲੋਂ ਇਲਾਕੇ ਵਿਚ ਗਸ਼ਤ ਵਧਾਉਣ ਦੀ ਮੰਗ ਕੀਤੀ ਗਈ ਹੈ।