ਕੱਚੇ ਮਾਲ ਦੀਆਂ ਕੀਮਤਾਂ ਵਧਣ ਨਾਲ ਫੁੱਟਵੇਅਰ ਇੰਡਸਟਰੀ ਨੇ 40 ਫੀਸਦੀ ਤੱਕ ਵਧਾਏ ਦਾਮ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਈਰਾਨ-ਇਜ਼ਰਾਇਲ ਯੁੱਧ ਦੇ ਕਾਰਨ ਜਿੱਥੇ ਸ਼ਿਪਮੈਂਟ ਮਹਿੰਗੀ ਹੋ ਚੁੱਕੀ ਹੈ, ਉੱਥੇ ਹਰ ਇਕ ਉਦਯੋਗ ਦੇ ਕਾਰੋਬਾਰ ’ਤੇ ਇਸ ਦਾ ਅਸਰ ਪਿਆ ਹੈ। ਫੁਟਵੇਅਰ ਇੰਡਸਟਰੀ ਵੀ ਇਸ ਤੋਂ ਅਛੂਤੀ ਨਹੀਂ ਰਹੀ। ਸਾਊਦੀ ਤੇ ਮਿਡਲ ਈਸਟ ਦੇਸ਼ਾਂ ਤੋਂ ਆਉਣ ਵਾਲੇ ਕੱਚੇ ਮਾਲ ਦੀਆਂ ਵਧੀਆਂ ਕੀਮਤਾਂ ਕਾਰਨ ਫੁਟਵੇਅਰ ਇੰਡਸਟਰੀ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ’ਚ ਲਗਭਗ 40 ਫੀਸਦੀ ਵਾਧਾ ਕਰ ਦਿੱਤਾ ਹੈ। ਕੀਮਤਾਂ ਵਧਾਉਣ ਦੇ ਬਾਵਜੂਦ ਵੀ ਇੰਡਸਟਰੀ ਲਈ ਟਿਕੇ ਰਹਿਣਾ ਮੁਸ਼ਕਲ ਹੋ ਰਿਹਾ ਹੈ, ਜਿਸ ਦਾ ਮੁੱਖ ਕਾਰਨ ਕੱਚੇ ਮਾਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਹਨ। ਇਸ ਦੇ ਨਾਲ ਹੀ ਸ਼ਿਪਮੈਂਟ, ਕੋਰੀਅਰ ਚਾਰਜ ਤੇ ਇੰਸ਼ੋਰੈਂਸ ਦੇ ਖਰਚੇ ਵੀ ਕਾਫੀ ਵਧ ਗਏ ਹਨ। ਇੰਡਸਟਰੀ ਅਨੁਸਾਰ ਆਉਣ ਵਾਲੇ ਦਿਨਾਂ ’ਚ ਕੀਮਤਾਂ ’ਚ ਹੋਰ 10 ਤੋਂ 15 ਫੀਸਦੀ ਵਾਧਾ ਕੀਤਾ ਜਾ ਸਕਦਾ ਹੈ। ਫਿਲਹਾਲ 15 ਮਾਰਚ ਨੂੰ ਸਰਕੂਲਰ ਜਾਰੀ ਕਰਕੇ ਕੀਮਤਾਂ ਵਧਾਉਣ ਦੀ ਜਾਣਕਾਰੀ ਦਿੱਤੀ ਗਈ ਸੀ। ਹੁਣ ਖਰੀਦਦਾਰਾਂ ਨੂੰ ਫੁਟਵੇਅਰ 40 ਫੀਸਦੀ ਮਹਿੰਗੇ ਰੇਟਾਂ ‘ਤੇ ਮਿਲ ਰਹੇ ਹਨ। ਸਾਊਥ ਕੋਰੀਆ, ਸਾਊਦੀ ਅਰਬ, ਈਰਾਨ ਤੇ ਹੋਰ ਖਾੜੀ ਦੇਸ਼ਾਂ ਤੋਂ ਆਉਣ ਵਾਲੇ ਕੱਚੇ ਮਾਲ ਜਿਵੇਂ ਈਵੀਏ (ਇਕ ਕਿਸਮ ਦਾ ਪਲਾਸਟਿਕ ਪਾਲੀਮਰ), ਵੈਕਿਊਮ ਆਇਲ, ਵੈਕਸ, ਰੇਜ਼ਿਨ, ਰੰਗ, ਡੀਓਪੀ ਤੇ ਰਬੜ ਦੀਆਂ ਕੀਮਤਾਂ ’ਚ 40 ਤੋਂ 50 ਫੀਸਦੀ ਤੱਕ ਵਾਧਾ ਹੋ ਚੁੱਕਾ ਹੈ। ਇੰਡਸਟਰੀ ਦਾ ਮੰਨਣਾ ਹੈ ਕਿ ਜੇ ਕੱਚੇ ਮਾਲ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਕੀਮਤਾਂ ਹੋਰ ਵਧਾਉਣੀਆਂ ਪੈਣਗਈਆਂ। ਸੂਬੇ ’ਚ 370 ਤੋਂ ਵੱਧ ਇੰਡਸਟਰੀਆਂ ਹਨ ਜੋ ਹਰ ਸਾਲ ਲਗਭਗ 600 ਕਰੋੜ ਰੁਪਏ ਦਾ ਕਾਰੋਬਾਰ ਕਰਦੀਆਂ ਹਨ।
------------------------
ਰਬੜ ਫੁਟਵੇਅਰ ਮੈਨਿਊਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨੀਰਜ ਅਰੋੜਾ ਨੇ ਕਿਹਾ ਕਿ ਕੱਚੇ ਮਾਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ। ਇੰਡਸਟਰੀ ਪਹਿਲਾਂ ਹੀ 30 ਤੋਂ 40 ਫੀਸਦੀ ਤੱਕ ਕੀਮਤਾਂ ਵਧਾ ਚੁੱਕੀ ਹੈ, ਫਿਰ ਵੀ ਇੰਡਸਟਰੀ ਘਾਟੇ ’ਚ ਚੱਲ ਰਹੀ ਹੈ। ਉਤਪਾਦਨ ਲਾਗਤ ’ਤੇ ਵੀ ਇਸ ਦਾ ਸਿੱਧਾ ਅਸਰ ਪਿਆ ਹੈ। ਹੁਣ ਮਹਿੰਗੇ ਰੇਟਾਂ ’ਤੇ ਫੁਟਵੇਅਰ ਵੇਚਣਾ ਇੰਡਸਟਰੀ ਦੀ ਮਜਬੂਰੀ ਬਣ ਗਿਆ ਹੈ।
------------------------
ਪਰਫੈਕਟ ਪਾਲੀਮਰਜ਼ ਦੇ ਐੱਮਡੀ ਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਪਿਲ ਪੁੰਛੀ ਨੇ ਕਿਹਾ ਕਿ ਕੱਚਾ ਮਾਲ ਖਾੜੀ ਦੇਸ਼ਾਂ ਤੋਂ ਆਉਂਦਾ ਹੈ। ਕੱਚੇ ਮਾਲ ਦੇ ਨਾਲ ਨਾਲ ਸ਼ਿਪਮੈਂਟ, ਇੰਸ਼ੋਰੈਂਸ ਤੇ ਕੋਰੀਅਰ ਦੇ ਖਰਚੇ ਵੀ ਦੁੱਗਣੇ ਤੋਂ ਵੱਧ ਹੋ ਚੁੱਕੇ ਹਨ, ਜਿਸ ਦਾ ਸਿੱਧਾ ਅਸਰ ਫੁਟਵੇਅਰ ਉਦਯੋਗ ’ਤੇ ਪਿਆ ਹੈ। ਇੰਡਸਟਰੀ ਆਉਣ ਵਾਲੇ ਦਿਨਾਂ ’ਚ ਇਸ ਮਾਮਲੇ ’ਤੇ ਵਿਚਾਰ ਕਰੇਗੀ। ਜੇ ਕੱਚੇ ਮਾਲ ਦੀਆਂ ਕੀਮਤਾਂ ਹੋਰ ਵਧਦੀਆਂ ਹਨ ਤਾਂ ਉਤਪਾਦਾਂ ਦੀਆਂ ਕੀਮਤਾਂ ’ਚ ਫਿਰ ਵਾਧਾ ਕੀਤਾ ਜਾ ਸਕਦਾ ਹੈ। ਇੰਡਸਟਰੀ ਇੰਨਾ ਵੱਡਾ ਨੁਕਸਾਨ ਖੁਦ ਨਹੀਂ ਝੱਲ ਸਕਦੀ।