ਗੁਰੂ ਦੇ ਬੋਲ ਸ਼ਿਸ਼ ਨੂੰ ਸਫਲ ਬਣਾਉਂਦੇ ਨੇ : ਸਾਧਵੀ ਭਾਰਤੀ
ਗੁਰੂ ਦੀ ਆਗਿਆ ਦੀ ਪਾਲਣਾ ਕਰਨਾ ਹੀ ਸੱਚੇ ਸ਼ਿਸ਼ ਦਾ ਮੁੱਖ ਧਰਮ ਹੁੰਦਾ ਹੈ – ਸਾਧਵੀ ਸ਼ਸ਼ੀ ਪ੍ਰਭਾ ਭਾਰਤੀ
Publish Date: Tue, 24 Mar 2026 08:27 PM (IST)
Updated Date: Tue, 24 Mar 2026 08:28 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਬਿਧੀਪੁਰ ਆਸ਼ਰਮ ਵਿਖੇ ਸਪਤਾਹਿਕ ਸਤਸੰਗ ਸ਼ਰਧਾ, ਭਗਤੀ ਤੇ ਆਧਿਆਤਮਿਕ ਉਤਸ਼ਾਹ ਨਾਲ ਕਰਵਾਇਆ। ਇਸ ਪਵਿੱਤਰ ਮੌਕੇ ’ਤੇ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਹੋਏ ਤੇ ਸਤਸੰਗ ਸੁਣ ਕੇ ਆਪਣੇ ਜੀਵਨ ਨੂੰ ਆਧਿਆਤਮਿਕ ਊਰਜਾ ਨਾਲ ਭਰਪੂਰ ਕੀਤਾ। ਕਾਰਜਕ੍ਰਮ ਦੀ ਸ਼ੁਰੂਆਤ ਭਜਨ-ਕੀਰਤਨ ਨਾਲ ਹੋਈ, ਜਿਸ ’ਚ ਭਗਤਾਂ ਨੇ ਪ੍ਰਭੂ ਭਗਤੀ ’ਚ ਲੀਨ ਹੋ ਕੇ ਮਾਹੌਲ ਨੂੰ ਪੂਰੀ ਤਰ੍ਹਾਂ ਭਗਤੀਮਈ ਬਣਾ ਦਿੱਤਾ। ਇਸ ਤੋਂ ਬਾਅਦ ਸੰਸਥਾਨ ਦੇ ਸੰਚਾਲਕ ਗੁਰਦੇਵ ਆਸ਼ੁਤੋਸ਼ ਮਹਾਰਾਜ ਦੀ ਸ਼ਿਸ਼ਿਆ ਸਾਧਵੀ ਸ਼ਸ਼ੀ ਪ੍ਰਭਾ ਭਾਰਤੀ ਨੇ ਆਪਣੇ ਪ੍ਰੇਰਣਾਦਾਇਕ ਪ੍ਰਵਚਨਾਂ ਨਾਲ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ। ਆਪਣੇ ਸੰਬੋਧਨ ’ਚ ਸਾਧਵੀ ਨੇ ‘ਗੁਰੂ ਆਗਿਆ’ ਦੇ ਗੂੜ੍ਹ ਮਹੱਤਵ 'ਤੇ ਵਿਸਥਾਰ ਨਾਲ ਚਾਨਣ ਪਾਉਂਦੇ ਹੋਏ ਕਿਹਾ ਕਿ ਗੁਰੂ ਦੀ ਆਗਿਆ ਦਾ ਪਾਲਣ ਕਰਨਾ ਹੀ ਸੱਚੇ ਸ਼ਿਸ਼ ਦਾ ਮੁੱਖ ਧਰਮ ਹੁੰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਿਰਫ਼ ਮਾਰਗਦਰਸ਼ਕ ਹੀ ਨਹੀਂ, ਸਗੋਂ ਉਹ ਦਿਵਿਆ ਸ਼ਕਤੀ ਹਨ ਜੋ ਸ਼ਿਸ਼ ਦੇ ਜੀਵਨ ਨੂੰ ਅਗਿਆਨਤਾ ਦੇ ਅੰਧਕਾਰ ਤੋਂ ਕੱਢ ਕੇ ਗਿਆਨ ਦੇ ਪ੍ਰਕਾਸ਼ ਵੱਲ ਲੈ ਜਾਂਦੇ ਹਨ। ਗੁਰੂ ਦੀ ਵਾਣੀ ’ਚ ਉਹ ਸਮਰੱਥਾ ਹੁੰਦੀ ਹੈ ਜੋ ਮਨੁੱਖ ਦੇ ਜੀਵਨ ਨੂੰ ਸਕਾਰਾਤਮਕ ਦਿਸ਼ਾ ਦੇ ਕੇ ਉਸ ਨੂੰ ਸਫਲ ਤੇ ਸਾਰਥਕ ਬਣਾਉਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਸ਼ਿਸ਼ ਪੂਰੀ ਸ਼ਰਧਾ, ਵਿਸ਼ਵਾਸ ਤੇ ਸਮਰਪਣ ਭਾਵ ਨਾਲ ਗੁਰੂ ਦੀ ਆਗਿਆ ਦਾ ਪਾਲਣ ਕਰਦਾ ਹੈ, ਤਾਂ ਉਸਦੇ ਜੀਵਨ ’ਚ ਆਧਿਆਤਮਿਕ ਜਾਗਰੂਕਤਾ ਦਾ ਸੰਚਾਰ ਹੁੰਦਾ ਹੈ। ਇਸ ਨਾਲ ਮਨੁੱਖ ਦੇ ਅੰਦਰ ਲੁਕੀਆਂ ਨਕਾਰਾਤਮਕ ਪ੍ਰਵਿਰਤੀਆਂ ਖਤਮ ਹੋਣ ਲੱਗਦੀਆਂ ਹਨ ਤੇ ਉਹ ਸੱਚ, ਪ੍ਰੇਮ, ਸੇਵਾ ਤੇ ਸਦਾਚਾਰ ਦੇ ਰਾਹ 'ਤੇ ਅੱਗੇ ਵਧਦਾ ਹੈ। ਗੁਰੂ ਦੀ ਸ਼ਰਨ ’ਚ ਜਾ ਕੇ ਹੀ ਮਨੁੱਖ ਅਸਲੀ ਸ਼ਾਂਤੀ, ਸੰਤੋਖ ਤੇ ਆਨੰਦ ਪ੍ਰਾਪਤ ਕਰ ਸਕਦਾ ਹੈ।