ਫੋਕਲ ਪੁਆਇੰਟ-ਗਦਈਪੁਰ ’ਚ 100 ਫੀਸਦੀ ਸੀਵਰੇਜ ਦੀ ਜੀਰੋ ਲੈਵਲ ਸਫਾਈ ਹੋਵੇਗੀ, ਸ਼ਹਿਰ ਲਈ 28 ਕਰੋੜ ਦਾ ਕੰਮ ਮਨਜ਼ੂਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਮੌਨਸੂਨ ਤੋਂ ਪਹਿਲਾਂ ਸ਼ਹਿਰ ’ਚ 28 ਕਰੋੜ ਰੁਪਏ ਨਾਲ ਸੀਵਰੇਜ ਦੀ ਸੁਪਰ ਸਕਸ਼ਨ ਮਸ਼ੀਨਾਂ ਰਾਹੀਂ ਜ਼ੀਰੋ ਲੈਵਲ ਸਫਾਈ ਕਰਵਾਏਗਾ। ਖ਼ਾਸ ਤੌਰ ’ਤੇ ਫੋਕਲ ਪੁਆਇੰਟ, ਗਦਈਪੁਰ ਤੇ ਆਸ-ਪਾਸ ਦੇ ਉਦਯੋਗਿਕ ਇਲਾਕਿਆਂ ’ਚ 100 ਫੀਸਦੀ ਸੀਵਰੇਜ ਦੀ ਸਫਾਈ ਕੀਤੀ ਜਾਵੇਗੀ। 28 ਕਰੋੜ ਰੁਪਏ ਦੇ ਇਸ ਅਨੁਮਾਨ ਨੂੰ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਸੋਮਵਾਰ ਨੂੰ ਸਥਾਨਕ ਸਰਕਾਰਾਂ ਮੰਤਰੀ ਸ਼ਹਿਰ ’ਚ ਮੌਜੂਦ ਸਨ ਤੇ ਮੇਅਰ ਵਨੀਤ ਧੀਰ ਨੇ ਮੰਤਰੀ ਨਾਲ ਮੀਟਿੰਗ ਕਰ ਕੇ ਇਹ ਅੰਦਾਜ਼ਾ ਮਨਜ਼ੂਰ ਕਰਵਾ ਲਿਆ। ਇਹ ਅੰਦਾਜ਼ਾ ਕੁਝ ਮਹੀਨੇ ਪਹਿਲਾਂ ਤਿਆਰ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਤੋਂ ਮਨਜ਼ੂਰੀ ਨਾ ਮਿਲਣ ਕਾਰਨ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ। ਸੁਪਰ ਸਕਸ਼ਨ ਮਸ਼ੀਨਾਂ ਰਾਹੀਂ ਕੰਮ ਕਰਵਾਉਣ ਲਈ ਟੈਂਡਰ ਲਗਾਉਣ ਦੀ ਲੋੜ ਵੀ ਨਹੀਂ ਪਵੇਗੀ। ਸਰਕਾਰ ਨੇ ਸਫਾਈ ਲਈ ਰੇਟ ਵੀ ਤੈਅ ਕਰ ਦਿੱਤੇ ਹਨ ਅਤੇ ਕੰਮ ਲਈ ਸੱਤ ਕੰਪਨੀਆਂ ਨੂੰ ਮਨਜ਼ੂਰੀ ਵੀ ਦੇ ਦਿੱਤੀ ਹੈ। ਨਗਰ ਨਿਗਮ ਹੁਣ ਬਿਨਾਂ ਟੈਂਡਰ ਦੇ ਇਨ੍ਹਾਂ ਕੰਪਨੀਆਂ ਨੂੰ ਵਰਕ ਆਰਡਰ ਜਾਰੀ ਕਰ ਸਕੇਗਾ ਤੇ ਕੰਮ ਤੁਰੰਤ ਸ਼ੁਰੂ ਹੋ ਸਕੇਗਾ। ਮੇਅਰ ਵਨੀਤ ਧੀਰ ਨੇ ਕਿਹਾ ਕਿ ਮਾਨਸੂਨ ਤੋਂ ਪਹਿਲਾਂ ਉਦਯੋਗਿਕ ਇਲਾਕਿਆਂ ਦੇ ਨਾਲ-ਨਾਲ ਉਨ੍ਹਾਂ ਸਾਰੇ ਇਲਾਕਿਆਂ ’ਚ ਵੀ ਸਫਾਈ ਕਰਵਾਈ ਜਾਵੇਗੀ ਜਿੱਥੇ ਸੀਵਰੇਜ ਜਾਮ ਦੀ ਸਮੱਸਿਆ ਲਗਾਤਾਰ ਬਣੀ ਰਹਿੰਦੀ ਹੈ। ਉਦਯੋਗਿਕ ਇਲਾਕਿਆਂ ਦੇ ਸੀਵਰੇਜ ਦੀ ਸਫਾਈ ਕਈ ਸਾਲਾਂ ਤੋਂ ਨਹੀਂ ਹੋਈ। ਪਹਿਲਾਂ ਇਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਪੰਜਾਬ ਸਮਾਲ ਸਕੇਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਕੋਲ ਸੀ। ਕਰੀਬ ਇਕ ਸਾਲ ਪਹਿਲਾਂ ਇਹ ਨਗਰ ਨਿਗਮ ਅਧੀਨ ਆ ਗਏ ਸਨ ਤੇ ਉਸ ਤੋਂ ਬਾਅਦ ਹੀ ਇਸ ਦੀ ਸਫਾਈ ਤੇ ਰੱਖ-ਰਖਾਅ ਲਈ ਯੋਜਨਾ ਬਣਾਈ ਜਾ ਰਹੀ ਸੀ। ਮੇਅਰ ਨੇ ਕਿਹਾ ਕਿ ਉਦਯੋਗਿਕ ਇਲਾਕਿਆਂ ’ਚ ਸੀਵਰ ਜਾਮ ਦੀ ਸਮੱਸਿਆ ਕਾਫ਼ੀ ਜ਼ਿਆਦਾ ਹੈ ਤੇ ਸੂਪਰ ਸਕਸ਼ਨ ਮਸ਼ੀਨਾਂ ਨਾਲ ਸਫਾਈ ਤੋਂ ਬਾਅਦ ਇੱਥੇ ਕਾਫ਼ੀ ਰਾਹਤ ਮਿਲੇਗੀ। ਸੀਵਰੇਜ ਜਾਮ ਦੀ ਸਮੱਸਿਆ ਨਾਰਥ ਤੇ ਵੈਸਟ ਵਿਧਾਨ ਸਭਾ ਖੇਤਰਾਂ ’ਚ ਸਭ ਤੋਂ ਵੱਧ ਹੈ।