ਜਲੰਧਰ-ਭੋਗਪੁਰ ਹਾਈਵੇ ’ਤੇ ਕਿਸ਼ਨਗੜ੍ਹ ’ਚ ਬਣੇਗਾ ਫਲਾਈਓਵਰ
ਜਲੰਧਰ-ਭੋਗਪੁਰ ਹਾਈਵੇ ’ਤੇ ਕਿਸ਼ਨਗੜ੍ਹ ’ਚ ਬਣੇਗਾ ਫਲਾਈਓਵਰ, ਸਰਵੇ ਰਿਪੋਰਟ ਮਨਜ਼ੂਰੀ ਲਈ ਦਿੱਲੀ ਭੇਜੀ
Publish Date: Sat, 07 Feb 2026 10:10 PM (IST)
Updated Date: Sat, 07 Feb 2026 10:11 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ-ਭੋਗਪੁਰ ਹਾਈਵੇ ’ਤੇ ਵੱਧ ਰਹੀ ਟ੍ਰੈਫਿਕ ਸਮੱਸਿਆ ਤੇ ਲਗਾਤਾਰ ਹੋ ਰਹੇ ਸੜਕ ਹਾਦਸਿਆਂ ’ਤੇ ਕਾਬੂ ਪਾਉਣ ਲਈ ਕਿਸ਼ਨਗੜ੍ਹ ’ਚ ਫਲਾਈਓਵਰ ਬਣਾਉਣ ਦੀ ਤਜਵੀਜ਼ ਤਿਆਰ ਕੀਤੀ ਗਈ ਹੈ। ਇਸ ਸਬੰਧੀ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ (ਐੱਨਐੱਚਏਆਈ) ਦੀ ਟੀਮ ਵੱਲੋਂ ਹਾਲ ਹੀ ’ਚ ਕਿਸ਼ਨਗੜ੍ਹ ’ਚ ਸਰਵੇ ਕੀਤਾ ਗਿਆ ਸੀ। ਸਰਵੇ ਦੀ ਰਿਪੋਰਟ ਮਨਜ਼ੂਰੀ ਲਈ ਦਿੱਲੀ ਭੇਜੀ ਗਈ ਹੈ। ਸਰਵੇ ਰਿਪੋਰਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਪ੍ਰੋਜੈਕਟ ਦੀ ਡੀਪੀਆਰ ਤੇ ਡ੍ਰਾਇੰਗ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਬਾਅਦ ਟੈਂਡਰ ਪ੍ਰਕਿਰਿਆ ਤੇ ਨਿਰਮਾਣ ਕਾਰਜ ਵੀ ਇਸੇ ਸਾਲ ਸ਼ੁਰੂ ਹੋਣ ਦੀ ਉਮੀਦ ਹੈ। ਨਵਾਂ ਫਲਾਈਓਵਰ ਬਣਨ ਨਾਲ ਕਿਸ਼ਨਗੜ੍ਹ ਨਾਲ ਲੱਗਦੇ ਕਈ ਪਿੰਡਾਂ ਦਾ ਲੋਕਲ ਟ੍ਰੈਫਿਕ ਹੇਠਾਂ ਹੀ ਰਹੇਗਾ, ਜਦਕਿ ਵਾਹਨਾਂ ਨੂੰ ਸਿੱਧਾ ਭੋਗਪੁਰ ਵੱਲ ਜਾਣ ਦਾ ਰਸਤਾ ਮਿਲੇਗਾ। ------------------------ ਦੋ ਕਿੱਲੋਮੀਟਰ ਲੰਬਾ ਹੋਵੇਗਾ ਫਲਾਈਓਵਰ ਸਰਵੇ ਸਬੰਧੀ ਐੱਨਐੱਚਏਆਈ ਦੇ ਦਿੱਲੀ ਸਥਿਤ ਨੋਡਲ ਅਫਸਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਰਵੇ ਮੁਤਾਬਕ ਫਲਾਈਓਵਰ ਲਗਪਗ ਦੋ ਕਿੱਲੋਮੀਟਰ ਲੰਬਾ ਹੋਵੇਗਾ। ਇਹ ਕਿਸ਼ਨਗੜ੍ਹ ਤੋਂ ਕਾਲਾ ਬਕਰਾ ਤੱਕ ਬਣਾਇਆ ਜਾਵੇਗਾ। ਇਸ ਵੇਲੇ ਸਰਵੇ ਰਿਪੋਰਟ ਮੁੱਖ ਦਫ਼ਤਰ ਪੁੱਜ ਚੁੱਕੀ ਹੈ। ਮਨਜ਼ੂਰੀ ਮਿਲਣ ਤੋਂ ਬਾਅਦ ਅਗਲਾ ਕੰਮ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਹਾਲ ਹੀ ’ਚ ਐੱਨਐੱਚਏਆਈ ਵੱਲੋਂ ਕਿਸ਼ਨਗੜ੍ਹ ਚੌਕ ਤੇ ਆਲੇ-ਦੁਆਲੇ ਹੋ ਰਹੇ ਹਾਦਸਿਆਂ ਨੂੰ ਦੇਖਦਿਆਂ ਸਪੀਡ ਬ੍ਰੇਕਰ ਲਾਏ ਗਏ ਸਨ ਪਰ ਇਹ ਕਦਮ ਨਾਕਾਫ਼ੀ ਸਾਬਤ ਹੋਏ, ਜਿਸ ਤੋਂ ਬਾਅਦ ਫਲਾਈਓਵਰ ਬਣਾਉਣ ਦੀ ਤਜਵੀਜ਼ ਤਿਆਰ ਕੀਤੀ ਗਈ। ----------------------- ਰੋਡ ਸੇਫ਼ਟੀ ਕਮੇਟੀ ਦੀਆਂ ਮੀਟਿੰਗਾਂ ’ਚ ਕਈ ਵਾਰ ਉਠੇ ਮੁੱਦੇ ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਦੀ ਮੀਟਿੰਗ ਦੌਰਾਨ ਡੀਸੀ ਡਾ. ਹਿਮਾਂਸ਼ੂ ਅਗਰਵਾਲ ਦੇ ਸਾਹਮਣੇ ਜਲੰਧਰ-ਭੋਗਪੁਰ ਹਾਈਵੇ ’ਤੇ ਹੋ ਰਹੇ ਹਾਦਸਿਆਂ ਨੂੰ ਲੈ ਕੇ ਕਈ ਵਾਰ ਸਵਾਲ ਉਠਾਏ ਗਏ ਹਨ। ਇਸ ਸਬੰਧੀ ਡੀਸੀ ਵੱਲੋਂ ਐੱਨਐੱਚਏਆਈ ਦੀ ਟੀਮ ਨੂੰ ਹਾਦਸੇ ਰੋਕਣ ਲਈ ਉਪਾਅ ਕਰਨ, ਸਪੀਡ ਬ੍ਰੇਕਰ ਲਾਉਣ ਤੇ ਪੀਡਬਲਯੂਡੀ ਨੂੰ ਰੈੱਡ ਲਾਈਟ ਲਾਉਣ ਦੇ ਹੁਕਮ ਦਿੱਤੇ ਗਏ ਹਨ। ਇੱਥੋਂ ਤੱਕ ਕਿ 19 ਜਨਵਰੀ ਨੂੰ ਹੋਈ ਕਮੇਟੀ ਮੀਟਿੰਗ ’ਚ ਡੀਸੀ ਨੇ ਲਾਪਰਵਾਹੀ ਸਾਹਮਣੇ ਆਉਣ ’ਤੇ ਐੱਨਐੱਚਏਆਈ ਦੇ ਇੰਜੀਨੀਅਰਾਂ ਖ਼ਿਲਾਫ਼ ਐੱਫ਼ਆਈਆਰ ਦਰਜ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ। ------------------------- ਦੋ ਮਹੀਨਿਆਂ ’ਚ 12 ਜਾਨਾਂ ਗਈਆਂ ਪਿਛਲੇ ਦੋ ਮਹੀਨਿਆਂ ਅਰਥਾਤ ਦਸੰਬਰ 2024 ਤੇ ਜਨਵਰੀ ’ਚ ਜਲੰਧਰ-ਭੋਗਪੁਰ ਹਾਈਵੇ ’ਤੇ ਵੱਖ-ਵੱਖ ਥਾਵਾਂ ’ਤੇ ਹੋਏ ਹਾਦਸਿਆਂ ’ਚ ਕੁੱਲ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ। ਇਹ ਅੰਕੜੇ ਕਾਫ਼ੀ ਡਰਾਉਣੇ ਹਨ। ਹਾਦਸਿਆਂ ਦੀ ਜਾਣਕਾਰੀ : 27 ਦਸੰਬਰ 2024 : ਕਿਸ਼ਨਗੜ੍ਹ ਨੇੜੇ ਯੂ-ਟਰਨ ਦੌਰਾਨ ਟਿੱਪਰ ਸਮੇਤ ਤਿੰਨ ਵਾਹਨਾਂ ਦੀ ਟੱਕਰ, ਤਿੰਨ ਜ਼ਖ਼ਮੀ। 2 ਜਨਵਰੀ : ਜਲੰਧਰ-ਭੋਗਪੁਰ ਹਾਈਵੇ ’ਤੇ ਤੇਜ਼ ਰਫ਼ਤਾਰ ਕਾਰ ਵੱਲੋਂ ਟੈਂਪੂ ਨੂੰ ਟੱਕਰ ਮਾਰ ਕੇ ਫ਼ਰਾਰ, ਦੋ ਦੀ ਮੌਤ, ਪੰਜ ਜ਼ਖ਼ਮੀ। 13 ਜਨਵਰੀ : ਹਾਈਵੇ ਕਿਨਾਰੇ ਖੜ੍ਹੇ ਟਰੱਕ ਨਾਲ ਐਕਟਿਵਾ ਸਵਾਰ ਔਰਤਾਂ ਦੀ ਟੱਕਰ, ਗੰਭੀਰ ਹਾਲਤ ’ਚ ਹਸਪਤਾਲ ਦਾਖ਼ਲ। 18 ਜਨਵਰੀ : ਜਲੰਧਰ-ਭੋਗਪੁਰ ਹਾਈਵੇ ’ਤੇ ਕਿਸ਼ਨਗੜ੍ਹ ਚੌਕ ਨੇੜੇ ਘਣੀ ਧੁੰਦ ਕਾਰਨ ਟਰੱਕ ਤੇ ਸੰਗਤ ਨਾਲ ਭਰੀ ਟਰੈਕਟਰ-ਟਰਾਲੀ ਦੀ ਟੱਕਰ, ਦੋ ਦੀ ਮੌਤ ਤੇ ਸੱਤ ਜ਼ਖ਼ਮੀ।