ਬੁਖਾਰ, ਖੰਘ ਤੇ ਗਲਾ ਖਰਾਬ ਨਾਲ ਵਧੀ ਪਰੇਸ਼ਾਨੀ
ਮੌਸਮ ’ਚ ਉਤਾਰ-ਚੜ੍ਹਾਅ ਕਾਰਨ ਬੁਖਾਰ, ਖੰਘ ਤੇ ਗਲਾ ਖਰਾਬ ਨਾਲ ਵਧੀ ਪਰੇਸ਼ਾਨੀ
Publish Date: Thu, 09 Apr 2026 10:38 PM (IST)
Updated Date: Thu, 09 Apr 2026 10:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅਪ੍ਰੈਲ ਮਹੀਨੇ ’ਚ ਵੀ ਫਰਵਰੀ ਵਰਗਾ ਮੌਸਮ ਦੇਖਣ ਨੂੰ ਮਿਲ ਰਿਹਾ ਹੈ। ਫਰਵਰੀ ’ਚ ਤਾਪਮਾਨ ਵਧਣ ਨਾਲ ਗਰਮੀ ਸਮੇਂ ਤੋਂ ਪਹਿਲਾਂ ਸ਼ੁਰੂ ਹੋ ਗਈ ਸੀ, ਪਰ ਮਾਰਚ ਤੇ ਉਸ ਤੋਂ ਬਾਅਦ ਅਪ੍ਰੈਲ ’ਚ ਬਾਰਿਸ਼ ਕਾਰਨ ਮੌਸਮ ’ਚ ਠੰਢਕ ਆ ਗਈ। ਇਸ ਤਰ੍ਹਾਂ ਦੇ ਉਤਾਰ-ਚੜ੍ਹਾਅ ਨਾਲ ਵਾਇਰਲ ਬਿਮਾਰੀਆਂ ਨੇ ਮਰੀਜ਼ਾਂ ਲਈ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ। ਸਰਕਾਰੀ ਤੇ ਗੈਰ-ਸਰਕਾਰੀ ਹਸਪਤਾਲਾਂ ’ਚ ਪਿਛਲੇ ਇਕ ਹਫ਼ਤੇ ਤੋਂ ਓਪੀਡੀ ’ਚ ਆਉਣ ਵਾਲੇ ਮਰੀਜ਼ਾਂ ’ਚ ਬੁਖਾਰ, ਖੰਘ, ਜ਼ੁਕਾਮ ਤੇ ਗਲਾ ਖਰਾਬ ਦੇ ਮਾਮਲਿਆਂ ’ਚ ਲਗਭਗ 15 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਡਾਕਟਰਾਂ ਦੇ ਮੁਤਾਬਕ ਆਮ ਵਾਇਰਲ ਖੰਘ-ਜ਼ੁਕਾਮ ਤੇ ਸਰੀਰ ਦਰਦ ਵਾਲੇ ਮਰੀਜ਼ਾਂ ਨੂੰ ਠੀਕ ਹੋਣ ’ਚ ਵਧੇਰੇ ਸਮਾਂ ਲੱਗ ਰਿਹਾ ਹੈ। ਜੇ ਮੌਸਮ ’ਚ ਇਹ ਬਦਲਾਅ ਜਾਰੀ ਰਹਿੰਦਾ ਹੈ ਤਾਂ ਮਰੀਜ਼ਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ। ਰਤਨ ਹਸਪਤਾਲ ਦੇ ਐੱਮਡੀ ਡਾ. ਬਲਰਾਜ ਗੁਪਤਾ ਨੇ ਦੱਸਿਆ ਕਿ ਮੌਸਮ ’ਚ ਲਗਾਤਾਰ ਬਦਲਾਅ ਕਾਰਨ ਵਾਇਰਲ ਬਿਮਾਰੀਆਂ ਵਧ ਰਹੀਆਂ ਹਨ। ਓਪੀਡੀ ’ਚ ਆਉਣ ਵਾਲੇ ਮਰੀਜ਼ ਖੰਘ, ਗਲੇ ’ਚ ਖਰਾਸ਼, ਦਰਦ, ਸਰੀਰ ਦਰਦ, ਥਕਾਵਟ ਤੇ ਕਮਜ਼ੋਰੀ ਦੀ ਸ਼ਿਕਾਇਤ ਕਰ ਰਹੇ ਹਨ। ਸਰੀਰ ਦੀ ਪਹਿਲਾਂ ਵਾਲੀ ਰੋਗ-ਰੋਕੂ ਸਮਰੱਥਾ ਘੱਟ ਪ੍ਰਭਾਵਸ਼ਾਲੀ ਹੋ ਸਕਦੀ ਹੈ। ਬੰਦ ਕਮਰਿਆਂ ’ਚ ਜ਼ਿਆਦਾ ਸਮਾਂ ਬਿਤਾਉਣ ਨਾਲ ਬਿਮਾਰੀ ਵਧਣ ਦਾ ਖਤਰਾ ਹੋ ਜਾਂਦਾ ਹੈ। ਪਿਛਲੇ ਇਕ ਹਫ਼ਤੇ ’ਚ ਓਪੀਡੀ ’ਚ 15 ਤੋਂ 20 ਫੀਸਦੀ ਤੱਕ ਵਾਧਾ ਦੇਖਿਆ ਗਿਆ ਹੈ। ਭੁਟਾਨੀ ਚਿਲਡਰਨ ਹਸਪਤਾਲ ਦੇ ਐੱਮਡੀ ਡਾ. ਐੱਮਐੱਸ ਭੂਟਾਨੀ ਨੇ ਕਿਹਾ ਕਿ ਬੱਚੇ ਵੀ ਵਾਇਰਲ ਦੀ ਲਪੇਟ ’ਚ ਆ ਰਹੇ ਹਨ। ਬੱਚੇ ਖੰਘ, ਜ਼ੁਕਾਮ ਤੇ ਹਲਕੇ ਬੁਖਾਰ ਨਾਲ ਇਲਾਜ ਲਈ ਆ ਰਹੇ ਹਨ। ਰੋਜ਼ਾਨਾ ਓਪੀਡੀ ’ਚ ਲਗਭਗ 10 ਬੱਚੇ ਪਹੁੰਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੀ ਰੋਗ-ਰੋਕੂ ਸਮਰੱਥਾ ਕਮਜ਼ੋਰ ਹੋਣ ਕਰਕੇ ਉਹ ਘਰ ਜਾਂ ਸਕੂਲ ’ਚ ਹੋਰ ਮਰੀਜ਼ਾਂ ਦੇ ਸੰਪਰਕ ’ਚ ਆ ਕੇ ਬਿਮਾਰ ਹੋ ਜਾਂਦੇ ਹਨ। ਗਰਮੀ ਤੋਂ ਬਾਅਦ ਠੰਢ ਪੈਣ ਤੇ ਮਾਪਿਆਂ ਵੱਲੋਂ ਗਰਮੀ ਵਾਲੇ ਕੱਪੜੇ ਪਾਉਣ ਨਾਲ ਵੀ ਸਮੱਸਿਆ ਵਧ ਰਹੀ ਹੈ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਠੰਢੀ ਪੀਣ ਵਾਲੀਆਂ ਚੀਜ਼ਾਂ ਕਾਰਨ ਵੀ ਹਾਲਤ ਗੰਭੀਰ ਹੋ ਰਹੀ ਹੈ। ------------------------- ਲੱਛਣ 5-7 ਦਿਨ ਤੋਂ ਵੱਧ ਤੇਜ਼ ਬੁਖਾਰ ਸਾਹ ਲੈਣ ’ਚ ਦਿੱਕਤ ਗਲੇ ’ਚ ਦਰਦ ਤੇ ਨਿਗਲਣ ’ਚ ਸਮੱਸਿਆ ਛਾਤੀ ’ਚ ਦਰਦ ਬਹੁਤ ਜ਼ਿਆਦਾ ਕਮਜ਼ੋਰੀ ਬਜ਼ੁਰਗ, ਛੋਟੇ ਬੱਚੇ, ਗਰਭਵਤੀ ਔਰਤਾਂ ਜਾਂ ਪਹਿਲਾਂ ਤੋਂ ਦਿਲ, ਫੇਫੜੇ ਜਾਂ ਸ਼ੂਗਰ ਵਰਗੀਆਂ ਬਿਮਾਰੀਆਂ ਵਾਲੇ ਮਰੀਜ਼ ----------------------- ਬਚਾਅ ਹੱਥਾਂ ਦੀ ਨਿਯਮਿਤ ਸਫਾਈ ਖੰਘਣ-ਛਿੱਕਣ ਸਮੇਂ ਸਹੀ ਤਰੀਕੇ ਦੀ ਪਾਲਣਾ ਘਰ ’ਚ ਵਧੀਆ ਹਵਾ ਦਾ ਪ੍ਰਬੰਧ ਭੀੜ-ਭਾੜ ਤੋਂ ਬਚੋ ਪੂਰੀ ਨੀਂਦ (7-8 ਘੰਟੇ) ਸੰਤੁਲਿਤ ਪ੍ਰੋਟੀਨ ਵਾਲਾ ਭੋਜਨ ਬਿਨਾਂ ਡਾਕਟਰੀ ਸਲਾਹ ਐਂਟੀਬਾਇਓਟਿਕ ਨਾ ਲਓ। ------------------ ਬਸਤੀ ਗੁਜਾਂ ਦੇ ਰਹਿਣ ਵਾਲੇ ਸਤੀਸ਼ ਚੰਦਰ ਨੇ ਦੱਸਿਆ ਕਿ ਉਹ ਪਿਛਲੇ ਪੰਜ ਦਿਨਾਂ ਤੋਂ ਖੰਘ, ਜ਼ੁਕਾਮ ਤੇ ਬੁਖਾਰ ਨਾਲ ਪਰੇਸ਼ਾਨ ਹਨ। ਆਮ ਆਦਮੀ ਕਲੀਨਿਕ ਤੋਂ ਬਾਅਦ ਨਿੱਜੀ ਡਾਕਟਰ ਤੋਂ ਦਵਾਈ ਲਈ। ਡਾਕਟਰ ਨੇ ਮੌਸਮ ਦੇ ਬਦਲਾਅ ਤੇ ਕਮਜ਼ੋਰ ਰੋਗ-ਰੋਕੂ ਸਮਰੱਥਾ ਨੂੰ ਕਾਰਨ ਦੱਸਿਆ। ਵਾਇਰਲ ਕਾਰਨ ਸਰੀਰ ਦਰਦ ਤੇ ਖੰਘ ’ਚ ਅਜੇ ਤੱਕ ਆਰਾਮ ਨਹੀਂ ਮਿਲਿਆ। ਆਬਾਦਪੁਰਾ ਦੇ ਰਹਿਣ ਵਾਲੇ ਰੋਹਿਤ ਨੇ ਕਿਹਾ ਕਿ ਉਨ੍ਹਾਂ ਦਾ ਸਾਂਝਾ ਪਰਿਵਾਰ ਹੈ। ਧੀ ਨੂੰ ਸਕੂਲ ’ਚ ਕਿਸੇ ਬੱਚੇ ਦੇ ਸੰਪਰਕ ਨਾਲ ਬੁਖਾਰ ਤੇ ਖੰਘ ਹੋ ਗਈ। ਇਸ ਤੋਂ ਬਾਅਦ ਘਰ ਦੇ ਹੋਰ ਬੱਚਿਆਂ ’ਚ ਵੀ ਲੱਛਣ ਆਉਣ ਲੱਗੇ। ਉਸਦੇ ਗਲੇ ’ਚ ਦਰਦ ਹੈ ਤੇ ਖਾਣ ’ਚ ਵੀ ਦਿੱਕਤ ਆ ਰਹੀ ਹੈ। ਨਿੱਜੀ ਡਾਕਟਰ ਨੇ ਦਵਾਈ ਦਿੱਤੀ ਹੈ ਤੇ 3-4 ਦਿਨ ’ਚ ਠੀਕ ਹੋਣ ਦੀ ਉਮੀਦ ਹੈ।