ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਪੰਜ ਪਿੰਡਾਂ ਵੱਲੋਂ ਸੰਤ ਸੀਚੇਵਾਲ ਦਾ ਧੰਨਵਾਦ
ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਪੱਥਰ ਲਗਾਉਣ ਲਈ ਪੰਜ ਪਿੰਡਾਂ ਵੱਲੋਂ ਸੰਤ ਸੀਚੇਵਾਲ ਦਾ ਧੰਨਵਾਦ
Publish Date: Thu, 09 Apr 2026 10:06 PM (IST)
Updated Date: Thu, 09 Apr 2026 10:08 PM (IST)

-ਹੜ੍ਹਾਂ ਲਈ ਖਤਰਾ ਬਣੀ ਰਹਿੰਦੀ ਹੈ ਗਿੱਦੜਪਿੰਡੀ ਪੁਲ ਹੇਠਲੀ ਮਿੱਟੀ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮੰਡ ਇਲਾਕੇ ਦੇ ਪੰਜਾਂ ਪਿੰਡਾਂ ਨੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਦੇ ਸੁਹਿਰਦ ਯਤਨਾਂ ਸਦਕਾ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਸੰਵੇਦਨਸ਼ੀਲ ਹਿੱਸਾ ਪੱਥਰ ਲਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ। ਨਿਰਮਲ ਕੁਟੀਆਂ ਵਿਖੇ ਜਿਹੜੇ ਪੰਜਾਂ ਪਿੰਡਾਂ ਦੇ ਲੋਕ ਪਹੁੰਚੇ ਸਨ, ਉਨ੍ਹਾਂ ਵਿੱਚ ਜਾਣੀਆ, ਜਾਣੀਆ ਚਾਹਲ, ਮਹਿਰਾਜਪੁਰ, ਗੱਟਾ ਮੁੰਡੀ ਕਾਸੂ ਅਤੇ ਲੱਖੂ ਦੀਆਂ ਛੰਨਾ ਸ਼ਾਮਿਲ ਸਨ। ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਗਿੱਦੜਪਿੰਡੀ ਰੇਲਵੇ ਪੁਲ ਹੇਠਾਂ ਹਰ ਬਰਸਾਤ ਨੂੰ ਜੰਮਦੀ ਗਾਰ ਨਾਲ ਹੜ੍ਹ ਦਾ ਖਤਰਾ ਬਣਿਆ ਰਹਿੰਦੀ ਹੈ। ਲੋਕਾਂ ਮੰਗ ਕੀਤੀ ਕਿ ਇਸ ਗਾਰ ਨੂੰ ਵੀ ਤੁਰੰਤ ਕਢਵਾਇਆ ਜਾਵੇ। ਇੰਨ੍ਹਾਂ ਪਿੰਡਾਂ ਦੇ ਪੰਚਾਂ-ਸਰਪੰਚਾਂ, ਨੰਬਰਦਾਰਾਂ ਤੇ ਕਿਸਾਨ ਆਗੂਆਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਨੇ ਆਪਣੀ ਉਮਰ ਵਿੱਚ ਬੰਨ੍ਹ ਮਜ਼ਬੂਤ ਕਰਨ ਲਈ ਏਨਾ ਪੱਥਰ ਮੰਡ ਇਲਾਕੇ ਵਿੱਚ ਪਹੁੰਚ ਜਾਣਗੇ। ਇਸ ਮੌਕੇ ਵਫ਼ਦ ਵਿੱਚ ਆਏ ਮੇਜਰ ਸਿੰਘ ਜਾਣੀਆ, ਸਰਪੰਚ ਮਹਿਰਾਜਪੁਰ ਤੋਂ ਦੇਸ ਰਾਜ, ਗੁਰਮੁੱਖ ਸਿੰਘ ਗੱਟਾ ਮੁੰਡੀ ਕਾਸੂ ਸ਼ਾਮਲ ਸਨ। ਲੱਖੂ ਦੀਆਂ ਛੰਨ੍ਹਾਂ ਤੋਂ ਆਏ ਹੜ੍ਹ ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਲੇ-ਦੁਆਲੇ ਪਿੰਡਾਂ ਦੇ ਲੋਕਹਰ ਬਰਸਾਤ ਦੇ ਮੌਕੇ ਡਰ-ਡਰ ਕੇ ਦਿਨ ਕੱਟਦੇ ਸਨ। ਉਨ੍ਹਾਂ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਮਹਿਸੂਸ ਹੋ ਚੁੱਕਾ ਹੈ ਕਿ ਜਦੋਂ ਹੜ੍ਹ ਆਉਂਦੇ ਹਨ ਤਾਂ ਕਿੰਨ੍ਹੀ ਤਬਾਹੀ ਮਚਾਉਂਦੇ ਹਨ। ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ 2008 ਵਿੱਚ, ਫਿਰ 2019 ਅਤੇ ਸਾਲ 2023 ਵਿਚ ਆਏ ਹੜ੍ਹਾਂ ਵਿੱਚ ਸੰਤ ਸੀਚੇਵਾਲ ਨੇ ਉਨ੍ਹਾਂ ਦੀ ਬਾਂਹ ਫੜੀ ਸੀ। ਸਾਲ 2025 ਵਿੱਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੂੰ ਲੱਗ ਰਹੀ ਜ਼ਬਰਦਸਤ ਢਾਅ ਨੂੰ ਰੋਕਣ ਵਿੱਚ ਸੰਤ ਸੀਚੇਵਾਲ ਨੇ ਵੱਡੀ ਭੂਮਿਕਾ ਨਿਭਾਈ ਸੀ। ਇਨ੍ਹਾਂ ਪੰਜਾਂ ਪਿੰਡਾਂ ਦੇ ਲੋਕਾਂ ਨੇ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਇਲਾਕੇ ਦੇ ਮਸਲਿਆਂ ਨੂੰ ਮੁੱਖ ਮੰਤਰੀ ਪੰਜਾਬ ਕੋਲ ਬੜੀ ਸੰਜੀਦਗੀ ਨਾਲ ਉਠਾਇਆ। ਡਰੇਨਜ਼ ਵਿਭਾਗ ਦੇ ਐਕਸੀਅਨ ਸਰਤਾਜ ਸਿੰਘ ਨੇ ਦੱਸਿਆ ਕਿ ਧੁੱਸੀ ਬੰਨ੍ਹ ਦੇ 2200 ਫੁੱਟ ਸੰਵੇਦਨਸ਼ੀਲ ਹਿੱਸੇ ਨੂੰ ਪੱਥਰ ਲਾ ਕੇ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਇੱਥੇ 10 ਦੇ ਕਰੀਬ ਸਟੱਡ ਲਾਏ ਜਾਣਗੇ ਤੇ ਲੋੜ ਅਨੁਸਾਰ ਸਪਰ ਬਣਾਉਣ ਦੀ ਤਜ਼ਵੀਜ ਵੀ ਰੱਖੀ ਗਈ ਹੈ। ਇਸ ਮੌਕੇ ਜਾਣੀਆਂ ਚਾਹਲ ਤੋਂ ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਹਰਨੇਕ ਸਿੰਘ, ਪਿੰਡ ਮਹਿਰਾਜ ਵਾਲੇ ਤੋਂ ਸਰਬਜੀਤ ਸਿੰਘ, ਗੁਰਨਾਮ ਸਿੰਘ, ਦਲੀਪ ਸਿੰਘ ਜੋਗਾ ਸਿੰਘ ਅਤੇ ਪਿੰਡ ਗੱਟਾ ਮੁੰਡੀ ਕਾਸੂ ਤੋਂ ਗੁਰਮੁਖ ਸਿੰਘ ਕਾਬਲ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ ਸਮੇਤ ਇਲਾਕੇ ਦੇ ਲੋਕ ਹਾਜ਼ਰ ਰਹੇ।