ਦੋ ਕਾਰਾਂ ਦੀ ਟੱਕਰ ’ਚ ਪੰਜ ਜਣੇ ਗੰਭੀਰ ਜ਼ਖ਼ਮੀ
ਦੋ ਕਾਰਾਂ ਦੀ ਟੱਕਰ ’ਚ ਪੰਜ ਵਿਅਕਤੀ ਗੰਭੀਰ ਜ਼ਖਮੀ, ਹਸਪਤਾਲ ’ਚ ਜੇਰੇ ਇਲਾਜ
Publish Date: Mon, 23 Mar 2026 08:33 PM (IST)
Updated Date: Mon, 23 Mar 2026 08:34 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਥਿਤ ਅੱਡਾ ਰਾਏਪੁਰ ਰਸੂਲਪੁਰ ਦੇ ਨਜ਼ਦੀਕ ਬਿਜਲੀ ਘਰ ਸਾਹਮਣੇ ਦੋ ਕਾਰਾਂ ਦੀ ਟੱਕਰ ’ਚ ਪੰਜ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਹਾਦਸਾ ਸਵੇਰੇ 8 ਵਜੇ ਦੇ ਕਰੀਬ ਰਾਏਪੁਰ ਰਸੂਲਪੁਰ ਤੇ ਕਾਹਨਪੁਰ ਦੇ ਵਿਚਕਾਰ ਵਾਪਰਿਆ। ਮੌਕੇ ’ਤੇ ਪੁੱਜੀ ਐੱਸਐੱਸਐੱਫ ਟੀਮ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਸਵਿਫਟ ਡਿਜ਼ਾਇਰ ਕਾਰ ਨੰਬਰ ਪੀਬੀ-21-0-ਜੇਜੇ-6166, ਜੋ ਰੋਹਿਤ ਪੁੱਤਰ ਰਾਜੀਵ ਸ਼ਰਮਾ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ, ਪਹਿਲਾਂ ਅੱਗੇ ਜਾ ਰਹੀ ਟਰਾਲੀ ਨਾਲ ਟਕਰਾਈ। ਇਸ ਨਾਲ ਕਾਰ ਦਾ ਸੰਤੁਲਨ ਖਰਾਬ ਹੋ ਗਿਆ ਤੇ ਪਿੱਛੋਂ ਆ ਰਹੀ ਗ੍ਰੈਂਡ ਆਈ ਟੈਨ ਕਾਰ ਨੰਬਰ ਪੀਬੀ-35-ਏਐੱਮ-3522, ਜਿਸ ਨੂੰ ਬਲਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਠਾਨਕੋਟ ਚਲਾ ਰਹੇ ਸਨ, ਸਾਹਮਣੇ ਆ ਗਈ। ਇਸ ਕਾਰਨ ਦੋਵਾਂ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ ਹੋਈ। ਹਾਦਸੇ ’ਚ ਪੰਜ ਵਿਅਕਤੀ ਗੰਭੀਰ ਜ਼ਖਮੀ ਹੋਏ, ਜਿਨ੍ਹਾਂ ਨੂੰ ਐੱਸਐੱਸਐੱਫ ਟੀਮ ਵੱਲੋਂ ਐਂਬੂਲੈਂਸ ਦੀ ਮਦਦ ਨਾਲ ਨਜ਼ਦੀਕੀ ਨਿੱਜੀ ਹਸਪਤਾਲ ’ਚ ਇਲਾਜ ਲਈ ਲਿਜਾਇਆ ਗਿਆ। ਜ਼ਖ਼ਮੀਆਂ ’ਚ ਰੋਹਿਤ ਪੁੱਤਰ ਰਾਜੀਵ ਸ਼ਰਮਾ (ਗੁਰਦਾਸਪੁਰ), ਪੂਨਮ ਪਤਨੀ ਰਜੇਸ਼ ਕੁਮਾਰ (ਮੋਹਾਲੀ), ਰਾਜੇਸ਼ ਕੁਮਾਰ (ਮੋਹਾਲੀ), ਸ਼ਨਾਇਆ ਤੇ ਮੀਨੂ ਦੋਵੇਂ ਪੁੱਤਰੀਆਂ ਰਜੇਸ਼ ਕੁਮਾਰ (ਮੋਹਾਲੀ) ਸ਼ਾਮਲ ਹਨ। ਮੌਕੇ ’ਤੇ ਨੁਕਸਾਨੇ ਵਾਹਨਾਂ ਨੂੰ ਐੱਸਐੱਸਐੱਫ ਟੀਮ ਵੱਲੋਂ ਰਿਕਵਰੀ ਵੈਨ ਰਾਹੀਂ ਰੋਡ ਤੋਂ ਸਾਈਡ ਕੀਤਾ ਗਿਆ ਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਾਲੂ ਕੀਤਾ ਗਿਆ। ਸਾਰਾ ਮਾਮਲਾ ਪੁਲਿਸ ਸਟੇਸ਼ਨ ਮਕਸੂਦਾਂ ਦੇ ਆਈਓ ਏਐੱਸਆਈ ਰਜਿੰਦਰ ਸਿੰਘ ਦੇ ਹਵਾਲੇ ਕੀਤਾ ਗਿਆ। ਸਵਿਫਟ ਗੱਡੀ ਤੇ ਸਾਰਾ ਸਾਮਾਨ ਵੀ ਹਾਦਸੇ ਤੋਂ ਬਰਾਮਦ ਕਰ ਕੇ ਵਾਰਸਾਂ ਨੂੰ ਸੌਂਪਿਆ ਗਿਆ।