ਅਜੀਬੋ-ਗਰੀਬ ਚੋਰੀ: ਪਹਿਲਾਂ ਦੁਕਾਨ 'ਤੇ ਬੈਠ ਕੇ ਰੱਜ ਕੇ ਕੀਤਾ ਨਾਸ਼ਤਾ, ਦੁਕਾਨ ਦੇ ਅੰਦਰ ਦਾ ਦ੍ਰਿਸ਼ ਦੇਖ ਕੇ ਹਰ ਕੋਈ ਹੈਰਾਨ
ਥਾਣਾ ਨੰਬਰ ਅੱਠ ਦੀ ਹੱਦ ’ਚ ਪੈਂਦੇ ਗੁੱਜਾ ਪੀਰ ਰੋਡ ਇਲਾਕੇ ਵਿਚ ਹੈਰਾਨ ਕਰਨ ਵਾਲੀ ਚੋਰੀ ਹੋਈ ਹੈ। ਚੋਰਾਂ ਨੇ ਇਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ, ਨਾ ਸਿਰਫ਼ ਨਕਦੀ ਤੇ ਸਾਮਾਨ ਚੋਰੀ ਕੀਤਾ, ਸਗੋਂ ਅੰਦਰ ਦੁਕਾਨਦਾਰ ਵੱਲੋਂ ਰੱਖੀਆਂ ਮੱਠੀਆਂ ਵੀ ਆਰਾਮ ਨਾਲ ਬਹਿ ਕੇ ਖਾ ਗਏ। ਇਸ ਬਾਰੇ ਐੱਸਕੇ ਟ੍ਰੇਡਰਜ਼ ਦੇ ਸੰਜੀਵ ਮੋਦੀ ਨੇ ਕਿਹਾ ਕਿ ਉਹ ਆਮ ਵਾਂਗ ਰਾਤ 9 ਵਜੇ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ।
Publish Date: Tue, 03 Feb 2026 11:55 AM (IST)
Updated Date: Tue, 03 Feb 2026 12:00 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ। ਥਾਣਾ ਨੰਬਰ ਅੱਠ ਦੀ ਹੱਦ ’ਚ ਪੈਂਦੇ ਗੁੱਜਾ ਪੀਰ ਰੋਡ ਇਲਾਕੇ ਵਿਚ ਹੈਰਾਨ ਕਰਨ ਵਾਲੀ ਚੋਰੀ ਹੋਈ ਹੈ। ਚੋਰਾਂ ਨੇ ਇਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ, ਨਾ ਸਿਰਫ਼ ਨਕਦੀ ਤੇ ਸਾਮਾਨ ਚੋਰੀ ਕੀਤਾ, ਸਗੋਂ ਅੰਦਰ ਦੁਕਾਨਦਾਰ ਵੱਲੋਂ ਰੱਖੀਆਂ ਮੱਠੀਆਂ ਵੀ ਆਰਾਮ ਨਾਲ ਬਹਿ ਕੇ ਖਾ ਗਏ। ਇਸ ਬਾਰੇ ਐੱਸਕੇ ਟ੍ਰੇਡਰਜ਼ ਦੇ ਸੰਜੀਵ ਮੋਦੀ ਨੇ ਕਿਹਾ ਕਿ ਉਹ ਆਮ ਵਾਂਗ ਰਾਤ 9 ਵਜੇ ਉਹ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ ਸੀ।
ਸਵੇਰੇ 6 ਵਜੇ ਦੇ ਕਰੀਬ ਗੁਆਂਢੀ ਦੁਕਾਨਦਾਰ ਨੇ ਫ਼ੋਨ ’ਤੇ ਦੱਸਿਆ ਕਿ ਉਸਦੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਹੈ। ਜਦੋਂ ਉਹ ਪਹੁੰਚਿਆ ਤਾਂ ਉਸ ਨੇ ਦੁਕਾਨ ਦੇ ਟੁੱਟੇ ਹੋਏ ਤਾਲੇ ਸੜਕ 'ਤੇ ਪਏ ਦੇਖੇ। ਉਹ ਦੁਕਾਨ ਦੇ ਅੰਦਰ ਦਾ ਦ੍ਰਿਸ਼ ਦੇਖ ਕੇ ਹੈਰਾਨ ਰਹਿ ਗਿਆ। ਪੀੜਤ ਮੁਤਾਬਕ ਚੋਰਾਂ ਨੇ ਦੁਕਾਨ ਤੋਂ ਚਾਰ ਤੇਲ ਦੇ ਡੱਬੇ, ਤਿੰਨ ਬੋਰੀਆਂ ਦਾਲਾਂ, ਬਾਬਾ ਜੀ ਲਈ 2,200 ਰੁਪਏ ਨਗਦੀ ਤੇ ਹੋਰ ਕਰਿਆਨੇ ਦਾ ਸਾਮਾਨ ਚੋਰੀ ਕਰ ਲਿਆ। ਕੁੱਲ ਨੁਕਸਾਨ ਲਗਭਗ 40 ਤੋਂ 45 ਹਜ਼ਾਰ ਰੁਪਏ ਹੋਣ ਦਾ ਅਨੁਮਾਨ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰ ਦੁਕਾਨ ’ਚ ਰੱਖੀਆਂ ਕੁਰਸੀਆਂ 'ਤੇ ਬੈਠ ਗਏ ਤੇ ਮੱਠੀਆਂ ਵੀ ਖਾ ਗਏ।
ਇਹ ਸਾਰੀ ਘਟਨਾ ਨੇੜਲੇ ਡਾਕਟਰ ਦੀ ਦੁਕਾਨ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ ਹੈ, ਜਿਸ ’ਚ ਚੋਰ ਘਟਨਾ ਤੋਂ ਬਾਅਦ ਭੱਜਦੇ ਨਜ਼ਰ ਆ ਰਹੇ ਹਨ। ਸੂਚਨਾ ਮਿਲਦੇ ਹੀ ਥਾਣਾ ਨੰਬਰ 8 ਦੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਪੀੜਤ ਦਾ ਬਿਆਨ ਦਰਜ ਕੀਤਾ। ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।