ਵਰਦਾਨ ਮੈਡੀਕਲ ਸੈਂਟਰ ਦੇ ਬਾਹਰ ਫਾਇਰਿੰਗ
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ
Publish Date: Sun, 01 Mar 2026 01:19 AM (IST)
Updated Date: Sun, 01 Mar 2026 01:22 AM (IST)
ਸੰਵਾਦ ਸਹਿਯੋਗੀ, ਜਾਗਰਣ, ਜਲੰਧਰ : ਮੋਤਾ ਸਿੰਘ ਨਗਰ ’ਚ ਇਕ ਬਦਮਾਸ਼ ਨੇ ਵਰਦਾਨ ਮੈਡੀਕਲ ਸੈਂਟਰ ਦੇ ਬਾਹਰ ਰਾਤ 9:45 ਵਜੇ ਗੋਲੀਬਾਰੀ ਕੀਤੀ ਤੇ ਮੌਕੇ ਤੋਂ ਫਰਾਰ ਹੋ ਗਿਆ। ਗੋਲੀ ਚਲਾਉਂਦਾ ਨੌਜਵਾਨ ਮੈਡੀਕਲ ਸੈਂਟਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਿਆ, ਜਿਸ ਦੀ ਸ਼ਿਕਾਇਤ ਸਟਾਫ ਨੇ ਥਾਣਾ ਛੇ ਦੀ ਪੁਲਿਸ ਨੂੰ ਦਿੱਤੀ। ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪੁੱਜੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਦੀ ਮੁੱਢਲੀ ਜਾਂਚ ’ਚ ਪਤਾ ਲੱਗਾ ਕਿ ਇਕ ਨੌਜਵਾਨ ਬਾਈਕ 'ਤੇ ਸਵਾਰ ਹੋ ਕੇ ਸੈਂਟਰ ਨੇੜੇ ਆਇਆ ਸੀ, ਜਿਸ ਨੇ ਬਾਈਕ ਨੂੰ ਕੁਝ ਦੂਰੀ 'ਤੇ ਖੜ੍ਹੀ ਕਰਕੇ ਸੈਂਟਰ ਦੇ ਬਾਹਰ ਚਾਰ ਗੋਲੀਆਂ ਚਲਾਈਆਂ ਤੇ ਫਰਾਰ ਹੋ ਗਿਆ। ਗੋਲੀ ਚਲਾਉਣ ਵਾਲਾ ਬਦਮਾਸ਼ ਬੱਸ ਸਟੈਂਡ ਵੱਲ ਭੱਜ ਗਿਆ। ਇਸ ਦੌਰਾਨ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਛੇ ਦੀ ਟੀਮ ਨੂੰ ਕੰਟਰੋਲ ਰੂਮ 'ਤੇ ਜਾਣਕਾਰੀ ਮਿਲੀ ਸੀ ਕਿ ਨਿੱਜੀ ਡਾਕਟਰ ਦੇ ਸੈਂਟਰ ਦੇ ਬਾਹਰ ਗੋਲੀ ਚੱਲੀ ਹੈ। ਉਨ੍ਹਾਂ ਦੀ ਟੀਮ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ ਤੇ ਉਹ ਜਲਦੀ ਹੀ ਗੋਲੀ ਚਲਾਉਣ ਵਾਲੇ ਬਦਮਾਸ਼ ਨੂੰ ਗ੍ਰਿਫ਼ਤਾਰ ਕਰਨਗੇ।