ਸ਼ਾਰਟ ਸਰਕਟ ਕਾਰਨ ਦੁਕਾਨ ’ਚ ਲੱਗੀ ਅੱਗ
ਸੰਵਾਦ ਸੂਤਰ, ਜਾਗਰਣ, ਭੋਗਪੁਰ
Publish Date: Fri, 20 Mar 2026 10:29 PM (IST)
Updated Date: Fri, 20 Mar 2026 10:31 PM (IST)
ਸੰਵਾਦ ਸੂਤਰ, ਜਾਗਰਣ, ਭੋਗਪੁਰ : ਸ਼ੁੱਕਰਵਾਰ ਸ਼ਾਮ ਕਰੀਬ 4 ਵਜੇ ਰੇਲਵੇ ਰੋਡ ’ਤੇ ਸਥਿਤ ਇਕ ਮਨਿਆਰੀ ਦੀ ਦੁਕਾਨ ’ਚ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਦੁਕਾਨ ’ਚ ਲਾਟਾਂ ਉੱਠਣ ਲੱਗੀਆਂ, ਜਿਸ ਨਾਲ ਆਸ-ਪਾਸ ਦੇ ਦੁਕਾਨਦਾਰਾਂ ’ਚ ਹਫੜਾ-ਦਫੜੀ ਮਚ ਗਈ। ਮੌਕੇ ’ਤੇ ਮੌਜੂਦ ਆਸ-ਪਾਸ ਦੇ ਦੁਕਾਨਦਾਰਾਂ ਨੇ ਤੁਰੰਤ ਅੱਗ ਬੁਝਾਉਣ ਦਾ ਯਤਨ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬਾਜ਼ਾਰ ਐਸੋਸੀਏਸ਼ਨ ਦੇ ਵਿਸ਼ਾਲ ਬਹਿਲ ਤੇ ਹੋਰ ਲੋਕ ਵੀ ਮੌਕੇ ’ਤੇ ਪੁੱਜ ਗਏ ਤੇ ਬਿਜਲੀ ਦੀ ਮੇਨ ਸਪਲਾਈ ਬੰਦ ਕਰ ਕੇ ਅੱਗ ’ਤੇ ਕਾਬੂ ਪਾਉਣ ’ਚ ਲੱਗ ਗਏ। ਸਾਂਝੇ ਯਤਨਾਂ ਨਾਲ ਫੈਲਣ ਤੋਂ ਪਹਿਲਾਂ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ, ਜਿਸ ਨਾਲ ਵੱਡਾ ਹਾਦਸਾ ਟਲ਼ ਗਿਆ।
ਜਾਣਕਾਰੀ ਮੁਤਾਬਕ ਘਟਨਾ ਸਮੇਂ ਦੁਕਾਨ ’ਚ ਮਾਲਕ ਸੁਰਿੰਦਰ ਮੋਹਨ ਤੇ ਇਕ ਮਹਿਲਾ ਮੁਲਾਜ਼ਮ ਮੌਜੂਦ ਸਨ, ਜੋ ਵੇਲੇ ਸਿਰ ਦੁਕਾਨ ’ਚੋਂ ਬਾਹਰ ਨਿਕਲ ਆਏ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦੁਕਾਨ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ’ਚ ਸਪਾਰਕਿੰਗ ਦੀ ਸ਼ਿਕਾਇਤ ਕਈ ਵਾਰੀ ਸਬੰਧਿਤ ਬਿਜਲੀ ਵਿਭਾਗ ਨੂੰ ਦਿੱਤੀ ਗਈ ਸੀ ਪਰ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ।