ਗੁਦਾਮ ’ਚ ਲੱਗੀ ਅੱਗ ’ਤੇ ਡੇਢ ਘੰਟੇ ਬਾਅਦ ਪਾਇਆ ਕਾਬੂ
ਸਕਰੈਪ ਦੇ ਗੋਦਾਮ ’ਚ ਲੱਗੀ ਅੱਗ, ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪਾਈ ਕਾਬੂ
Publish Date: Sat, 07 Feb 2026 10:19 PM (IST)
Updated Date: Sat, 07 Feb 2026 10:20 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਵੈਸਟ ਹਲਕੇ ਦੇ ਪਿੰਡ ਨਾਹਲਾ ’ਚ ਸਥਿਤ ਸਕ੍ਰੈਪ ਦੇ ਗੁਦਾਮ ’ਚ ਅੱਗ ਲੱਗ ਗਈ। ਤੇਜ਼ ਹਵਾਵਾਂ ਕਾਰਨ ਅੱਗ ਨੇ ਭਿਆਨਕ ਰੂਪ ਧਾਰ ਲਿਆ ਤੇ ਗੁਦਾਮ ਪੂਰੀ ਤਰ੍ਹਾਂ ਅੱਗ ਦੀ ਲਪੇਟ ’ਚ ਆ ਗਿਆ। ਅੱਗ ਲੱਗਣ ਦੌਰਾਨ ਧੂੰਆਂ ਦੂਰ-ਦੂਰ ਤੱਕ ਦਿਖਾਈ ਦੇਣ ਲੱਗਾ, ਜਿਸ ਨੂੰ ਵੇਖ ਕੇ ਆਲੇ-ਦੁਆਲੇ ਦੇ ਲੋਕਾਂ ’ਚ ਦਹਿਸ਼ਤ ਫੈਲ ਗਈ। ਅੱਗ ਨੂੰ ਵਧਦਾ ਵੇਖ ਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪੁੱਜ ਗਈਆਂ ਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗ ਲੱਗਣ ਦੇ ਕਾਰਨਾਂ ਬਾਰੇ ਫਿਲਹਾਲ ਕੋਈ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ। ਅੱਗ ’ਤੇ ਕਾਬੂ ਪਾਉਣ ਲਈ ਮੁਲਾਜ਼ਮ ਲੰਬੇ ਸਮੇਂ ਤੱਕ ਸਖ਼ਤ ਮੁਸ਼ੱਕਤ ਕਰਦੇ ਰਹੇ। ਦੱਸਿਆ ਜਾ ਰਿਹਾ ਹੈ ਕਿ ਰਿਹਾਇਸ਼ੀ ਇਲਾਕੇ ’ਚ ਗੁਦਾਮ ਹੋਣ ਕਾਰਨ ਲੋਕਾਂ ’ਚ ਰੋਸ ਵੀ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਗੁਦਾਮ ਨੂੰ ਇੱਥੋਂ ਸ਼ਿਫਟ ਕਰਨ ਦੀ ਮੰਗ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ। ਗੁਦਾਮ ’ਚ ਗੱਤਾ ਤੇ ਚਮੜਾ ਸਟੋਰ ਕੀਤਾ ਹੋਇਆ ਸੀ। ਅੱਗ ਦੀ ਤੀਬਰਤਾ ਕਾਰਨ ਨੇੜਲੇ ਘਰਾਂ ਦੀਆਂ ਕੰਧਾਂ ’ਚ ਤਰੇੜਾਂ ਵੀ ਪੈ ਗਈਆਂ। ਲੋਕਾਂ ਵੱਲੋਂ ਸਵਾਲ ਉਠਾਏ ਜਾ ਰਹੇ ਹਨ ਕਿ ਇਸ ਨੁਕਸਾਨ ਦੀ ਭਰਪਾਈ ਕੌਣ ਕਰੇਗਾ। ਫਾਇਰ ਬ੍ਰਿਗੇਡ ਦੀਆਂ ਟੀਮਾਂ ਦੇ ਨਾਲ ਹੀ ਸਰਪੰਚ ਵੀ ਮੌਕੇ ’ਤੇ ਪੁੱਜ ਗਏ। ਸਰਪੰਚ ਨੇ ਦੱਸਿਆ ਕਿ ਗੁਦਾਮ ’ਚ ਗੈਸ ਕਟਰ ਰਾਹੀਂ ਕਿਸੇ ਸਮੱਗਰੀ ਨੂੰ ਕੱਟਣ ਦਾ ਕੰਮ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਅਚਾਨਕ ਅੱਗ ਲੱਗ ਗਈ। ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਰਾਜਿੰਦਰ ਕੁਮਾਰ ਸਹੋਤਾ ਨੇ ਟੀਮ ਸਮੇਤ ਅੱਗ ’ਤੇ ਕਾਬੂ ਪਾ ਲਿਆ। ਅੱਗ ਬੁਝਾਉਣ ਲਈ ਤਿੰਨ ਫਾਇਰ ਗੱਡੀਆਂ ਲਾਈਆਂ ਗਈਆਂ। ਕਰੀਬ ਇਕ ਤੋਂ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਤੇਜ਼ ਹਵਾ ਹੋਣ ਕਾਰਨ ਅੱਗ ਗੁਦਾਮ ’ਚ ਤੇਜ਼ੀ ਨਾਲ ਫੈਲ ਰਹੀ ਸੀ। ਅੱਗ ਲੱਗਣ ਕਾਰਨ ਲਾਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ।