ਨਿਗਮ ਦੀਆਂ 17 ਗੱਡੀਆਂ ਦੀਆਂ ਬੈਟਰੀਆਂ ਚੋਰੀ ਦੀ ਐੱਫਆਈਆਰ ਕੱਲ੍ਹ ਹੋਵੇਗੀ ਦਰਜ
ਨਗਰ ਦੀਆਂ 17 ਗੱਡੀਆਂ ਦੀ ਬੈਟਰੀਆਂ ਚੋਰੀ ਦੀ ਐੱਫਆਈਆਰ ਦਰਜ ਹੋਵੇਗੀ ਸੋਮਵਾਰ ਨੂੰ
Publish Date: Sat, 07 Feb 2026 08:05 PM (IST)
Updated Date: Sun, 08 Feb 2026 04:11 AM (IST)

ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਪਿਛਲੇ ਦਿਨੀਂ ਨਗਰ ਨਿਗਮ ਦੇ 17 ਨਵੇਂ ਮਿੰਨੀ ਟੈਂਪੂਆਂ ਦੀਆਂ ਚੋਰੀ ਹੋਈਆਂ ਬੈਟਰੀਆਂ ਦੇ ਮਾਮਲੇ ’ਚ ਆਉਂਦੇ ਸੋਮਵਾਰ 9 ਫਰਵਰੀ ਨੂੰ ਐੱਫਆਈਆਰ ਦਰਜ ਹੋਵੇਗੀ। ਨਗਰ ਨਿਗਮ ਦੇ ਨਵੇਂ ਆਏ 17 ਫੋਰ ਵ੍ਹੀਲਰ ਟੈਂਪੂਆਂ, ਜੋ ਕਿ ਨਿਗਮ ਕੰਪਲੈਕਸ ’ਚ ਖੜ੍ਹੇ ਸਨ, ਦੀਆਂ ਇਕ ਹੀ ਰਾਤ ’ਚ ਬੈਟਰੀਆਂ ਚੋਰੀ ਹੋ ਗਈਆਂ, ਜਿਸ ਦਾ ਪਤਾ ਜਦੋਂ ਮੇਅਰ ਵਿਨੀਤ ਧੀਰ ਨੂੰ ਲੱਗਾ ਤਾਂ ਉਨ੍ਹਾਂ ਤੁਰੰਤ ਕਮਿਸ਼ਨਰ ਨੂੰ ਕਹਿ ਕੇ ਮਾਮਲੇ ਦੀ ਜਾਂਚ ਕਰਨਂ ਦੀ ਹਦਾਇਤ ਕੀਤੀ ਤੇ ਜਾਂਚ ਦੌਰਾਨ ਅਜੇ ਤੱਕ ਬੈਟਰੀਆਂ ਚੋਰੀ ਕਰਨ ਵਾਲਿਆਂ ਦਾ ਪਤਾ ਨਾ ਲੱਗਣ ਦੇ ਬਾਅਦ ਹੁਣ ਮੇਅਰ ਨੇ ਅਣਪਛਾਤਿਆਂ ਵਿਰੁੱਧ ਐੱਫਆਈਆਰ ਕਰਨ ਦੀ ਹਦਾਇਤ ਕੀਤੀ ਹੈ। ਇਸ ਸਬੰਧੀ ਓਐਂਡਐੱਮ ਦੇ ਐੱਸਈ ਜਸਪਾਲ ਸਿੰਘ ਅਨੁਸਾਰ ਮੇਅਰ ਸਾਹਿਬ ਨੇ ਐੱਫਆਈਆਰ ਕਰਾਉਣ ਦੀ ਹਦਾਇਤ ਕੀਤੀ ਹੈ। ਜਸਪਾਲ ਸਿੰਘ ਅਨੁਸਾਰ ਉਹ ਐੱਫਆਈਆਰ ਦਰਜ ਕਰਾਉਣ ਸਬੰਧੀ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਣਗੇ। ਵਰਨਣਯੋਗ ਹੈ ਕਿ ਪਿਛਲੇ ਹਫ਼ਤੇ ਨਗਰ ਨਿਗਮ ਕੈਂਪਸ ’ਚ ਖੜ੍ਹੇ 17 ਟੈਂਪੂਆਂ/ਫੋਰਵ੍ਹੀਲਰ ਦੀਆਂ ਬੈਟਰੀਆਂ ਇਕ ਹੀ ਰਾਤ ’ਚ ਚੋਰੀ ਹੋ ਗਈਆਂ ਸਨ। ਇਹ ਹੈਰਾਨੀ ਦੀ ਗੱਲ ਹੈ ਕਿ ਨਗਰ ਨਿਗਮ ਵਿਖੇ ਰਾਤ ਨੂੰ ਇਕ ਚੌਕੀਦਾਰ ਵੀ ਡਿਊਟੀ ’ਤੇ ਹੁੰਦਾ ਹੈ ਤੇ ਉਹ ਨਿਗਮ ਦੀਆਂ ਗੱਡੀਆਂ ਤੇ ਸਾਰੇ ਕੈਂਪਸ ਦੀ ਰਖਵਾਲੀ ਕਰਦਾ ਹੈ ਤੇ ਜਿਸ ਦਿਨ ਬੈਟਰੀਆਂ ਚੋਰੀ ਹੋਈਆਂ ਉਹ ਉਸ ਸਮੇਂ ਕਿੱਥੇ ਸੀ। ਜਦੋਂ ਐੱਫਆਈਆਰ ਦਰਜ ਹੋਵੇਗੀ ਤਾਂ ਪੁਲਿਸ ਸਭ ਤੋਂ ਪਹਿਲਾਂ ਚੌਕੀਦਾਰ ਤੋਂ ਹੀ ਪੁੱਛਗਿੱਛ ਕਰ ਸਕਦੀ ਹੈ ਉਸ ਦੇ ਬਾਅਦ ਹੀ ਅਗਲੀ ਕਾਰਵਾਈ ਹੋਵੇਗੀ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਨਗਰ ਨਿਗਮ ’ਚੋਂ ਕੰਪਿਊਟਰ ਸਮੇਤ ਹੋਰ ਵੀ ਸਾਮਾਨ ਚੋਰੀ ਹੋ ਚੁੱਕਾ ਹੈ ਤੇ ਉਸ ਦੀ ਅੱਜ ਤੱਕ ਐੱਫਆਈਆਰ ਤੱਕ ਦਰਜ ਨਹੀਂ ਕਰਾਈ ਗਈ ਸੀ। ਦੋ ਨਵੇਂ ਕੰਪੈਕਟਰ ਖ਼ਰੀਦੇ ਨਗਰ ਨਿਗਮ ਨੇ ਦੋ ਨਵੇਂ ਕੰਪੈਕਟਰ ਖਰੀਦੇ ਹਨ, ਜਿਹੜੇ ਕਿ ਬੀਤੇ ਕੱਲ ਸ਼ੁੱਕਰਵਾਰ ਨੂੰ ਨਗਰ ਨਿਗਮ ਪੁੱਜੇ। ਉਕਤ ਕੰਪੈਕਟਰ ਨਗਰ ਨਿਗਮ ਵੱਲੋਂ ਨਵੀ ਟਰਾਂਸਪੋਰਟ ’ਚ ਕੀਤੀ ਜਾ ਰਹੀ ਤਬਦੀਲੀ ਅਧੀਨ ਖਰੀਦੇ ਗਏ ਹਨ ਜਿਨ੍ਹਾਂ ਨੂੰ ਛੇਤੀ ਹੀ ਸੜਕ ’ਤੇ ਉਤਾਰਿਆ ਜਾਵੇਗਾ। ਇਹ ਜਾਣਕਾਰੀ ਐੱਸਈ ਜਸਪਾਲ ਸਿੰਘ ਵੱਲੋਂ ਦਿੱਤੀ ਗਈ। ਉਕਤ ਕੰਪੈਕਟਰਾਂ ਦੀ ਖ਼ਰੀਦ ਨਾਲ ਨਗਰ ਨਿਗਮ ’ਚ ਆ ਰਹੀਆਂ ਸ਼ਿਕਾਇਤਾਂ ਦੀ ਗਿਣਤੀ ਘੱਟ ਜਾਵੇਗੀ।