ਆਰਜ਼ੀ ਮੁਲਾਜ਼ਮਾਂ ਦੀ ਤਾਇਨਾਤੀ ’ਚ ਗੜਬੜ ਦਾ ਖ਼ਦਸ਼ਾ, ਬਿੱਟੂ ਨੇ ਮੰਗਿਆ ਰਿਕਾਰਡ
ਜਾਸ, ਜਲੰਧਰ : ਕਮਿਊਨਿਟੀ
Publish Date: Wed, 15 Apr 2026 09:09 PM (IST)
Updated Date: Wed, 15 Apr 2026 09:12 PM (IST)
ਜਾਸ, ਜਲੰਧਰ : ਕਮਿਊਨਿਟੀ ਲਾਈਵਲੀਹੁੱਡ ਸੈਂਟਰ-ਸੀਐੱਲਸੀ ਜ਼ਰੀਏ ਰੱਖੇ ਜਾ ਰਹੇ ਆਰਜ਼ੀ ਮੁਲਾਜ਼ਮਾਂ ਦੇ ਮਾਮਲੇ 'ਚ ਵਿਵਾਦ ਖੜ੍ਹਾ ਹੋ ਸਕਦਾ ਹੈ। ਨਗਰ ਨਿਗਮ ’ਚ ਵੱਡੀ ਗਿਣਤੀ ਵਿਚ ਕੱਚੇ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ ਤੇ ਇਸ ’ਤੇ ਹਰ ਮਹੀਨੇ ਮੋਟੀ ਰਕਮ ਖਰਚ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਇਹ ਮੁਲਾਜ਼ਮ ਨਗਰ ਨਿਗਮ ਦੇ ਕੰਮ ਕਰਨ ਦੀ ਬਜਾਏ ਹੋਰ ਕੰਮਾਂ ਲਈ ਵਰਤੇ ਜਾ ਰਹੇ ਹਨ। ਕਈਆਂ ਨੂੰ ਕੌਂਸਲਰਾਂ ਤੇ ਅਧਿਕਾਰੀਆਂ ਨਾਲ ਜੋੜਿਆ ਗਿਆ ਹੈ, ਜੋ ਨਿਗਮ ਦੇ ਕੰਮ ਕਰਨ ਦੀ ਬਜਾਏ ਨਿੱਜੀ ਕਾਰਜਾਂ ਲਈ ਵਰਤੇ ਜਾ ਰਹੇ ਹਨ। ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਕਮਿਊਨਿਟੀ ਲਾਈਵਲੀਹੁੱਡ ਸੈਂਟਰ ਦੇ ਜ਼ਰੀਏ ਹੋਈ ਭਰਤੀ ਬਾਰੇ ਜਾਣਕਾਰੀ ਮੰਗੀ ਹੈ। ਬਿੱਟੂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਤਿੰਨ ਦਿਨਾਂ ’ਚ ਉਪਲੱਬਧ ਕਰਵਾਈ ਜਾਵੇ।
ਸੀਐੱਲਸੀ ਜ਼ਰੀਏ ਭਰਤੀ ਕੀਤੇ ਗਏ ਆਰਜ਼ੀ ਮੁਲਾਜ਼ਮਾਂ ਨੂੰ ਵੱਖ-ਵੱਖ ਕੰਮਾਂ ਤੇ ਵੱਖ-ਵੱਖ ਬ੍ਰਾਂਚਾਂ ਲਈ ਰੱਖਿਆ ਗਿਆ ਹੈ। ਕਾਗਜ਼ਾਂ 'ਚ ਇਨ੍ਹਾਂ ਦੀ ਨਿਯੁਕਤੀ ਵੱਖ-ਵੱਖ ਬ੍ਰਾਂਚਾਂ ਵਿਚ ਦਿਖਾਈ ਗਈ ਹੈ। ਕਈ ਮਾਮਲਿਆਂ ’ਚ ਇਹ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਕੰਮਾਂ ਲਈ ਇਨ੍ਹਾਂ ਨੂੰ ਰੱਖਿਆ ਗਿਆ ਹੈ, ਉੱਥੇ ਇਨ੍ਹਾਂ ਦੀ ਹਾਜ਼ਰੀ ਨਹੀਂ ਹੈ ਤੇ ਨਾ ਹੀ ਇਹ ਬ੍ਰਾਂਚਾਂ ਲਈ ਕੰਮ ਕਰ ਰਹੇ ਹਨ। ਇਹ ਵੀ ਸਾਹਮਣੇ ਆ ਰਿਹਾ ਹੈ ਕਿ ਜਿਨ੍ਹਾਂ ਕੰਮਾਂ ਦਾ ਠੇਕਾ ਦਿੱਤਾ ਗਿਆ ਹੈ, ਉੱਥੇ ਵੀ ਇਹ ਮੁਲਾਜ਼ਮ ਲਾਏ ਗਏ ਹਨ। ਸੀਐੱਲਸੀ ਦੇ ਜ਼ਰੀਏ ਹੋਈਆਂ ਨਿਯੁਕਤੀਆਂ ’ਤੇ ਵੱਡੀ ਰਕਮ ਖਰਚੀ ਜਾ ਰਹੀ ਹੈ। ਨਗਰ ਨਿਗਮ ਨੂੰ ਮੁਲਾਜ਼ਮਾਂ ਦੀ ਲੋੜ ਹੈ ਪਰ ਭਰਤੀ ਕਰਨ ਦੇ ਬਾਵਜੂਦ ਇਨ੍ਹਾਂ ਦਾ ਫਾਇਦਾ ਨਹੀਂ ਮਿਲ ਰਿਹਾ। ਇਸ ਨਾਲ ਨਗਰ ਨਿਗਮ ’ਤੇ ਆਰਥਿਕ ਬੋਝ ਵਧ ਗਿਆ ਹੈ।
ਸੀਨੀਅਰ ਡਿਪਟੀ ਮੇਅਰ ਨੇ ਇਹ ਮੰਗੀ ਹੈ ਜਾਣਕਾਰੀ
-ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਸੀਐੱਲਸੀ ਜ਼ਰੀਏ ਹੋਣ ਵਾਲੀ ਮੁਲਾਜ਼ਮਾਂ ਦੀ ਭਰਤੀ ਨੂੰ ਕਿਹੜੇ ਅਧਿਕਾਰੀਆਂ ਦੀ ਕਮੇਟੀ ਮਨਜ਼ੂਰੀ ਦਿੰਦੀ ਹੈ।
-31 ਮਾਰਚ 2026 ਤੱਕ ਸੀਐੱਲਸੀ ਜ਼ਰੀਏ ਕਿੰਨੇ ਮੁਲਾਜ਼ਮ-ਅਧਿਕਾਰੀਆਂ ਦੀ ਭਰਤੀ ਕੀਤੀ ਗਈ ਹੈ ਤੇ ਇਨ੍ਹਾਂ ਨੂੰ ਕਿਸ-ਕਿਸ ਅਹੁਦਾ 'ਤੇ ਰੱਖਿਆ ਗਿਆ ਹੈ। ਸਾਰੇ ਅਹੁਦਿਆਂ 'ਤੇ ਕਿੰਨੇ-ਕਿੰਨੇ ਮੁਲਾਜ਼ਮਾਂ ਦੀ ਭਰਤੀ ਹੋਈ ਹੈ।
-ਇਸ ਦੀ ਜਾਣਕਾਰੀ ਦਿੱਤੀ ਜਾਵੇ ਕਿ ਸੀਐੱਲਸੀ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਹਰ ਮਹੀਨੇ ਕਿੰਨੇ ਲੋਕਾਂ ਦੀ ਭਰਤੀ ਹੋਈ ਹੈ ਤੇ ਇਸ 'ਤੇ ਕਿੰਨਾ ਪੈਸਾ ਖਰਚਾ ਕੀਤਾ ਗਿਆ ਹੈ।