ਮੀਂਹ ਕਾਰਨ ਆਏ ਫਾਲਟ, ਡਿੱਗਿਆ ਖੰਭਾ
ਮੀਂਹ ਕਾਰਨ ਆਏ ਫਾਲਟ, ਪੋਲ ਡਿੱਗਿਆ, 500 ਤੋਂ ਵੱਧ ਸ਼ਿਕਾਇਤਾਂ ਪਹੁੰਚੀਆਂ
Publish Date: Mon, 16 Mar 2026 10:28 PM (IST)
Updated Date: Mon, 16 Mar 2026 10:31 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੀਂਹ ਪੈਣ ਤੇ ਹਨੇਰੀ ਕਾਰਨ ਸ਼ਹਿਰ ਦੇ ਕਈ ਇਲਾਕਿਆਂ ’ਚ ਬਿਜਲੀ ਦੇ ਫਾਲਟ ਆ ਗਏ। ਬਸਤੀ ਸ਼ੇਖ ’ਚ ਬਿਜਲੀ ਦਾ ਇਕ ਖੰਭਾ ਡਿੱਗ ਗਿਆ। ਗਨੀਮਤ ਇਹ ਰਹੀ ਕਿ ਕਿਸੇ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਖੰਭਾ ਸੜਕ ਵਿਚਾਲੇ ਲਟਕ ਰਿਹਾ ਸੀ, ਜਿਸ ਕਾਰਨ ਰਾਹਗੀਰਾਂ ਨੂੰ ਲੰਘਣ ’ਚ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਲੋਕਾਂ ਨੇ ਪਾਵਰਕਾਮ ਦਫ਼ਤਰ ’ਚ ਫੋਨ ਕਰਕੇ ਸੂਚਨਾ ਦਿੱਤੀ। ਪੋਲ ਡਿੱਗਣ ਨਾਲ ਤਾਰਾਂ ਟੁੱਟ ਕੇ ਸੜਕਾਂ ’ਤੇ ਵੀ ਡਿੱਗ ਗਈਆਂ। ਤਾਰਾਂ ਡਿੱਗਣ ਨਾਲ ਵੱਡਾ ਹਾਦਸਾ ਹੋ ਸਕਦਾ ਸੀ। ਫਿਲਹਾਲ ਪਾਵਰਕਾਮ ਦੇ ਕਰਮਚਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਤੇ ਖੰਭੇ ਨੂੰ ਠੀਕ ਕੀਤਾ। ਮੀਂਹ ਪੈਣ ਕਾਰਨ ਕਈ ਇਲਾਕਿਆਂ ’ਚ ਟ੍ਰਾਂਸਫਾਰਮਰਾਂ ’ਚ ਵੀ ਫਾਲਟ ਆ ਗਏ। ਵੱਖ-ਵੱਖ ਸ਼ਿਕਾਇਤ ਕੇਂਦਰਾਂ ’ਚ 500 ਤੋਂ ਵੱਧ ਸ਼ਿਕਾਇਤਾਂ ਪਹੁੰਚੀਆਂ। ਪਾਵਰਕਾਮ ਵੱਲੋਂ ਜ਼ਿਆਦਾਤਰ ਸ਼ਿਕਾਇਤਾਂ ਦਾ ਨਿਬੇੜਾ ਕਰ ਦਿੱਤਾ ਗਿਆ। ਲੰਮਾ ਪਿੰਡ ਚੌਕ ਦੇ ਨੇੜੇ ਸਰਾਭਾ ਨਗਰ ’ਚ ਪਿਛਲੇ ਚਾਰ ਘੰਟਿਆਂ ਤੋਂ ਬਿਜਲੀ ਸਪਲਾਈ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਕਈ ਇਲਾਕਿਆਂ ਦੇ ਟ੍ਰਾਂਸਫਾਰਮਰਾਂ ’ਚ ਫਾਲਟ ਆਏ ਹਨ। ਫਾਲਟ ਦੌਰਾਨ ਕਈ ਇਲਾਕਿਆਂ ’ਚ ਬਿਜਲੀ ਬੰਦ ਰਹੀ। ਸ਼ਿਕਾਇਤ ਕੇਂਦਰਾਂ ’ਚ ਪੁੱਜੀਆਂ ਸ਼ਿਕਾਇਤਾਂ ਦਾ ਨਿਬੇੜਾ ਕਰ ਦਿੱਤਾ ਗਿਆ ਹੈ।
-----------------------
ਫੀਡਰਾਂ ਦੀ ਮੁਰੰਮਤ ਲਈ ਇਨ੍ਹਾਂ ਇਲਾਕਿਆਂ ’ਚ ਬਿਜਲੀ ਬੰਦ ਰਹੀ
ਫੀਡਰਾਂ ਦੀ ਮੁਰੰਮਤ ਕਾਰਨ ਸ਼ਹਿਰ ਦੇ ਕੁਝ ਇਲਾਕਿਆਂ ’ਚ ਬਿਜਲੀ ਬੰਦ ਰੱਖੀ ਗਈ। ਅਵਤਾਰ ਨਗਰ, ਤੇਜ ਮੋਹਨ ਨਗਰ, ਨਿਊ ਅਸ਼ੋਕ ਨਗਰ, ਅਸ਼ੋਕ ਨਗਰ, ਬਸਤੀ ਸ਼ੇਖ, ਮੋਚੀਆਂ ਮੁਹੱਲਾ, ਕਾਰ ਬਾਜ਼ਾਰ, ਨਿਜਾਤਮ ਨਗਰ ਤੇ ਬਸਤੀ ਨੌ ’ਚ ਬਿਜਲੀ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੀ। ਬਿਜਲੀ ਬੰਦ ਰਹਿਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।