6 ਸਾਲਾ ਪੁੱਤਰ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ 'ਚ ਪਿਤਾ ਕਾਬੂ
6 ਸਾਲਾ ਪੁੱਤਰ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ 'ਚ ਪਿਤਾ ਗ੍ਰਿਫ਼ਤਾਰ
Publish Date: Wed, 11 Feb 2026 10:53 PM (IST)
Updated Date: Wed, 11 Feb 2026 10:56 PM (IST)

-ਰਿਸ਼ਤੇਦਾਰੀ ’ਚ ਦਾਮਾਦ ਲੱਗਦੇ ਨੌਜਵਾਨ ਨੂੰ ਫਸਾਉਣ ਦੀ ਸੀ ਸਾਜ਼ਿਸ਼ -ਬਦਲੇ ਦੀ ਭਾਵਨਾ ’ਚ ਚੁੱਕਿਆ ਖੌਫਨਾਕ ਕਦਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਥਾਣਾ ਪਤਾਰਾ ਦੀ ਪੁਲਿਸ ਨੇ 6 ਸਾਲਾ ਪੁੱਤਰ ਰੂਪੇਸ਼ ਮੁਖੀਆ ਨੂੰ ਜ਼ਹਿਰ ਦੇ ਕੇ ਮਾਰਨ ਦੇ ਦੋਸ਼ ’ਚ ਉਸ ਦੇ ਪਿਤਾ 35 ਸਾਲਾ ਗਜਿੰਦਰ ਮੁਖੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਪੁੱਤਰ ਨੂੰ ਕੀਟਨਾਸ਼ਕ ਇਹ ਸੋਚ ਕੇ ਪਿਲਾਇਆ ਸੀ ਕਿ ਉਹ ਸਿਰਫ਼ ਬੇਹੋਸ਼ ਹੋਵੇਗਾ ਤਾਂ ਜੋ ਉਹ ਰਿਸ਼ਤੇਦਾਰੀ ’ਚ ਦਾਮਾਦ ਲੱਗਦੇ ਇਕ ਨੌਜਵਾਨ ਨੂੰ ਇਸ ਮਾਮਲੇ ’ਚ ਫਸਾ ਸਕੇ। ਪੁਲਿਸ ਮੁਤਾਬਕ ਉਕਤ ਨੌਜਵਾਨ ਨੇ ਕੁਝ ਸਮਾਂ ਪਹਿਲਾਂ ਗਜਿੰਦਰ ’ਤੇ ਪਾਇਲ ਚੋਰੀ ਕਰਨ ਦਾ ਦੋਸ਼ ਲਗਾਉਂਦੇ ਹੋਏ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਮੁਲਜ਼ਮ ਬਦਲਾ ਲੈਣਾ ਚਾਹੁੰਦਾ ਸੀ ਤੇ ਸਾਜ਼ਿਸ਼ ਤਹਿਤ ਆਪਣੇ ਹੀ ਪੁੱਤਰ ਨੂੰ ਜ਼ਹਿਰ ਦੇ ਦਿੱਤਾ। ਮ੍ਰਿਤਕ ਬੱਚੇ ਦੀ ਮਾਂ 32 ਸਾਲਾ ਮਮਤਾ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਬਿਹਾਰ ਦੇ ਮਧੇਪੁਰਾ ਦੀ ਰਹਿਣ ਵਾਲੀ ਹੈ ਤੇ ਮੌਜੂਦਾ ਸਮੇਂ ’ਚ ਪਿੰਡ ਹਜ਼ਾਰਾ ’ਚ ਰਹਿ ਰਹੀ ਸੀ। ਉਨ੍ਹਾਂ ਦੇ ਚਾਰ ਬੱਚੇ ਹਨ, ਜਿਨ੍ਹਾਂ ’ਚੋਂ ਛੇ ਸਾਲਾ ਰੂਪੇਸ਼ ਦੂਜਾ ਪੁੱਤਰ ਸੀ। ਉਸ ਨੇ ਦੱਸਿਆ ਕਿ 6 ਫ਼ਰਵਰੀ ਦੀ ਦੇਰ ਸ਼ਾਮ ਉਹ ਰਸੋਈ ’ਚ ਖਾਣਾ ਬਣਾ ਰਹੀ ਸੀ। ਇਸ ਦੌਰਾਨ ਰੂਪੇਸ਼ ਦੇ ਹੱਥ ’ਚ ਦੋ ਬਿਸਕੁਟ ਸਨ, ਜਿਨ੍ਹਾਂ ’ਚੋਂ ਇਕ ਉਹ ਖਾ ਰਿਹਾ ਸੀ। ਉਸ ਨੇ ਮਾਂ ਨੂੰ ਕਿਹਾ, “ਮਾਂ, ਪਾਪਾ ਨੇ ਸਾਨੂੰ ਦਵਾਈ ਪਿਲਾਈ ਹੈ।” ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦੀ, ਬੱਚੇ ਨੂੰ ਉਲਟੀਆਂ ਆਉਣ ਲੱਗ ਪਈਆਂ। ਬਿਸਕੁਟ ’ਤੇ ਕੋਈ ਚਿਪਚਿਪਾ ਪਦਾਰਥ ਲੱਗਿਆ ਹੋਇਆ ਸੀ। ਘਬਰਾਈ ਮਾਂ ਤੁਰੰਤ ਨੇੜੇ ਰਹਿੰਦੇ ਆਪਣੇ ਪਿਤਾ ਭੁੱਲਰ ਮੁਖੀਆ ਕੋਲ ਪਹੁੰਚੀ ਤੇ ਉੱਥੋਂ ਬੱਚੇ ਨੂੰ ਸਿਵਲ ਹਸਪਤਾਲ ਲੈ ਜਾਇਆ ਗਿਆ। ਉਸ ਵੇਲੇ ਤੱਕ ਬੱਚਾ ਬੇਹੋਸ਼ ਹੋ ਚੁੱਕਾ ਸੀ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਸ਼ੁਰੂਆਤੀ ਜਾਂਚ ਦੌਰਾਨ ਪਰਿਵਾਰ ਵੱਲੋਂ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਸੋਮਵਾਰ ਨੂੰ ਪਿੰਡ ਦੇ ਸਰਪੰਚ ਰਜਿੰਦਰ ਸਿੰਘ ਨਾਲ ਮਮਤਾ ਥਾਣਾ ਪਤਾਰਾ ਪੁੱਜੀ ਤੇ ਪੂਰੇ ਘਟਨਾਕ੍ਰਮ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਗਜਿੰਦਰ ਮੁਖੀਆ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਐੱਸਐੱਚਓ ਰਾਮ ਕਿਸ਼ਨ ਨੇ ਦੱਸਿਆ ਕਿ ਮੁਲਜ਼ਮ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਸ਼ੁਰੂਆਤੀ ਜਾਂਚ ’ਚ ਮੁਲਜ਼ਮ ਨੇ ਆਪਣੀ ਸੱਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਪੁਲਿਸ ਨੇ ਸਬੂਤ ਸਾਹਮਣੇ ਰੱਖੇ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ।