ਕੀਟਨਾਸ਼ਕ ਵਰਤੋਂ ਵੇਲੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੱਸੀਆਂ
ਅਰਜਨਵਾਲ ’ਚ ਕਿਸਾਨਾਂ ਨੂੰ ਕੀਟ ਪ੍ਰਬੰਧਨ ਬਾਰੇ ਕੀਤਾ ਗਿਆ ਜਾਗਰੂਕ
Publish Date: Thu, 08 Jan 2026 06:39 PM (IST)
Updated Date: Thu, 08 Jan 2026 06:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ ਵੱਲੋਂ ਪਿੰਡ ਅਰਜਨਵਾਲ ’ਚ ਕਿਸਾਨਾਂ ਨੂੰ ਏਕੀਕ੍ਰਿਤ ਕੀਟ ਪ੍ਰਬੰਧਨ ਬਾਰੇ ਜਾਗਰੂਕਤਾ ਕੀਤਾ ਗਿਆ। ਮਾਹਰਾਂ ਨੇ ਹਾੜੀ ਦੀਆਂ ਫ਼ਸਲਾਂ ’ਚ ਕੀਟ ਤੇ ਬਿਮਾਰੀ ਪ੍ਰਬੰਧ ਬਾਰੇ ਵਿਸਥਾਰ ’ਚ ਦੱਸਿਆ। ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ ਦੇ ਇੰਚਾਰਜ ਅਧਿਕਾਰੀ ਡਾ. ਪੀਸੀ ਭਾਰਦਵਾਜ ਨੇ ਕਿਸਾਨਾਂ ਨੂੰ ਏਕੀਕ੍ਰਿਤ ਕੀਟ ਪ੍ਰਬੰਧਨ ਦੀ ਧਾਰਨਾ ਤੇ ਜ਼ਰੂਰਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਾਤਾਵਰਣ ਪ੍ਰਦੂਸ਼ਣ ਅਤੇ ਕੀਟਨਾਸ਼ਕਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਸਾਰੇ ਆਈਪੀਐੱਮ ਸੰਦਾਂ ਅਤੇ ਬਾਇਓ-ਇੰਟੈਂਸਿਵ ਤਕਨੀਕਾਂ ਲਈ ਇੱਕ ਵਿਆਪਕ ਪਹੁੰਚ ਅਪਣਾ ਕੇ ਫਸਲੀ ਕੀਟ ਪ੍ਰਬੰਧਨ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਪਲਾਂਟ ਪ੍ਰੋਟੈਕਸ਼ਨ ਅਫਸਰ ਪਵਨ ਕੁਮਾਰ ਨੇ ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਬਾਰੇ ਭਾਸ਼ਣ ਦਿੱਤਾ। ਉਨ੍ਹਾਂ ਨੇ ਕਿਸਾਨਾਂ ਨੂੰ ਨਿੱਜੀ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਅਤੇ ਕੀਟਨਾਸ਼ਕਾਂ ਦੀ ਵਰਤੋਂ ਸਮੇਂ ਵਰਤੀਆ ਜਾਣ ਵਾਲੀਆ ਸਾਵਧਾਨੀਆ ਬਾਰੇ ਦੱਸਿਆ। ਸੰਜੇ ਸਹਾਇਕ ਪਲਾਂਟ ਪ੍ਰੋਟੈਕਸ਼ਨ ਅਫਸਰ ਨੇ ਸ਼ੁਰੂਆਤੀ ਪੜਾਅ ਤੇ ਫ਼ਸਲਾਂ ਨੂੰ ਫੰਗਲ ਤੇ ਬੈਕਟੀਰੀਆ ਸਬੰਧੀ ਬਿਮਾਰੀਆਂ ਤੋਂ ਬਚਾਉਣ ਲਈ ਟ੍ਰਾਈਕੋਡਰਮਾ ਪ੍ਰਜਾਤੀਆਂ ਤੇ ਸੂਡੋਮੋਨਾਸ ਪ੍ਰਜਾਤੀਆਂ ਨਾਲ ਬੀਜ ਇਲਾਜ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ। ਰਾਜਬਰ ਸਿੰਘ ਨੇ ਕਿਸਾਨਾਂ ਨੂੰ ਵੱਖ-ਵੱਖ ਕੀਟ ਪ੍ਰਬੰਧਨ ਸਾਧਨਾਂ, ਜਿਵੇਂ ਕਿ ਫੇਰੋਮੋਨ ਟ੍ਰੈਪ, ਪੀਲੇ ਅਤੇ ਨੀਲੇ ਸਟਿੱਕੀ ਟ੍ਰੈਪ ਅਤੇ ਫਰੂਟ ਫਲਾਈ ਟ੍ਰੈਪ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਰਾਜੇਂਦਰ ਕੁਮਾਰ (ਏਈਓ), ਜਤਿੰਦਰ ਕੁਮਾਰ (ਏਈਓ), ਅਮਰੀਕ ਸਿੰਘ (ਏਡੀਓ), ਅੰਮ੍ਰਿਤਪਾਲ (ਏਐੱਸਆਈ) ਅਤੇ ਧਰਮਪਾਲ ਸਿੰਘ (ਫੀਲਡ ਅਫਸਰ) ਸ਼ਾਮਲ ਸਨ, ਨੇ ਕਿਸਾਨਾਂ ਨੂੰ ਅਜਿਹੇ ਸਿਖਲਾਈ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਉਕਤ ਅਧਿਕਾਰੀਆ ਨੇ ਕਿਸਾਨਾਂ ਨੂੰ ਰਾਜ ਸਰਕਾਰ ਦੀਆਂ ਚੱਲ ਰਹੀਆਂ ਖੇਤੀਬਾੜੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਆਪਣੇ ਵਿਹਾਰਕ ਤਜਰਬੇ ਸਾਂਝੇ ਕਰਕੇ ਉਨ੍ਹਾਂ ਦੇ ਗਿਆਨ ਨੂੰ ਮਜ਼ਬੂਤ ਕੀਤਾ।