ਟਰਾਂਸਫਾਰਮਰਾਂ ਹੇਠੋਂ ਕਣਕ ਵੱਢ ਲੈਣ ਕਿਸਾਨ : ਪ੍ਰਭਾਕਰ
ਨੁਕਸਾਨ ਤੋਂ ਬਚਣ ਲਈ ਕਿਸਾਨ ਟਰਾਂਸਫਾਰਮਰ ਦੇ ਥੱਲਿਓਂ ਕਣਕ ਦੀ ਕਟਾਈ ਕਰ ਦੇਣ : ਰਾਜੀਵ ਪ੍ਰਭਾਕਰ
Publish Date: Fri, 03 Apr 2026 09:56 PM (IST)
Updated Date: Fri, 03 Apr 2026 09:58 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਸੂਬੇ ਅੰਦਰ ਕਣਕ ਪੱਕਣੀ ਸ਼ੁਰੂ ਹੋ ਚੁੱਕੀ ਹੈ ਤੇ ਕਿਸਾਨ ਕਣਕ ਦੀ ਵਾਢੀ ਦੀ ਤਿਆਰੀ ਕਰ ਰਹੇ ਹਨ। ਕਿਸਾਨ ਵੀਰ ਕਣਕ ਦੇ ਖੇਤਾਂ ’ਚ ਲੱਗੇ ਬਿਜਲੀ ਦੇ ਟ੍ਰਾਂਸਫਾਰਮਰਾਂ ਦੇ ਥੱਲਿਓਂ 10 ਫੁੱਟ ਦੇ ਘੇਰੇ ਅੰਦਰ ਕਣਕ ਦੀ ਕਟਾਈ ਕਰ ਦੇਣ ਤਾਂ ਕਿ ਸੁੱਕ ਚੁੱਕੀ ਕਣਕ ਤੇ ਚੰਗਿਆੜੀ ਡਿੱਗਣ ਨਾਲ ਕੋਈ ਨੁਕਸਾਨ ਨਾ ਹੋ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਾਵਰਕਾਮ ਦੇ ਸਬ ਆਫਿਸ ਕਸਬਾ ਮੱਲ੍ਹੀਆਂ ਕਲਾਂ ਦੇ ਵਧੀਕ ਸਹਾਇਕ ਇੰਜੀਨੀਅਰ ਰਾਜੀਵ ਪ੍ਰਭਾਕਰ ਨੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਕਣਕ ਦੀ ਕਟਾਈ ਨੂੰ ਲੈ ਕੇ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ। ਕਣਕ ਕਾਸ਼ਤਕਾਰ ਕਿਸਾਨ ਵੀਰ ਬਿਜਲੀ ਲੱਗੇ ਟਰਾਂਸਫਾਰਮਰਾ ਦੇ ਲਾਗਿਓ 10 ਮੀਟਰ ਦੀ ਦੂਰੀ ਤੱਕ ਬੀਜੀ ਗਈ ਕਣਕ ਦੀ ਕਟਾਈ ਕਰ ਲੈਣ। ਕਟਾਈ ਦਿਨ ਵੇਲੇ ਹੀ ਕੀਤੀ ਜਾਵੇ। ਕਣਕ ਵਾਲੇ ਖੇਤ ’ਚੋਂ ਦੀ ਲੰਘ ਰਹੀ ਬਿਜਲੀ ਦੀ ਲਾਈਨ ਨਾਲ ਕੋਈ ਛੇੜਛਾੜ ਨਾ ਕੀਤੀ ਜਾਵੇ ਤੇ ਨਾ ਹੀ ਕਣਕ ਦੇ ਰਹਿੰਦ ਖੂਹੰਦ ਨੂੰ ਅੱਗ ਲਾਈ ਜਾਵੇ। ਜੇ ਕਿਧਰੇ ਬਿਜਲੀ ਲਾਈਨ ਤੇ ਟਰਾਂਸਫਾਰਮਰ ਦੀ ਸਪਲਾਈ ਸਪਾਰਕਿੰਗ ਕਰ ਰਹੀ ਹੈ ਤਾ ਤੁਰੰਤ ਪੰਜਾਬ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਦੇ ਸਬ-ਆਫਿਸ ਮੱਲ੍ਹੀਆਂ ਕਲਾਂ ਨਾਲ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਇਸ ਤੋ ਇਲਾਵਾ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਪੰਜਾਬ ਵੱਲੋਂ ਕੰਬਾਈਨ ਆਪ੍ਰੇਟਰਾਂ ਨੂੰ ਤਾੜਨਾ ਕੀਤੀ ਗਈ ਹੈ ਕਿ ਕਣਕ ਦੇ ਖੇਤਾਂ ’ਚ ਬਿਜਲੀ ਖੰਭਿਆਂ ਕੋਲੋਂ ਕੰਬਾਈਨ ਨੂੰ ਬਚਾ ਕੇ ਲੰਘਾਇਆ ਜਾਵੇ।