ਬਦਸਲੂਕੀ ਖ਼ਿਲਾਫ਼ ਬੀਡੀਪੀਓ ਦਫ਼ਤਰ ’ਚ ਲਾਇਆ ਧਰਨਾ
ਕਿਸਾਨ ਜੱਥੇਬੰਦੀਆਂ ਨੇ ਬਰਸਾਤ ’ਚ ਧਰਨਾ ਲਾ ਕੇ ਕੀਤੀ ਨੌਕਰਸ਼ਾਹੀ ’ਤੇ ਅਫ਼ਸਰਸ਼ਾਹੀ ਦੀ ਨਿੰਦਾ
Publish Date: Thu, 19 Mar 2026 09:25 PM (IST)
Updated Date: Thu, 19 Mar 2026 09:28 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਬੀਡੀਪੀਓ ਢਿੱਲਵਾਂ ਵੱਲੋਂ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਨਾਲ ਕੀਤੀ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ। ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ, ਪੰਜਾਬ ਕਿਸਾਨ ਯੂਨੀਅਨ (ਬਾਗੀ) ਤੇ ਬੀਕੇਯੂ (ਡਕੌਂਦਾ) ਵੱਲੋਂ ਸੈਂਕੜੇ ਕਿਸਾਨਾਂ ਨੇ ਵਰ੍ਹਦੇ ਮੀਂਹ ’ਚ ਬੀਡੀਪੀਓ ਦਫ਼ਤਰ ’ਚ ਧਰਨਾ ਲਾਇਆ। ਨਛੱਤਰ ਸਿੰਘ ਬਾਈ, ਗੁਰਦੀਪ ਸਿੰਘ ਭੰਡਾਲ, ਧਰਮਿੰਦਰ ਸਿੰਘ ਤੇ ਹੋਰ ਸਰਪੰਚਾਂ ਨੇ ਧਰਨੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਕੁਝ ਨੌਕਰਸ਼ਾਹਾਂ ਦੇ ਸਿਰ ਅਫ਼ਸਰਸ਼ਾਹੀ ਚੜ੍ਹ ਕੇ ਬੋਲ ਰਹੀ ਹੈ। ਸੰਵਿਧਾਨਕ ਤੌਰ ’ਤੇ ਚੁਣੇ ਗਏ ਨੁਮਾਇੰਦਿਆਂ ਨੂੰ ਆਪਣੇ ਹਿਸਾਬ ਨਾਲ ਚਲਾਉਣਾ ਸਰਕਾਰ ਦਾ ਕੰਮ ਨਹੀਂ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਹਲਕੇ ਦੇ ਪਿੰਡਾਂ ਦੇ ਮਸਲੇ ਹੱਲ ਨਾ ਕੀਤੇ ਗਏ ਤੇ ਬਦਸਲੂਕੀ ਦੀ ਮਾਫੀ ਨਾ ਮੰਗੀ ਗਈ ਤਾਂ ਜਥੇਬੰਦੀਆਂ ਵੱਲੋਂ ਬੀਡੀਪੀਓ ਦਫ਼ਤਰ ’ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਸਪੈਸ਼ਲ ਬ੍ਰਾਂਚ ਦੇ ਅਧਿਕਾਰੀ ਨੇ ਬੀਡੀਪੀਓ ਦਫ਼ਤਰ ਦੇ ਸੁਪਰਡੈਂਟ ਪਵਿੱਤਰ ਸਿੰਘ ਨਾਲ ਗੱਲਬਾਤ ਕਰਵਾਈ। ਸਰਪੰਚਾਂ ਵੱਲੋਂ ਪੁੱਛਿਆ ਗਿਆ ਕਿ ਸਰਕਾਰ ਵੱਲੋਂ ਮਿਲੇ ਪੰਜ-ਪੰਜ ਲੱਖ ਰੁਪਏ ਦੇ ਚੈੱਕ ਕਿੱਥੇ ਹਨ ਤਾਂ ਸੁਪਰਡੈਂਟ ਨੇ ਜਵਾਬ ਦਿੱਤਾ ਕਿ ਚੈੱਕ ਹਲਕਾ ਇੰਚਾਰਜ ਨੂੰ ਦੇ ਦਿੱਤੇ ਗਏ ਹਨ। ਇਸ ਮਾਮਲੇ ’ਤੇ ਅਗੂਆਂ ਨੇ ਸਰਕਾਰ ਜਾਂ ਡਿਪਟੀ ਕਮਿਸ਼ਨਰ ਕਪੂਰਥਲਾ ਵੱਲੋਂ ਜਾਰੀ ਪੱਤਰ ਦੀ ਕਾਪੀ ਦੀ ਮੰਗ ਕੀਤੀ। ਉਪਰੰਤ ਸੁਪਰਡੈਂਟ ਵੱਲੋਂ ਬੀਡੀਪੀਓ ਜਸਵੀਰ ਕੌਰ ਨਾਲ ਮੰਗਲਵਾਰ ਨੂੰ ਮੁਲਾਕਾਤ ਕਰਵਾਉਣ ਦੇ ਭਰੋਸੇ ’ਤੇ ਧਰਨੇ ਨੂੰ ਮੰਗਲਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ। ਇਸ ਸਮੇਂ ਜੱਸਾ ਸਿੰਘ ਜੌਹਰੀ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਰਪਿੰਦਰ ਸਿੰਘ, ਬੂਟਾ ਸਿੰਘ, ਅਸ਼ੋਕ ਕੁਮਾਰ, ਮਨਿੰਦਰ ਸਿੰਘ, ਅਮਰੀਕ ਸਿੰਘ, ਗੁਰਨਾਮ ਸਿੰਘ, ਬਿੰਦਰ ਬਿਜਲੀ ਨੰਗਲ ਤੇ ਹੋਰ ਹਾਜ਼ਰ ਸਨ।