ਸ਼ਹਿਰ ਪੁੱਜੇ ਕਿਸਾਨ ਆਗੂ ਡੱਲੇਵਾਲ ਨੇ ਸਰਕਾਰ ਦੀਆਂ ਨੀਤੀਆਂ ’ਤੇ ਸਾਧਿਆ ਨਿਸ਼ਾਨਾ
ਸ਼ਹਿਰ ਪਹੁੰਚੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਸਰਕਾਰ ਦੀਆਂ ਨੀਤੀਆਂ ’ਤੇ ਨਿਸ਼ਾਨਾ ਸਾਧਿਆ
Publish Date: Mon, 09 Mar 2026 10:46 PM (IST)
Updated Date: Mon, 09 Mar 2026 10:48 PM (IST)

-ਕਿਹਾ, ਜਮਸ਼ੇਰ ਚਾਰਾ ਮੰਡੀ ਵਿਚ ਗੈਸ ਪਲਾਂਟ ਲਾਉਣ ਦੀ ਕੋਸ਼ਿਸ਼ ਹੋਈ ਤਾਂ ਹੋਵੇਗਾ ਸੰਘਰਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਰਕੇ ਦੇਸ਼ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਅਮਰੀਕਾ ਭਾਰਤੀ ਅਧਿਕਾਰਾਂ ਦਾ ਉਲੰਘਣਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਕੇਂਦਰ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰਾਂ ਤੋਂ ਵਾਂਝਾ ਕੀਤਾ ਹੋਇਆ ਹੈ। ਕਿਸਾਨਾਂ ਦੀਆਂ ਮੰਗਾਂ ਤੇ ਅਧਿਕਾਰਾਂ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਲੈ ਕੇ ਜੰਮੂ ਤੇ ਕਸ਼ਮੀਰ ਤੱਕ ਕੱਢੀ ਜਾ ਰਹੀ ਕਿਸਾਨ ਜਾਗਰੂਕਤਾ ਯਾਤਰਾ ਦੇ 33ਵੇਂ ਦਿਨ ਇਹ ਯਾਤਰਾ ਜਲੰਧਰ ਪੁੱਜੀ। ਨੈਸ਼ਨਲ ਹਾਈਵੇ ’ਤੇ ਸਥਿਤ ਬਾਥ ਕੈਸਲ ਦੇ ਬਾਹਰ ਜ਼ਿਲ੍ਹੇ ਭਰ ਤੋਂ ਆਏ ਕਿਸਾਨਾਂ ਨੇ ਡੱਲੇਵਾਲ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਇਸ ਮੌਕੇ ਡੱਲੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਨੇ ਮੁਗਲ ਸਾਸ਼ਨ ਨਾਲ ਸਿਰਫ਼ ਵਪਾਰ ਕਰਨ ਦਾ ਕਰਾਰ ਕਰਕੇ ਦੇਸ਼ ਨੂੰ ਗੁਲਾਮ ਬਣਾ ਲਿਆ ਸੀ, ਉਸੇ ਤਰ੍ਹਾਂ ਦੀ ਸਥਿਤੀ ਇਕ ਵਾਰ ਫਿਰ ਦੇਸ਼ ਵਿੱਚ ਬਣਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਲਗਾਤਾਰ ਅਣਡਿੱਠਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਚਾਹੇ ਗੱਲ ਖੇਤੀਬਾੜੀ ਦੀ ਹੋਵੇ ਜਾਂ ਡੇਅਰੀ ਅਤੇ ਪੋਲਟਰੀ ਸੈਕਟਰ ਦੀ, ਹਰ ਵਾਰ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ। ਫਸਲਾਂ ’ਤੇ ਆਉਣ ਵਾਲੇ ਖਰਚ ਤੋਂ ਵੀ ਘੱਟ ਭੁਗਤਾਨ ਕਰਕੇ ਕਿਸਾਨਾਂ ਨੂੰ ਕਰਜ਼ੇ ਦੇ ਬੋਝ ਹੇਠ ਦਬਾਆ ਜਾ ਰਿਹਾ ਹੈ। ਡੱਲੇਵਾਲ ਨੇ ਜਮਸ਼ੇਰ ’ਚ ਗੈਸ ਪਲਾਂਟ ਲਾਉਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਜੇ ਸਰਕਾਰ ਨੇ ਇਸ ਦੀ ਕੋਸ਼ਿਸ਼ ਕੀਤੀ ਤਾਂ ਸੂਬੇ ਭਰ ਵਿੱਚ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਅਮਰਜੀਤ ਸਿੰਘ, ਸੁਰਿੰਦਰ ਸਿੰਘ, ਮਨਪ੍ਰੀਤ ਸਿੰਘ, ਗੁਰਜੀਤ ਸਿੰਘ, ਜਸਬੀਰ ਸਿੰਘ ਸਿੱਧੂ, ਕੁਲਵਿੰਦਰ ਸਿੰਘ ਮਸ਼ੀਆਣਾ, ਦਲਜੀਤ ਸਿੰਘ, ਗੁਰਵਿੰਦਰ ਸਿੰਘ ਬਾਜਵਾ, ਪਰਗਟ ਸਿੰਘ, ਕੁਲਦੀਪ ਸਿੰਘ, ਸੁਖਬੀਰ ਸਿੰਘ ਅਤੇ ਹਰਨੇਕ ਸਿੰਘ ਸਮੇਤ ਕਈ ਕਿਸਾਨ ਮੌਜੂਦ ਸਨ।