ਮਡਿਆਲਾ ’ਚ ਕਿਸਾਨ ਜਾਗਰੂਕਤਾ ਕੈਂਪ ਲਾਇਆ
ਮਡਿਆਲਾ ਵਿਖੇ ਕਿਸਾਨ ਜਾਗਰੂਕਤਾ ਕੈਪ ਲਗਾਇਆ
Publish Date: Sun, 08 Feb 2026 06:39 PM (IST)
Updated Date: Sun, 08 Feb 2026 06:41 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ : ਉੱਨਤ ਕ੍ਰਿਸ਼ੀ ਯੋਜਨਾ ਤਹਿਤ ਸਹਿਕਾਰੀ ਸ਼ੂਗਰ ਮਿੱਲ ਅਧੀਨ ਪਿੰਡ ਮੰਡਿਆਲਾ ਵਿਖੇ ਖ਼ੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਗੰਨਾ ਸ਼ਾਖਾ ਵੱਲੋਂ ਦੋ ਰੋਜ਼ਾ ਕਿਸਾਨ ਜਾਗਰੂਕਤਾ ਕੈਂਪ/ਟ੍ਰੇਨਿੰਗ ਲਾਈ ਗਈ। ਇਹ ਕੈਂਪ ਡਾ. ਅਮਰੀਕ ਸਿੰਘ ਕੇਨ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਤੇ ਡਾ. ਮਨਧੀਰ ਸਿੰਘ ਪ੍ਰਾਜੈਕਟ ਅਫ਼ਸਰ ਜਲੰਧਰ ਦੀ ਯੋਗ ਅਗਵਾਈ ਹੇਠ ਕਰਵਾਇਆ। ਕੈਂਪ ਦੌਰਾਨ ਡਾ. ਗੁਰਚਰਨ ਸਿੰਘ ਸਹਾਇਕ ਗੰਨਾ ਵਿਕਾਸ ਅਫ਼ਸਰ, ਡਾ. ਯੁਵਰਾਜ ਸਿੰਘ ਕੀਟ ਵਿਗਿਆਨੀ, ਡਾ. ਜਸ਼ਨਜੋਤ ਕੌਰ ਫ਼ਸਲ ਵਿਗਿਆਨੀ, ਡਾ. ਅਨੂਰਾਧਾ (ਗੰਨਾ ਖੋਜ ਕੇਂਦਰ ਕਪੂਰਥਲਾ) ਤੇ ਡਾ. ਮਨਿੰਦਰ ਸਿੰਘ ਪ੍ਰਿੰਸੀਪਲ ਸਾਇੰਟਿਸਟ ਪੀਏਯੂ ਲੁਧਿਆਣਾ ਵੱਲੋਂ ਗੰਨੇ ਦੀ ਕਾਸ਼ਤਕਾਰੀ ਤਕਨੀਕਾਂ, ਕੀੜੇ-ਮਕੌੜਿਆਂ ਦੀ ਰੋਕਥਾਮ, ਰੋਗ ਪ੍ਰਬੰਧਨ, ਅੰਤਰ-ਫ਼ਸਲੀ ਤੇ ਸਰਕਾਰੀ ਸਕੀਮਾਂ ਬਾਰੇ ਕਿਸਾਨਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਤੇ ਪੋਸ਼ਣ ਮਿਸ਼ਨ ਤਹਿਤ ਗੰਨੇ ਦੀ ਪ੍ਰਤੀ ਹੈੱਕਟੇਅਰ ਪੈਦਾਵਾਰ ਵਧਾ ਕੇ ਕਿਸਾਨਾਂ ਦੀ ਆਮਦਨ ’ਚ ਵਾਧਾ ਕਰਨ ਲਈ ਅੰਤਰ-ਫ਼ਸਲੀ ਹੇਠ ਪ੍ਰਦਰਸ਼ਨੀ ਪਲਾਟ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੰਨਾ ਪੰਜਾਬ ਦੀ ਇਕ ਮਹੱਤਵਪੂਰਨ ਨਕਦੀ ਫ਼ਸਲ ਹੈ ਜੋ ਮੌਸਮੀ ਮਾਰ ਦੇ ਬਾਵਜੂਦ ਕਿਸਾਨਾਂ ਨੂੰ ਸਥਿਰ ਆਮਦਨ ਪ੍ਰਦਾਨ ਕਰਦੀ ਹੈ। ਡਾ. ਰਚਨਾ ਗੋਇਲ ਨੇ ਮਿੱਟੀ ਪਰਖ ਤੇ ਸੰਤੁਲਿਤ ਖਾਦਾਂ ਦੀ ਵਰਤੋਂ ’ਤੇ ਜ਼ੋਰ ਦਿੱਤਾ। ਡਾ. ਮਨਧੀਰ ਸਿੰਘ ਨੇ ਕਿਹਾ ਕਿ ਚੌੜੀ ਵਿੱਥ ਵਿਧੀ ਅਪਣਾ ਕੇ ਗੰਨੇ ਦੀ ਉਤਪਾਦਕਤਾ ਵਧਾਈ ਜਾ ਸਕਦੀ ਹੈ। ਡਾ. ਸੁਖਚੈਨ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਗੰਨੇ ਦੀ ਫ਼ਸਲ ’ਚ ਵਰਤਣ ਨਾਲ ਪ੍ਰਦੂਸ਼ਣ ਘਟਦਾ ਹੈ ਤੇ ਪੈਦਾਵਾਰ ’ਚ ਵਾਧਾ ਹੁੰਦਾ ਹੈ। ਡਾ. ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਸੁਚੱਜੀ ਮੰਡੀਕਰਨ ਤੇ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ। ਖੇਤੀ ਵਿਸਥਾਰ ਅਫ਼ਸਰ ਮਹਿੰਦਰ ਸਿੰਘ ਨੇ ਅੰਤਰ-ਫ਼ਸਲਾਂ ਜਿਵੇਂ ਕਣਕ, ਸਰ੍ਹੋਂ, ਦਾਲਾਂ ਤੇ ਸਬਜ਼ੀਆਂ ਦੀ ਮਹੱਤਤਾ ’ਤੇ ਰੋਸ਼ਨੀ ਪਾਈ। ਸੀਸੀਡੀਓ ਮਨਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਸਮੇਂ ਸਿਰ ਕੀਤੀ ਜਾ ਰਹੀ ਹੈ ਤੇ ਵੱਧ ਰਕਬਾ ਗੰਨੇ ਹੇਠ ਲਿਆਉਣ ਦੀ ਅਪੀਲ ਕੀਤੀ।