ਪੂਰੀ ਲਗਨ ਨਾਲ ਪੜ੍ਹਾਈ ਕਰਨ ਵਿਦਿਆਰਥੀ : ਪ੍ਰਿੰ. ਡੋਗਰਾ
ਰੇਨਬੋ ਪਬਲਿਕ ਸਕੂਲ ’ਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਕਰਵਾਈ
Publish Date: Tue, 10 Feb 2026 08:24 PM (IST)
Updated Date: Tue, 10 Feb 2026 08:26 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਰੇਨਬੋ ਪਬਲਿਕ ਸਕੂਲ ਸਤੋਵਾਲੀ ’ਚ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਵਿਦਾਇਗੀ ਪਾਰਟੀ ਕਰਵਾਈ। ਵਿਦਾਇਗੀ ਸਮਾਗਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਇਸ ਮੌਕੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਵੱਲੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਲਈ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਪ੍ਰੋਗਰਾਮ ਦੌਰਾਨ ਨਾਚ, ਖੇਡਾਂ, ਮਾਡਲਿੰਗ ਆਦਿ ਗਤੀਵਿਧੀਆਂ ਸ਼ਾਮਲ ਸਨ, ਜਿਨ੍ਹਾਂ ਦਾ ਸਾਰੇ ਹਾਜ਼ਰੀਨਾਂ ਨੇ ਖੂਬ ਆਨੰਦ ਮਾਣਿਆ। ਇਸ ਦੌਰਾਨ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਸਕੂਲੀ ਸਫ਼ਰ ਦੇ ਸੁਹਾਵਣੇ ਅਨੁਭਵ ਸਾਥੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਸਮਾਗਮ ਦੌਰਾਨ ਪ੍ਰਿੰਸੀਪਲ ਜੋਧ ਸਿੰਘ ਡੋਗਰਾ ਜੀ ਵੱਲੋਂ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਦਿਵਿਅਮ ਨੂੰ “ਮਿਸਟਰ ਰੇਨਬੋ”, ਰਿਸ਼ਿਕਾ ਨੂੰ “ਮਿਸ ਰੇਨਬੋ”, ਭਾਵਨਾ ਕੌਰ ਨੂੰ “ਬੈਸਟ ਸਟੂਡੈਂਟ”, ਹਰਮਨ ਨੂੰ “ਮੈਰੀਟੋਰੀਅਸ ਸਟੂਡੈਂਟ” ਤੇ ਯੁਵਰਾਜ ਨੂੰ ਸੌ ਫ਼ੀਸਦੀ ਹਾਜ਼ਰੀ ਲਈ ਚੁਣਿਆ ਗਿਆ। ਸਮਾਗਮ ਦੌਰਾਨ ਸਟਾਫ ਤੇ ਵਿਦਿਆਰਥੀਆਂ ਲਈ ਨਾਸ਼ਤੇ ਤੇ ਦੁਪਹਿਰ ਦੇ ਭੋਜਨ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ। ਅੰਤ ’ਚ ਪ੍ਰਿੰਸੀਪਲ ਜੋਧ ਸਿੰਘ ਡੋਗਰਾ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਇਹ ਮੌਕਾ ਉਨ੍ਹਾਂ ਦੇ ਜੀਵਨ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਅੱਗੇ ਦੀ ਪੜ੍ਹਾਈ ਕਰਨ ਤੇ ਬੋਰਡ ਦੀਆਂ ਪ੍ਰੀਖਿਆਵਾਂ ’ਚ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।