ਫਰਦ ਕੇਂਦਰ ਮੁਲਾਜ਼ਮਾਂ ਵੱਲੋਂ ਹੜਤਾਲ ਭਲਕੇ ਤੋਂ
ਫਰਦ ਕੇਂਦਰ ਮੁਲਾਜਮਾਂ ਦੀ ਮੀਟਿੰਗ, ਸਰਕਾਰ ਖ਼ਿਲਾਫ਼ ਹੜਤਾਲ ਦਾ ਐਲਾਨ
Publish Date: Thu, 02 Apr 2026 07:30 PM (IST)
Updated Date: Thu, 02 Apr 2026 07:34 PM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਫਰਦ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਸਰਕਾਰ ਦੀ ਵਾਅਦਾਖਿਲਾਫੀ ਵਿਰੁੱਧ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸੂਬਾ ਪ੍ਰਧਾਨ ਰਮਨਦੀਪ ਸਿੰਘ ਚਕੇਰੀਆ ਅਤੇ ਸੂਬਾ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਫਰਦ ਕੇਂਦਰਾਂ ਦੇ ਭਵਿੱਖ ਸੰਬੰਧੀ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅਜੇ ਤੱਕ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ਪਹਿਲੀ ਮੰਗ ਮਾਰਚ ਮਹੀਨੇ ਤੋਂ ਵਧੀ ਹੋਈ ਤਨਖਾਹ ਲਾਗੂ ਕਰਨ ਦੀ ਸੀ, ਜਿਸ ਬਾਰੇ ਅਜੇ ਤੱਕ ਕੋਈ ਸਰਕਾਰੀ ਪੱਤਰ ਜਾਰੀ ਨਹੀਂ ਕੀਤਾ ਗਿਆ।
ਇਸ ਤੋਂ ਇਲਾਵਾ, ਬਰਖਾਸਤ ਕੀਤੇ ਗਏ ਸਾਥੀਆਂ ਨੂੰ ਮੁੜ ਬਹਾਲ ਕਰਨ ਲਈ ਵੀ ਸਹਿਮਤੀ ਬਣੀ ਸੀ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਇਸ ਮਾਮਲੇ ਵਿੱਚ ਵੀ ਕੋਈ ਕਾਰਵਾਈ ਨਹੀਂ ਹੋਈ। ਮੀਟਿੰਗ ਵਿੱਚ ਇਹ ਵੀ ਦੱਸਿਆ ਗਿਆ ਕਿ ਮੌਜੂਦਾ ਸੀਐੱਮਐੱਸ ਕੰਪਨੀ ਦਾ ਟੈਂਡਰ 31 ਮਾਰਚ ਨੂੰ ਸਮਾਪਤ ਹੋ ਚੁੱਕਾ ਹੈ, ਜਿਸ ਬਾਰੇ ਅਪਰੇਟਰਾਂ ਨੂੰ ਕੰਪਨੀ ਵੱਲੋਂ ਹੀ ਜਾਣਕਾਰੀ ਦਿੱਤੀ ਗਈ ਸੀ। ਹੁਣ ਪਹਿਲੀ ਅਪ੍ਰੈਲ ਤੋਂ ਬਾਅਦ ਕਰਮਚਾਰੀਆਂ ਦੀ ਸਥਿਤੀ ਤੇ ਉਨ੍ਹਾਂ ਦੇ ਵਿਭਾਗ ਬਾਰੇ ਸਰਕਾਰ ਵੱਲੋਂ ਕੋਈ ਸਪਸ਼ਟ ਨਿਰਦੇਸ਼ ਨਹੀਂ ਦਿੱਤੇ ਗਏ। ਕੁਝ ਅਣਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਕੰਪਨੀ ਦਾ ਕਾਰਜਕਾਲ ਬਿਨਾਂ ਨਵੇਂ ਟੈਂਡਰ ਦੇ 31 ਮਈ 2026 ਤੱਕ ਵਧਾਇਆ ਗਿਆ ਹੈ, ਜਿਸਨੂੰ ਮੁਲਾਜ਼ਮਾਂ ਨੇ ਗਲਤ ਕਰਾਰ ਦਿੱਤਾ ਅਤੇ ਇਸ ਮਾਮਲੇ ‘ਤੇ ਕਾਨੂੰਨੀ ਮਾਹਿਰਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ।
ਐਸੋਸੀਏਸ਼ਨ ਨੇ ਐਲਾਨ ਕੀਤਾ ਕਿ 4 ਅਪ੍ਰੈਲ ਤੋਂ 7 ਅਪ੍ਰੈਲ ਤੱਕ ਹੜਤਾਲ ਕੀਤੀ ਜਾਵੇਗੀ, ਜਿਸ ਦੌਰਾਨ ਫਰਦ ਕੇਂਦਰਾਂ ਦਾ ਕੰਮ ਪੂਰੀ ਤਰ੍ਹਾਂ ਬੰਦ ਰਹੇਗਾ। ਜੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਡੀਐੋੱਲਆਰ ਦਫ਼ਤਰ ਦਾ ਘਿਰਾਓ ਤੇ ਝੰਡਾ ਮਾਰਚ ਵੀ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦ ਤੱਕ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਨਾਨਕ ਰਾਮ, ਜ਼ਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ, ਜ਼ਿਲ੍ਹਾ ਸਕੱਤਰ ਦਿਵਾਂਸ਼ੂ ਪੁਰੀ, ਖਜਾਨਚੀ ਅਮਰਜੀਤ, ਮੈਂਬਰ ਮੋਹਿਤ ਸੰਧੀਰ, ਯੁਵਰਾਜ ਤੇ ਸੂਬਾ ਮੀਡੀਆ ਸਕੱਤਰ ਬਲਜਿੰਦਰ ਸਿੰਘ ਸੋਨੀ ਸਮੇਤ ਹੋਰ ਵੀ ਹਾਜ਼ਰ ਸਨ।