ਪਰਿਵਾਰ ਬੇਸੁੱਧ, ਲੱਕੀ ਉਬਰਾਏ ਦਾ ਨਮ ਅੱਖਾਂ ਨਾਲ ਅੰਤਿਮ ਸੰਸਕਾਰ
ਪਰਿਵਾਰ ਬੇਸੁੱਧ, ਲੱਕੀ ਓਬਰਾਏ ਦਾ ਨਮ ਅੱਖਾਂ ਨਾਲ ਹੋਇਆ ਅੰਤਿਮ ਸੰਸਕਾਰ
Publish Date: Sat, 07 Feb 2026 08:05 PM (IST)
Updated Date: Sat, 07 Feb 2026 08:08 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪ੍ਰਾਪਰਟੀ ਤੇ ਫਾਇਨੈਂਸ ਕਾਰੋਬਾਰੀ ਸਤਵਿੰਦਰ ਸਿੰਘ ਉਰਫ ਲੱਕੀ ਉਬਰਾਏ ਦਾ ਸ਼ਨਿਚਰਵਾਰ ਦੁਪਹਿਰ ਨੂੰ ਮਾਡਲ ਟਾਊਨ ਸ਼ਮਸ਼ਾਨਘਾਟ ’ਚ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਚਿਤਾ ਨੂੰ ਅੱਗ ਪੰਜ ਸਾਲਾ ਪੁੱਤਰ ਸਹਿਜ ਦੇ ਹੱਥਾਂ ਨਾਲ ਲਗਵਾਈ ਗਈ। ਅੰਤਿਮ ਦਰਸ਼ਨ ਲਈ ਪੁੱਜੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਦੀਆਂ ਅੱਖਾਂ ਨਮ ਸਨ। ਪੁੱਤਰ ਦੀ ਮੌਤ ਤੋਂ ਬਾਅਦ ਮਾਂ ਵਰਿੰਦਰ ਕੌਰ ਵਾਰ-ਵਾਰ ਬੇਸੁੱਧ ਹੋ ਰਹੀ ਸੀ, ਜਿਨ੍ਹਾਂ ਨੂੰ ਰਿਸ਼ਤੇਦਾਰਾਂ ਨੇ ਸੰਭਾਲਿਆ। ਉੱਥੇ ਹੀ ਲੱਕੀ ਉਬਰਾਏ ਦੀਆਂ ਦੋਵੇਂ ਧੀਆਂ ਪਿਤਾ ਦਾ ਚਿਹਰਾ ਦੇਖਣ ਲਈ ਬੇਕਰਾਰ ਨਜ਼ਰ ਆਈਆਂ। ਸੰਸਕਾਰ ’ਚ ਸ਼ਾਮਲ ਹਰ ਵਿਅਕਤੀ ਨੇ ਕਿਹਾ ਕਿ ਲੱਕੀ ਦੇ ਕਾਤਲਾਂ ਨੂੰ ਫੜ ਕੇ ਸਖ਼ਤ ਸਜ਼ਾ ਦਿੱਤੀ ਜਾਵੇ। ਵਿਰਲਾਪ ਕਰਦਿਆਂ ਮਾਂ ਵਰਿੰਦਰ ਕੌਰ ਕਹਿ ਰਹੀ ਸੀ ਕਿ ਉਹ ਪੁੱਤਰ ਨੂੰ ਵਾਪਸ ਲਿਆਉਣ ਦੀ ਦੁਹਾਈ ਦਿੰਦੀ ਰਹੀ। ਲੱਕੀ ਉਬਰਾਏ ਦੀ ਸ਼ੁੱਕਰਵਾਰ ਸਵੇਰੇ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਉਸ ਵੇਲੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਉਹ ਮੱਥਾ ਟੇਕਣ ਤੋਂ ਬਾਅਦ ਪਾਰਕਿੰਗ ’ਚ ਖੜ੍ਹੀ ਥਾਰ ’ਚ ਬੈਠੇ ਸਨ। ਅਚਾਨਕ ਇਕ ਨਕਾਬਪੋਸ਼ ਹਮਲਾਵਰ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਅੰਤਿਮ ਵਿਦਾਈ ’ਚ ਆਮ ਆਦਮੀ ਪਾਰਟੀ ਤੋਂ ਜਲੰਧਰ ਦੇ ਮੇਅਰ ਵਨੀਤ ਧੀਰ, ਜਲੰਧਰ ਕੈਂਟ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ, ਗਉ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਤੇ ਭਾਜਪਾ ਨੇਤਾ ਸ਼ਾਮਲ ਹੋਏ। ਚਿਤਾ ਨੂੰ ਅੱਗ ਦੇਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਆਗੂਆਂ ਨੂੰ ਇਨਸਾਫ ਦਿਵਾਉਣ ਦੀ ਫਰਿਆਦ ਕੀਤੀ।