ਨਸ਼ੇ ਦੀ ਲਤ ਨਾਲ ਟੁੱਟ ਰਹੇ ਪਰਿਵਾਰ...

- 6 ਮਹੀਨਿਆਂ ’ਚ 150 ਤੋਂ ਵੱਧ ਸ਼ਿਕਾਇਤਾਂ, ਸ਼ਰਾਬ ਤੇ ਡਰੱਗਜ਼ ਨੇ ਘਰਾਂ ਦੀ ਸ਼ਾਂਤੀ ਖੋਹ ਲਈ
- ਨਸ਼ੇ ’ਚ ਕੁੱਟਮਾਰ ਦੇ ਵੱਧ ਰਹੇ ਮਾਮਲੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ’ਚ ਨਸ਼ੇ ਦੀ ਸਮੱਸਿਆ ਹੁਣ ਸਿਰਫ਼ ਸਿਹਤ ਤੱਕ ਸੀਮਿਤ ਨਹੀਂ ਰਹੀ, ਸਗੋਂ ਇਹ ਸਮਾਜਿਕ ਤੇ ਪਰਿਵਾਰਕ ਢਾਂਚੇ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਪਿਛਲੇ ਛੇ ਮਹੀਨਿਆਂ ’ਚ ਜਲੰਧਰ ਦੇ ਮਹਿਲਾ ਥਾਣੇ ਸਮੇਤ ਵੱਖ-ਵੱਖ ਪੁਲਿਸ ਥਾਣਿਆਂ ’ਚ ਡੇਢ ਸੌ ਤੋਂ ਵੱਧ ਪਰਿਵਾਰਕ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਦੀ ਜੜ੍ਹ ’ਚ ਸਿੱਧੇ ਤੌਰ ‘ਤੇ ਨਸ਼ੇ ਦੀ ਲਤ ਸਾਹਮਣੇ ਆਈ ਹੈ। ਇਨ੍ਹਾਂ ਮਾਮਲਿਆਂ ’ਚ ਜ਼ਿਆਦਾਤਰ ਸ਼ਿਕਾਇਤਾਂ ਪਤਨੀਆਂ, ਮਾਪਿਆਂ ਜਾਂ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਕੀਤੀਆਂ ਗਈਆਂ ਹਨ, ਜੋ ਘਰ ’ਚ ਰੋਜ਼ਾਨਾ ਹੋਣ ਵਾਲੇ ਝਗੜਿਆਂ ਤੇ ਹਿੰਸਾ ਤੋਂ ਤੰਗ ਆ ਚੁੱਕੇ ਹਨ। ਜ਼ਿਆਦਾਤਰ ਮਾਮਲੇ ਨਸ਼ੇ ਦੀ ਹਾਲਤ ’ਚ ਕੁੱਟਮਾਰ ਨਾਲ ਜੁੜੇ ਹੋਏ ਹਨ, ਜਿੱਥੇ ਰਿਸ਼ਤਿਆਂ ਨੂੰ ਖਤਮ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਵੱਲੋਂ ਕਾਊਂਸਲਿੰਗ ਤੇ ਪਰਿਵਾਰ ਜੋੜਨ ਲਈ ਹੋਰ ਤਰੀਕੇ ਅਪਣਾਏ ਜਾ ਰਹੇ ਹਨ, ਪਰ ਨਸ਼ਾ ਘਰਾਂ ਨੂੰ ਤੋੜ ਰਿਹਾ ਹੈ। ਕਾਊਂਸਲਿੰਗ ’ਚ ਸਾਹਮਣੇ ਆਇਆ ਹੈ ਕਿ ਨਸ਼ੇ ਕਾਰਨ ਵਿਅਕਤੀ ਦਾ ਵਿਵਹਾਰ ਆਕਰਾਮਕ ਹੋ ਜਾਂਦਾ ਹੈ। ਉਹ ਨਾ ਸਿਰਫ਼ ਗਾਲਾਂ ਕੱਢਦਾ ਹੈ, ਸਗੋਂ ਕਈ ਵਾਰ ਕੁੱਟਮਾਰ ਤੱਕ ਉਤਰ ਆਉਂਦਾ ਹੈ। ਇਸ ਕਰ ਕੇ ਛੋਟੀਆਂ-ਛੋਟੀਆਂ ਗੱਲਾਂ ਵੱਡੇ ਝਗੜਿਆਂ ਦਾ ਰੂਪ ਲੈ ਲੈਂਦੀਆਂ ਹਨ ਤੇ ਅਖ਼ਿਰਕਾਰ ਪਰਿਵਾਰ ਟੁੱਟਣ ਦੇ ਕਿਨਾਰੇ ’ਤੇ ਪਹੁੰਚ ਜਾਂਦੇ ਹਨ।
-----
ਕੀ ਨੇ ਮੁੱਖ ਕਾਰਨ
ਕਾਊਂਸਲਿੰਗ ਕਰਨ ਵਾਲੇ ਮਾਹਰਾਂ ਅਨੁਸਾਰ ਨਸ਼ੇ ਦੀ ਆਦਤ ਦੇ ਪਿੱਛੇ ਕਈ ਕਾਰਨ ਹੁੰਦੇ ਹਨ, ਜਿਵੇਂ ਕਿ ਗਲਤ ਸੰਗਤ, ਮਾਨਸਿਕ ਤਣਾਅ, ਬੇਰੁਜ਼ਗਾਰੀ ਤੇ ਨਸ਼ੀਲੇ ਪਦਾਰਥਾਂ ਦੀ ਆਸਾਨ ਉਪਲਬਧਤਾ। ਸ਼ੁਰੂ ’ਚ ਸ਼ੌਂਕ ਵਜੋਂ ਕੀਤਾ ਗਿਆ ਨਸ਼ਾ ਹੌਲੀ-ਹੌਲੀ ਆਦਤ ਬਣ ਜਾਂਦਾ ਹੈ ਤੇ ਵਿਅਕਤੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਦੂਰ ਹੁੰਦਾ ਜਾਂਦਾ ਹੈ।
-----
ਘਰ ਕਿਵੇਂ ਟੁੱਟਦੇ ਹਨ
ਨਸ਼ਾ ਸਭ ਤੋਂ ਪਹਿਲਾਂ ਪਰਿਵਾਰ ’ਚ ਭਰੋਸਾ ਖਤਮ ਕਰਦਾ ਹੈ। ਜਦੋਂ ਕਮਾਉਣ ਵਾਲਾ ਵਿਅਕਤੀ ਆਪਣੀ ਆਮਦਨ ਨਸ਼ੇ ’ਤੇ ਖਰਚਣ ਲੱਗ ਪੈਂਦਾ ਹੈ ਅਤੇ ਘਰ ਦੇ ਖਰਚੇ ਨਹੀਂ ਦਿੰਦਾ, ਤਾਂ ਆਰਥਿਕ ਸੰਕਟ ਖੜ੍ਹਾ ਹੋ ਜਾਂਦਾ ਹੈ। ਇਸ ਤੋਂ ਬਾਅਦ ਝਗੜੇ, ਗਾਲੀ-ਗਲੋਚ ਤੇ ਕੁੱਟਮਾਰ ਸ਼ੁਰੂ ਹੋ ਜਾਂਦੀ ਹੈ। ਬੱਚਿਆਂ ’ਤੇ ਇਸ ਦਾ ਡੂੰਘਾ ਮਾਨਸਿਕ ਅਸਰ ਪੈਂਦਾ ਹੈ ਤੇ ਉਨ੍ਹਾਂ ਦਾ ਭਵਿੱਖ ਵੀ ਪ੍ਰਭਾਵਿਤ ਹੁੰਦਾ ਹੈ। ਹੌਲੀ-ਹੌਲੀ ਰਿਸ਼ਤਿਆਂ ’ਚ ਦੂਰੀ ਵੱਧਦੀ ਜਾਂਦੀ ਹੈ ਤੇ ਤਲਾਕ ਦੀ ਨੌਬਤ ਆ ਜਾਂਦੀ ਹੈ।
-----
ਪਰਿਵਾਰਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ
ਆਰਥਿਕ ਸੰਕਟ : ਕਮਾਈ ਦਾ ਵੱਡਾ ਹਿੱਸਾ ਨਸ਼ੇ ’ਚ ਖਰਚ ਹੋ ਜਾਂਦਾ ਹੈ
ਘਰੇਲੂ ਹਿੰਸਾ : ਪਤਨੀ, ਬੱਚਿਆਂ ਤੇ ਬਜ਼ੁਰਗਾਂ ਨਾਲ ਮਾਰਪੀਟ
ਮਾਨਸਿਕ ਤਣਾਅ : ਪਰਿਵਾਰ ਦੇ ਮੈਂਬਰ ਡਰ ਤੇ ਚਿੰਤਾ ’ਚ ਜੀਵਨ ਬਿਤਾਉਂਦੇ ਹਨ
ਬੱਚਿਆਂ ’ਤੇ ਅਸਰ : ਪੜ੍ਹਾਈ ਤੇ ਮਾਨਸਿਕ ਵਿਕਾਸ ਪ੍ਰਭਾਵਿਤ ਹੁੰਦਾ ਹੈ
ਸਮਾਜਿਕ ਬਦਨਾਮੀ : ਪਰਿਵਾਰ ਦੀ ਇੱਜ਼ਤ ਨੂੰ ਨੁਕਸਾਨ
--------------------
ਕੀ ਹੈ ਹੱਲ
ਸਮੇਂ ’ਤੇ ਕਾਊਂਸਲਿੰਗ : ਨਸ਼ੇ ਦੇ ਸ਼ੁਰੂਆਤੀ ਦੌਰ ’ਚ ਹੀ ਇਲਾਜ ਤੇ ਸਲਾਹ
ਨਸ਼ਾ ਮੁਕਤੀ ਕੇਂਦਰ : ਪੀੜਤਾਂ ਨੂੰ ਰਿਹੈਬਿਲਿਟੇਸ਼ਨ ਸੈਂਟਰ ਭੇਜਣਾ
ਪਰਿਵਾਰ ਦਾ ਸਹਿਯੋਗ : ਸਮਝਦਾਰੀ ਤੇ ਹੌਸਲੇ ਨਾਲ ਹਾਲਾਤ ਸੰਭਾਲਣੇ
ਕਾਨੂੰਨੀ ਮਦਦ : ਘਰੇਲੂ ਹਿੰਸਾ ਦੇ ਮਾਮਲਿਆਂ ’ਚ ਤੁਰੰਤ ਪੁਲਿਸ ਦੀ ਸਹਾਇਤਾ
ਜਾਗਰੂਕਤਾ ਮੁਹਿੰਮ : ਨਸ਼ੇ ਦੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ
----------------------------
ਇਸ ਤਰ੍ਹਾਂ ਟੁੱਟ ਰਹੇ ਨੇ ਪਰਿਵਾਰ
ਕੇਸ 1
ਮਾਡਲ ਟਾਊਨ ਨੇੜੇ ਇਕ ਮਹਿਲਾ ਨੇ ਆਪਣੇ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਕਿ ਉਹ ਰੋਜ਼ ਸ਼ਰਾਬ ਪੀ ਕੇ ਘਰ ਆਉਂਦਾ ਹੈ ਤੇ ਉਸ ਨਾਲ ਮਾਰਪੀਟ ਕਰਦਾ ਹੈ। ਮਹਿਲਾ ਦਾ ਦੋਸ਼ ਹੈ ਕਿ ਪਤੀ ਨੇ ਘਰ ਦਾ ਸਾਮਾਨ ਵੀ ਵੇਚ ਦਿੱਤਾ ਤੇ ਬੱਚਿਆਂ ਦੀ ਪੜ੍ਹਾਈ ਦੇ ਪੈਸੇ ਵੀ ਸ਼ਰਾਬ ’ਚ ਉਡਾ ਦਿੱਤੇ। ਕਈ ਵਾਰ ਸਮਝਾਉਣ ਦੇ ਬਾਵਜੂਦ ਹਾਲਾਤ ਨਾ ਸੁਧਾਰਨ ’ਤੇ ਉਸ ਨੂੰ ਪੁਲਿਸ ਦੀ ਸ਼ਰਨ ਲੈਣੀ ਪਈ।
----------------------
ਕੇਸ 2
ਨਕੋਦਰ ਰੋਡ ਇਲਾਕੇ ’ਚ ਇਕ ਬਜ਼ੁਰਗ ਜੋੜੇ ਨੇ ਆਪਣੇ ਪੁੱਤਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਦਾ ਪੁੱਤਰ ਨਸ਼ੇ ਦਾ ਆਦੀ ਹੋ ਚੁੱਕਾ ਹੈ ਤੇ ਘਰ ’ਚ ਅਕਸਰ ਹੰਗਾਮਾ ਕਰਦਾ ਹੈ। ਉਹ ਮਾਪਿਆਂ ਤੋਂ ਪੈਸੇ ਮੰਗਦਾ ਹੈ ਤੇ ਇਨਕਾਰ ਕਰਨ ’ਤੇ ਕੁੱਟਮਾਰ ਕਰਦਾ ਹੈ। ਬਜ਼ੁਰਗਾਂ ਨੇ ਦੱਸਿਆ ਕਿ ਉਹ ਆਪਣੇ ਹੀ ਘਰ ’ਚ ਡਰ ਦੇ ਸਾਏ ਹੇਠ ਜੀ ਰਹੇ ਹਨ।
-------------------------
ਕੇਸ 3
ਕਪੂਰਥਲਾ ਰੋਡ ਨੇੜੇ ਇਕ ਨਵ-ਵਿਆਹੁਤਾ ਮਹਿਲਾ ਨੇ ਆਪਣੇ ਪਤੀ ਖ਼ਿਲਾਫ਼ ਕੇਸ ਦਰਜ ਕਰਵਾਇਆ। ਵਿਆਹ ਤੋਂ ਕੁਝ ਹੀ ਮਹੀਨਿਆਂ ਬਾਅਦ ਉਸ ਨੂੰ ਪਤਾ ਲੱਗਾ ਕਿ ਪਤੀ ਡਰੱਗਜ਼ ਲੈਂਦਾ ਹੈ। ਨਸ਼ੇ ’ਚ ਉਹ ਉਸ ਨਾਲ ਜ਼ਿਆਦਤੀ ਕਰਦਾ ਸੀ। ਹਾਲਾਤ ਇੰਨੇ ਖਰਾਬ ਹੋ ਗਏ ਕਿ ਮਹਿਲਾ ਨੂੰ ਮਾਇਕੇ ਵਾਪਸ ਜਾਣਾ ਪਿਆ ਤੇ ਮਾਮਲਾ ਤਲਾਕ ਤੱਕ ਪਹੁੰਚ ਗਿਆ।
---------------------
ਕੇਸ 4
ਫਿਲੌਰ ’ਚ ਇਕ ਵਿਅਕਤੀ ਨੇ ਆਪਣੀ ਨੌਕਰੀ ਗਵਾ ਦਿੱਤੀ ਕਿਉਂਕਿ ਉਹ ਨਸ਼ੇ ਦਾ ਆਦੀ ਸੀ। ਬੇਰੁਜ਼ਗਾਰੀ ਤੇ ਨਸ਼ੇ ਕਾਰਨ ਘਰ ’ਚ ਆਰਥਿਕ ਸੰਕਟ ਵਧ ਗਿਆ। ਇਸ ਕਰ ਕੇ ਪਤਨੀ ਤੇ ਬੱਚਿਆਂ ਨਾਲ ਲਗਾਤਾਰ ਝਗੜੇ ਹੁੰਦੇ ਰਹੇ ਤੇ ਅਖੀਰ ’ਚ ਪਤਨੀ ਬੱਚਿਆਂ ਸਮੇਤ ਅਲੱਗ ਰਹਿਣ ਲੱਗ ਪਈ।
-------------------
ਕਈ ਮਾਮਲਿਆਂ ’ਚ ਕਾਊਂਸਲਿੰਗ ਰਾਹੀਂ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਇਆ ਗਿਆ ਹੈ, ਪਰ ਇਸ ਲਈ ਪੀੜਤਾਂ ਨੂੰ ਅੱਗੇ ਆ ਕੇ ਸ਼ਿਕਾਇਤ ਕਰਨੀ ਪਵੇਗੀ। ਨਸ਼ੇ ਦੀ ਆਦਤ ਸਿਰਫ਼ ਇਕ ਵਿਅਕਤੀ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੰਦੀ ਹੈ। ਜਾਗਰੂਕਤਾ, ਸਖ਼ਤੀ ਤੇ ਸਾਂਝੀਆਂ ਕੋਸ਼ਿਸ਼ਾਂ ਨਾਲ ਪਰਿਵਾਰਾਂ ਨੂੰ ਟੁੱਟਣ ਤੋਂ ਬਚਾਇਆ ਜਾ ਸਕਦਾ ਹੈ। ਪੁਲਿਸ ਵੱਲੋਂ ਵੀ ਨਸ਼ੇ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ ਤੇ ਨਸ਼ਾ ਵੇਚਣ ਵਾਲਿਆਂ ਤੇ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਸਖ਼ਤੀ ਕੀਤੀ ਜਾ ਰਹੀ ਹੈ, ਜੋ ਅੱਗੇ ਵੀ ਜਾਰੀ ਰਹੇਗੀ।