ਜੰਤਰ ਮੰਤਰ ਦਿੱਲੀ ’ਚ ਰੋਸ ਪ੍ਰਦਰਸ਼ਨ 12 ਨੂੰ
1984 ਹਰਿਆਣਾ ਸਿੱਖ ਕਤਲੇਆਮ ਦੇ ਪੀੜਤ ਪਰਿਵਾਰ ਜੰਤਰ ਮੰਤਰ, ਦਿੱਲੀ ਵਿਖੇ ਰੋਸ ਪ੍ਰਦਰਸ਼ਨ ਕਰਨਗੇ
Publish Date: Fri, 06 Feb 2026 07:46 PM (IST)
Updated Date: Fri, 06 Feb 2026 07:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਰਿਆਣਾ ਦੇ ਹੋਂਦ ਚਿੱਲੜ, ਗੁੜਗਾਓਂ, ਪਟੌਦੀ, ਹੇਲੀਮੰਡੀ ਤੇ ਰੋਹਤਕ ਸਮੇਤ ਕਈ ਹੋਰ ਖੇਤਰਾਂ ’ਚ ਨਵੰਬਰ 1984 ’ਚ ਸਿੱਖ ਪਰਿਵਾਰਾਂ ਤੇ ਹੋਏ ਬੇਦਰਦੀ ਹਮਲਿਆਂ ਦੇ ਇਨਸਾਫ਼ ਨਾ ਮਿਲਣ ਉੱਤੇ, ਪੀੜਤ ਪਰਿਵਾਰ 12 ਫਰਵਰੀ ਨੂੰ ਜੰਤਰ ਮੰਤਰ, ਦਿੱਲੀ ਵਿਖੇ ਵੱਡਾ ਰੋਸ ਪ੍ਰਦਰਸ਼ਨ ਕਰਨਗੇ। ਹੋਂਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ ਇਸ ਰੋਸ ਪ੍ਰਦਰਸ਼ਨ ’ਚ 1984 ਦੇ ਕਤਲੇਆਮ ਦੇ ਪੀੜਤ ਪਰਿਵਾਰ ਵੱਡੀ ਗਿਣਤੀ ’ਚ ਸ਼ਾਮਲ ਹੋਣਗੇ। ਭਾਈ ਘੋਲੀਆ ਨੇ ਕਿਹਾ ਕਿ 2 ਨਵੰਬਰ 1984 ਨੂੰ ਸਾਬਕਾ ਪ੍ਰਧਾਨ ਮੰਤਰੀ ਦੀ ਹੱਤਿਆ ਤੋਂ ਬਾਅਦ, ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਇਕ ਯੋਜਨਾਬੱਧ ਤਰੀਕੇ ਨਾਲ ਸਿੱਖਾਂ ਦਾ ਨਸਲਕੁਸ਼ੀ ਵਰਗਾ ਕਤਲੇਆਮ ਕੀਤਾ ਗਿਆ। ਹਰਿਆਣਾ ਦੇ ਹੋਂਦ ਚਿੱਲੜ ਸਮੇਤ ਕਈ ਇਲਾਕਿਆਂ ’ਚ 297 ਤੋਂ ਵੱਧ ਸਿੱਖ ਪਰਿਵਾਰਾਂ ਦੇ ਘਰ ਤੇ ਫੈਕਟਰੀਆਂ ਲੁੱਟ ਕੇ ਅੱਗ ਦੇ ਹਵਾਲੇ ਕੀਤੀਆਂ ਗਈਆਂ। ਇਸ ਦੌਰਾਨ 79 ਨਿਰਦੋਸ਼ ਸਿੱਖਾਂ ਨੂੰ ਬੇਰਹਮੀ ਨਾਲ ਮਾਰ ਦਿੱਤਾ ਗਿਆ, ਜਿਸ ’ਚ 2 ਸਾਲ ਤੋਂ 85 ਸਾਲ ਦੇ ਬਜ਼ੁਰਗ ਸ਼ਾਮਲ ਸਨ। ਭਾਈ ਘੋਲੀਆ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵੱਲੋਂ 2006 ’ਚ ਸੰਸਦ ਭਵਨ ’ਚ ਪਾਸ ਕੀਤਾ ਗਿਆ ਰਹਿਤ ਪੈਕੇਜ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ। ਇਸ ਪੈਕੇਜ ’ਚ ਸਰਕਾਰੀ ਨੌਕਰੀਆਂ, ਕਮਰਸ਼ੀਅਲ ਫਲੈਟ ਤੇ ਬਿਨਾਂ ਟਰੱਸਟ ਲੋਨ ਵਰਗੀਆਂ ਸਹੂਲਤਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਯੂਪੀ, ਮੱਧ ਪ੍ਰਦੇਸ਼ ਤੇ ਦਿੱਲੀ ’ਚ 1984 ਦੇ ਪੀੜਤਾਂ ਨੂੰ ਪੂਰਨ ਇਨਸਾਫ਼ ਮਿਲਿਆ ਹੈ, ਪਰ ਹਰਿਆਣਾ ਸਰਕਾਰ ਨੇ ਸਿਰਫ਼ ਪਰਾਈਵੇਟ ਨੌਕਰੀਆਂ ਦੇ ਕੇ ਪੀੜਤਾਂ ਨਾਲ ਧੋਖਾ ਕੀਤਾ। ਉਨ੍ਹਾਂ ਮੰਗ ਕੀਤੀ ਕਿ ਹੋਂਦ ਚਿੱਲੜ ਤੇ ਹੋਰ ਇਲਾਕਿਆਂ ਦੇ ਮਾਮਲਿਆਂ ਨੂੰ ਮੁੜ ਖੋਲ੍ਹ ਕੇ ਮੁਲਜ਼ਮਾਂ ਨੂੰ ਸਜ਼ਾ ਦਿੱਤੀ ਜਾਵੇ, ਟੀਪੀ ਗਰਗ ਕਮਿਸ਼ਨ ਵੱਲੋਂ ਮੁਲਜ਼ਮ ਠਹਿਰਾਏ ਗਏ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਹਰਿਆਣਾ ਦੇ ਪੀੜਤਾਂ ਨੂੰ ਵੀ ਸਰਕਾਰੀ ਸਹੂਲਤਾਂ ਤੇ ਨੌਕਰੀਆਂ ਦਿੱਤੀਆਂ ਜਾਣ। ਭਾਈ ਘੋਲੀਆ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰਾਂ ਨੇ ਧਿਆਨ ਨਾ ਦਿੱਤਾ ਤਾਂ ਅੰਦੋਲਨ ਹੋਰ ਤੇਜ਼ ਕੀਤਾ ਜਾਵੇਗਾ ਤੇ 1984 ਦੀ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਉਠਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪਹਿਲਾਂ ਹੀ ਯੂਐੱਨਓ ਸਮੇਤ ਵਿਸ਼ਵ ਪੱਧਰ ’ਤੇ ਚਰਚਾ ਵਿੱਚ ਹੈ। ਇਸ ਮੌਕੇ ਚਸ਼ਮਦੀਦ ਗਵਾਹ ਰਾਮ ਸਿੰਘ, ਗੁਰਪ੍ਰੀਤ ਸਿੰਘ ਸਾਹਨੀ (ਗੁੜਵਾਉਂ), ਗੁਰਜੀਤ ਸਿੰਘ (ਪਟੌਦੀ), ਜੀਵਨੀ ਬਾਈ ਦਰਸਨ ਸਿੰਘ (ਹੇਲੀਮੰਡੀ), ਗੋਪਾਲ (ਰੇਵਾੜੀ), ਹਰਭਜਨ ਸਿੰਘ (ਹਨੁਮਾਨਗੜ੍ਹ), ਪਰਮਜੀਤ ਸਿੰਘ (ਉੱਤਰ ਪ੍ਰਦੇਸ਼), ਓਮ ਪ੍ਰਕਾਸ਼ (ਹੋਦ ਚਿੱਲੜ), ਅੰਕਿਤ ਕੁਮਾਰ ਤੇ ਸਰਵਜੀਤ ਕੌਰ (ਸਿਰਸਾ) ਸਮੇਤ ਕਈ ਪੀੜਤ ਤੇ ਸਮਰਥਕ ਹਾਜ਼ਰ ਸਨ।