ਆਂਗਨਵਾੜੀ ਵਰਕਰ ਵੱਲੋਂ ਲਾਏ ਗਏ ਝੂਠੇ ਦੋਸ਼ : ਸੀਡੀਪੀਓ
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ,
Publish Date: Fri, 20 Mar 2026 09:09 PM (IST)
Updated Date: Fri, 20 Mar 2026 09:13 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਬਾਲ ਵਿਕਾਸ ਪ੍ਰਾਜੈਕਟ ਅਫ਼ਸਰ (ਸੀਡੀਪੀਓ) ਸ਼ਾਹਕੋਟ ਰਾਜਵਿੰਦਰ ਕੌਰ ਨੇ ਉਨ੍ਹਾਂ ‘ਤੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਬਦਸਲੂਕੀ ਕਰਨ ਦੇ ਲੱਗ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਇਹ ਦੋਸ਼ ਪੂਰੀ ਤਰ੍ਹਾਂ ਝੂਠੇ ਤੇ ਬੇਬੁਨਿਆਦ ਹਨ। ਇਹ ਸਭ ਇਕ ਆਂਗਨਵਾੜੀ ਵਰਕਰ ਵੱਲੋਂ ਆਪਣੀਆਂ ਬੇਨਿਯਮੀਆਂ ਤੇ ਰਾਸ਼ਨ ਘਪਲੇ ਨੂੰ ਛੁਪਾਉਣ ਲਈ ਕੀਤਾ ਜਾ ਰਿਹਾ ਹੈ। ਆਪਣਾ ਪੱਖ ਰੱਖਦਿਆਂ ਸੀਡੀਪੀਓ ਰਾਜਵਿੰਦਰ ਕੌਰ ਨੇ ਦੱਸਿਆ ਕਿ 6 ਮਾਰਚ ਨੂੰ ਫੂਡ ਕਮਿਸ਼ਨ ਵੱਲੋਂ ਸੈਂਟਰਾਂ ਦੀ ਚੈਕਿੰਗ ਕੀਤੀ ਗਈ ਸੀ। ਕਮਿਸ਼ਨ ਦੇ ਮੈਂਬਰਾਂ ਨੇ ਮੌਕੇ 'ਤੇ ਉਨ੍ਹਾਂ ਨੂੰ ਸੱਦ ਕੇ ਸੈਂਟਰਾਂ ਦਾ ਮਾੜਾ ਹਾਲ ਦਿਖਾਇਆ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਆਂਗਨਵਾੜੀ ਵਰਕਰ ਮਨਿੰਦਰਪਾਲ ਕੌਰ ਦੇ ਸੈਂਟਰ ਦਾ ਸਰਕਾਰੀ ਰਾਸ਼ਨ ਅਤੇ ਫੀਡ ਬੱਚਿਆਂ ਨੂੰ ਵੰਡਣ ਦੀ ਬਜਾਏ ਇਕ ਹੈਲਪਰ ਦੀ ਕਰਿਆਨੇ ਦੀ ਦੁਕਾਨ ’ਚ ਰੱਖਿਆ ਹੋਇਆ ਸੀ। ਦੁਕਾਨ ਵਿੱਚੋਂ ਰਾਸ਼ਨ ਦੀਆਂ 12 ਤੋਂ 14 ਬੋਰੀਆਂ ਬਰਾਮਦ ਹੋਈਆਂ, ਜੋ ਕਿ ਇਕ ਬਹੁਤ ਵੱਡਾ ਅਪਰਾਧ ਹੈ। ਨਾ ਤਾਂ ਬੱਚਿਆਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਸੀ ਤੇ ਨਾ ਹੀ ਸੈਨੇਟਰੀ ਪੈਡ। ਉਨ੍ਹਾਂ ਦੱਸਿਆ ਕਿ ਜਦੋਂ ਉਹ ਸੈਂਟਰ ਦੀ ਚੈਕਿੰਗ ਲਈ ਗਏ ਤਾਂ ਆਂਗਨਵਾੜੀ ਵਰਕਰ ਗੈਰ-ਹਾਜ਼ਰ ਸੀ ਤੇ ਉਸ ਦੀ ਕੋਈ ਛੁੱਟੀ ਵੀ ਪ੍ਰਵਾਨ ਨਹੀਂ ਸੀ। ਹੈਲਪਰ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਰਕਰ ਬੱਚਿਆਂ ਨੂੰ ਸਵੇਰ ਤੇ ਦੁਪਹਿਰ ਦਾ ਖਾਣਾ ਨਹੀਂ ਦਿੰਦੀ ਕਿਉਂਕਿ ਉਹ ਆਪਣੇ ਏਰੀਏ ਵਿਚ ਨਹੀਂ ਬੈਠਦੀ। ਸੀਡੀਪੀਓ ਨੇ ਦੋਸ਼ ਲਾਇਆ ਕਿ ਉਕਤ ਵਰਕਰ ਡਿਊਟੀ ਸਮੇਂ ਦੌਰਾਨ ਪ੍ਰਾਪਰਟੀ ਦਾ ਨਿੱਜੀ ਕੰਮ ਕਰਦੀ ਹੈ ਤੇ ਇੱਕੋ ਸਮੇਂ ਦੋ ਅਹੁਦਿਆਂ 'ਤੇ ਕੰਮ ਕਰ ਰਹੀ ਹੈ, ਜਿਸ ਦੀ ਸ਼ਿਕਾਇਤ ਵੀ ਦਫਤਰ ਨੂੰ ਪੁੱਜੀ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਨਾਲ ਸਬੰਧਤ ਕੈਬਨਿਟ ਮੰਤਰੀ ਦੇ ਸਪੱਸ਼ਟ ਆਦੇਸ਼ ਹਨ ਕਿ ਇਕ ਕਮਰੇ ’ਚ ਦੋ ਸੈਂਟਰ ਨਹੀਂ ਚੱਲਣਗੇ ਪਰ ਵਾਰ-ਵਾਰ ਨੋਟਿਸ ਕੱਢਣ ਦੇ ਬਾਵਜੂਦ ਇਸ ਵਰਕਰ ਨੇ ਆਪਣਾ ਸੈਂਟਰ ਵੱਖ ਨਹੀਂ ਕੀਤਾ। ਸੀਡੀਪੀਓ ਨੇ ਕਿਹਾ ਕਿ ਜਦੋਂ ਵਿਭਾਗ ਵੱਲੋਂ ਇਸ ਰਾਸ਼ਨ ਘਪਲੇ ਤੇ ਡਿਊਟੀ ਵਿਚ ਅਣਗਹਿਲੀ ਖਿਲਾਫ਼ ਕਾਰਵਾਈ ਕੀਤੀ ਗਈ ਤਾਂ ਉਸ ਕਾਰਵਾਈ ਨੂੰ ਦਬਾਉਣ ਲਈ ਉਕਤ ਵਰਕਰ ਵੱਲੋਂ ਦਫ਼ਤਰ ਅੱਗੇ ਧਰਨੇ ਲਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸੀਡੀਪੀਓ ਰਾਜਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਵੀ ਵਰਕਰ ’ਤੇ ਕੋਈ ਨਿੱਜੀ ਦਬਾਅ ਨਹੀਂ ਪਾਇਆ ਜਾਂਦਾ। ਉਨ੍ਹਾਂ ਦਾ ਮਕਸਦ ਸਿਰਫ਼ ਇੰਨਾ ਹੈ ਕਿ ਆਂਗਨਵਾੜੀ ਸੈਂਟਰ ਸੁਚਾਰੂ ਢੰਗ ਨਾਲ ਚੱਲਣ ਅਤੇ ਸਰਕਾਰ ਵੱਲੋਂ ਭੇਜਿਆ ਜਾਂਦਾ ਰਾਸ਼ਨ ਤੇ ਲਾਭ ਸਹੀ ਲਾਭਪਾਤਰੀਆਂ (ਬੱਚਿਆਂ) ਤੱਕ ਪੁੱਜੇ।