ਕੌਂਸਲਰ ਦੇ ਮੋਹਰ ਚੋਰੀ ਕਰ ਕੇ ਫ਼ਰਜ਼ੀ ਦਸਤਾਵੇਜ਼ ਬਣਾਉਂਦੇ 2 ਕਾਬੂ
ਸੁਵਿਧਾ ਕੇਂਦਰ ਝਗੜੇ ਦੇ ਖੇਤਰ ’ਚ ਬਦਲਿਆ
Publish Date: Tue, 24 Mar 2026 09:32 PM (IST)
Updated Date: Tue, 24 Mar 2026 09:34 PM (IST)
ਸੁਵਿਧਾ ਕੇਂਦਰ ’ਚ ਕੌਂਸਲਰ ਦੀ ਮੋਹਰ ਨੂੰ ਲੈ ਕੇ ਦੋ ਧਿਰਾਂ ’ਚ ਹੋਇਆ ਝਗੜਾ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ 8 ਦੇ ਅਧਿਕਾਰ ਖੇਤਰ ’ਚ ਆਉਂਦੇ ਇਲਾਕੇ ’ਚ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਵਾਰਡ ਨੰਬਰ 4 ਦੇ ਕੌਂਸਲਰ ਜਗੀਰ ਸਿੰਘ ਤੇ ਸਥਾਨਕ ਸੁਵਿਧਾ ਕੇਂਦਰ ਦੇ ਇਕ ਏਜੰਟ ਵਿਚਾਲੇ ਕਿਸੇ ਖਾਸ ਮੁੱਦੇ ਨੂੰ ਲੈ ਕੇ ਹਿੰਸਕ ਝੜਪ ਹੋ ਗਈ। ਕੁਝ ਹੀ ਸਮੇਂ ’ਚ ਵਿਵਾਦ ਇੰਨਾ ਵੱਧ ਗਿਆ ਕਿ ਦੋਵਾਂ ਧਿਰਾਂ ’ਚ ਲੱਤਾਂ ਤੇ ਮੁੱਕੇ ਚੱਲ ਪਏ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁੱਜੀ ਸਥਿਤੀ ਨੂੰ ਕਾਬੂ ’ਚ ਲਿਆਂਦਾ ਤੇ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ।
-------------------------
ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ ਮਤਭੇਦ
ਜਾਣਕਾਰੀ ਅਨੁਸਾਰ ਵਿਵਾਦ ਦੀ ਜੜ੍ਹ ਕੌਂਸਲਰ ਦੀ ਅਧਿਕਾਰਤ ਮੋਹਰ ਦੱਸੀ ਜਾ ਰਹੀ ਹੈ। ਇਸ ਦੌਰਾਨ ਮੌਕੇ 'ਤੇ ਮੌਜੂਦ ਭਾਜਪਾ ਆਗੂਆਂ ਨੇ ਸਨਸਨੀਖੇਜ਼ ਦੋਸ਼ ਲਾਏ। ਦਾਅਵਾ ਕੀਤਾ ਕਿ ਕੌਂਸਲਰ ਜਗੀਰ ਸਿੰਘ ਨੇ ਲਗਭਗ ਤਿੰਨ ਮਹੀਨੇ ਪਹਿਲਾਂ ਆਪਣੀ ਸਰਕਾਰੀ ਮੋਹਰ ਕਿਸੇ ਹੋਰ ਵਿਅਕਤੀ ਨੂੰ ਵਰਤੋਂ ਲਈ ਸੌਂਪ ਦਿੱਤੀ ਸੀ। ਇਸ ਮੁੱਦੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਉਦੋਂ ਤੋਂ ਹੀ ਚੱਲ ਰਿਹਾ ਮਤਭੇਦ ਚੱਲ ਰਿਹਾ ਸੀ।
---------------------
ਮੋਹਰ ਦੀ ਕਥਿਤ ਚੋਰੀ ਨੂੰ ਲੈ ਕੇ ਹੋਇਆ ਡਰਾਮਾ
ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਕੌਂਸਲਰ ਨੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਤੋਂ ਬਚਣ ਦੀ ਕੋਸ਼ਿਸ਼ ’ਚ ਮੋਹਰ ਦੀ ਕਥਿਤ ਚੋਰੀ ਨੂੰ ਲੈ ਕੇ ਇਕ 'ਡਰਾਮਾ' ਰਚਿਆ। ਜਦੋਂ ਅੱਜ ਇਸ ਮਾਮਲੇ 'ਤੇ ਕੌਂਸਲਰ ਤੇ ਏਜੰਟ ਇੱਕ ਦੂਜੇ ਦੇ ਸਾਹਮਣੇ ਆਏ ਤਾਂ ਜ਼ੁਬਾਨੀ ਬਹਿਸ ਜਲਦੀ ਹੀ ਝਗੜੇ ’ਚ ਬਦਲ ਗਈ। ਸੁਵਿਧਾ ਕੇਂਦਰ ’ਚ ਮੌਜੂਦ ਲੋਕ ਹੈਰਾਨ ਰਹਿ ਗਏ ਕਿਉਂਕਿ ਦੋਵੇਂ ਧਿਰਾਂ ਇਕ ਜਨਤਕ ਥਾਂ 'ਤੇ ਇਕ ਦੂਜੇ 'ਤੇ ਵਾਰ ਕਰ ਰਹੀਆਂ ਸਨ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਥਾਣਾ ਨੰਬਰ 8 ਦੀ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ। ਪੁਲਿਸ ਨੇ ਸਥਿਤੀ ਨੂੰ ਸ਼ਾਂਤ ਕਰਨ ਲਈ ਦਖਲ ਦਿੱਤਾ। ਝੜਪ ’ਚ ਸ਼ਾਮਲ ਦੋ ਵਿਅਕਤੀਆਂ ਨੂੰ ਹਿਰਾਸਤ ’ਚ ਲੈ ਲਿਆ ਤੇ ਉਨ੍ਹਾਂ ਨੂੰ ਥਾਣੇ ਲੈ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ ਜਦੋਂ ਇਸ ਘਟਨਾ ਸਬੰਧੀ ਪੁਲਿਸ ਅਧਿਕਾਰੀਆਂ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਕਾਲ ਕੱਟ ਦਿੱਤੀ।