ਮਾਤ ਭਾਸ਼ਾ ਦਿਵਸ ਮੌਕੇ ਰੂ-ਬ-ਰੂ ਸੈਮੀਨਾਰ
ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਰੂ-ਬ-ਰੂ ਸੈਮੀਨਾਰ ਕਰਵਾਇਆ
Publish Date: Tue, 17 Feb 2026 06:33 PM (IST)
Updated Date: Tue, 17 Feb 2026 06:36 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ‘ਪੰਜਾਬੀ ਕਵਿਤਾ ਸੁਹਜ ਤੇ ਸੰਵੇਦਨਾ’ ਵਿਸ਼ੇ ’ਤੇ ਰੂ-ਬ-ਰੂ ਸੈਮੀਨਾਰ ਕਰਵਾਇਆ ਗਿਆ। ਇਹ ਸਮਾਗਮ ਸੰਤ ਬਾਬਾ ਮਲਕੀਤ ਸਿੰਘ (ਬਾਨੀ ਚਾਂਸਲਰ) ਤੇ ਸੰਤ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ) ਦੇ ਆਸ਼ੀਰਵਾਦ, ਚਾਂਸਲਰ ਸੰਤ ਮਨਮੋਹਨ ਸਿੰਘ ਦੀ ਪ੍ਰੇਰਨਾ ਤੇ ਉਪ-ਕੁਲਪਤੀ ਡਾ. ਵਿਜੈ ਧੀਰ ਤੇ ਸਕੱਤਰ ਹਰਦਮਨ ਸਿੰਘ ਮਿਨਹਾਸ ਦੀ ਅਗਵਾਈ ਹੇਠ ਕਰਵਾਇਆ। ਸਮਾਗਮ ਦੇ ਮੁੱਖ ਵਕਤਾ ਪ੍ਰਸਿੱਧ ਸਾਹਿਤਕਾਰ ਤੇ ਵਿਦਵਾਨ ਪ੍ਰੋ. ਡਾ. ਸੁਹਿੰਦਰਬੀਰ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਪੰਜਾਬੀ ਕਵਿਤਾ ਦੀ ਸੁੰਦਰਤਾ ਤੇ ਮਨੁੱਖੀ ਸੰਵੇਦਨਾ ਨਾਲ ਉਸਦੇ ਗਹਿਰੇ ਨਾਤੇ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਮਾਤ ਭਾਸ਼ਾ ’ਚ ਰਚੀ ਕਵਿਤਾ ਮਨੁੱਖ ਦੇ ਮਨ ਨਾਲ ਸਿੱਧਾ ਸਬੰਧ ਜੋੜਦੀ ਹੈ ਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਸੱਭਿਆਚਾਰਕ ਜੜਾਂ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਸਮਾਗਮ ਦੇ ਅੰਤ ’ਚ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੁੱਖ ਵਕਤਾ ਦਾ ਧੰਨਵਾਦ ਕੀਤਾ ਗਿਆ ਤੇ ਮਾਤ ਭਾਸ਼ਾ ਦੇ ਸਨਮਾਨ ਨੂੰ ਕਾਇਮ ਰੱਖਣ ਦਾ ਸੰਦੇਸ਼ ਦਿੱਤਾ ਗਿਆ। ਕੋਆਰਡੀਨੇਟਰ ਡਾ. ਮਨਦੀਪ ਸਿੰਘ (ਡੀਨ, ਯੂਆਈਐੱਚ) ਨੇ ਧੰਨਵਾਦੀ ਸ਼ਬਦ ਕਹਿੰਦੇ ਹੋਏ ਮੁੱਖ ਵਕਤਾ, ਪ੍ਰਬੰਧਕਾਂ ਤੇ ਸਾਰੇ ਭਾਈਵਾਲਾਂ ਦਾ ਧੰਨਵਾਦ ਪ੍ਰਗਟ ਕੀਤਾ। ਇਸ ਸਮਾਗਮ ’ਚ ਰਜਿੰਦਰ ਕੁਮਾਰ (ਰਜਿਸਟਰਾਰ), ਕਨਵੀਨਰ ਡਾ. ਸੁਰਿੰਦਰ ਕੁਮਾਰ (ਸਹਾਇਕ ਪ੍ਰੋਫੈਸਰ, ਪੰਜਾਬੀ) ਸਮੇਤ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰ ਵੀ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਡਾ. ਅਨੀਤਾ ਰਾਣੀ (ਸਹਾਇਕ ਪ੍ਰੋਫੈਸਰ, ਪੰਜਾਬੀ) ਵੱਲੋਂ ਬਖੂਬੀ ਨਿਭਾਈ ਗਈ।