- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਇੰਟਰਨੈੱਟ ਮੀਡੀਆ ’ਤੇ ਵਧ

-ਇੰਟਰਨੈੱਟ ਮੀਡੀਆ ’ਤੇ ਵਧ ਰਹੀ ਫ਼ਰਜ਼ੀ ਰਿਸ਼ਤਿਆਂ ’ਚ ਠੱਗੀ, ਵੱਧ ਰਹੇ ਹਨ ਸ਼ੋਸ਼ਣ ਤੇ ਠੱਗੀ ਦੇ ਮਾਮਲੇ
-ਪਿਛਲੇ ਛੇ ਮਹੀਨਿਆਂ ’ਚ 70 ਤੋਂ ਵੱਧ ਸ਼ਿਕਾਇਤਾਂ ਸਾਈਬਰ ਥਾਣੇ ਸਮੇਤ ਹੋਰਨਾਂ ਥਾਣਿਆਂ ’ਚ ਦਰਜ
ਸੁਕ੍ਰਾਂਤ, ਜਾਗਰਣ, ਜਲੰਧਰ
ਜਲੰਧਰ ਦੇ ਕਾਲਾ ਸੰਘਿਆ ਰੋਡ ਇਲਾਕੇ ’ਚ ਇਕ ਕੁੜੀ ਆਨਲਾਈਨ ਪਿਆਰ ਦੇ ਨੈੱਟਵਰਕ ’ਚ ਫਸ ਕੇ ਤਿੰਨ ਲੱਖ ਰੁਪਏ ਗੁਆ ਬੈਠੀ। ਕੁੜੀ ਦੀ ਦੋਸਤੀ ਫੇਸਬੁੱਕ ’ਤੇ ਇਕ ਨੌਜਵਾਨ ਨਾਲ ਹੋਈ, ਜਿਸ ਨੇ ਖੁਦ ਨੂੰ ਅਣਵਿਆਹਿਆ ਦੱਸ ਕੇ ਉਸ ਨਾਲ ਨੇੜਤਾ ਵਧਾਈ। ਕੁਝ ਹੀ ਸਮੇਂ ’ਚ ਇਹ ਦੋਸਤੀ ਪਿਆਰ ’ਚ ਬਦਲ ਗਈ। ਮੁਲਜ਼ਮ ਨੌਜਵਾਨ ਨੇ ਭਰੋਸਾ ਜਿੱਤਣ ਮਗਰੋਂ ਵਿਆਹ ਕਰਨ ਦੀ ਗੱਲ ਕੀਤੀ। ਵਿਆਹ ਦੀ ਖ਼ਰੀਦਦਾਰੀ, ਪੈਸੇ ਦੀ ਤੰਗੀ ਜਾਂ ਕਿਸੇ ਖਾਤੇ ਦੀ ਸਮੱਸਿਆ ਦੱਸ ਕੇ ਵੱਖ-ਵੱਖ ਬਹਾਨਿਆਂ ਨਾਲ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ। ਜਦ ਤੱਕ ਕੁੜੀ ਨੂੰ ਸੱਚਾਈ ਦਾ ਪਤਾ ਲੱਗਿਆ, ਉਹ ਲੱਖਾਂ ਰੁਪਏ ਗੁਆ ਚੁੱਕੀ ਸੀ। ਬਾਅਦ ’ਚ ਪਤਾ ਲੱਗਾ ਕਿ ਨੌਜਵਾਨ ਪਹਿਲਾਂ ਹੀ ਵਿਆਹਿਆ ਵਰਿਆ ਸੀ ਤੇ ਇਹ ਸਾਰਾ ਮਾਮਲਾ ਠੱਗੀ ਦਾ ਸੀ। ਇਸ ਤੋਂ ਬਾਅਦ ਸਾਈਬਰ ਥਾਣੇ ’ਚ ਸ਼ਿਕਾਇਤ ਕੀਤੀ ਗਈ ਹੈ। ਅੱਜ ਦੇ ਸਮੇਂ ਵਿਚ ਇੰਟਰਨੈੱਟ ਮੀਡੀਆ ਪਲੇਟਫਾਰਮ ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਵ੍ਹਟਸਐਪ ਅਤੇ ਡੇਟਿੰਗ ਐਪਸ 'ਤੇ ਅਜਿਹੇ ਮਾਮਲਿਆਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਪਹਿਲਾਂ ਦੋਸਤੀ, ਫਿਰ ਪਿਆਰ ਤੇ ਉਸ ਤੋਂ ਬਾਅਦ ਪੈਸੇ ਮੰਗਣ ਦਾ ਇਹ ਸਿਲਸਿਲਾ ਆਮ ਹੁੰਦਾ ਜਾ ਰਿਹਾ ਹੈ। ਪਿਛਲੇ ਛੇ ਮਹੀਨਿਆਂ ’ਚ ਹੀ 70 ਦੇ ਕਰੀਬ ਸ਼ਿਕਾਇਤਾਂ ਸਾਈਬਰ ਥਾਣੇ ਸਮੇਤ ਵੱਖ-ਵੱਖ ਥਾਣਿਆਂ ’ਚ ਦਰਜ ਹੋ ਚੁੱਕੀਆਂ ਹਨ।
---
ਪਹਿਲਾਂ ਸਾਹਮਣੇ ਵਾਲੇ ਦਾ ਜਿੱਤਿਆ ਜਾਂਦਾ ਹੈ ਭਰੋਸਾ
ਆਨਲਾਈਨ ਠੱਗ ਸਭ ਤੋਂ ਪਹਿਲਾਂ ਫ਼ਰਜ਼ੀ ਜਾਂ ਆਕਰਸ਼ਕ ਪ੍ਰੋਫਾਈਲ ਬਣਾਉਂਦੇ ਹਨ। ਉਹ ਆਪਣੀ ਪ੍ਰੋਫਾਈਲ ’ਤੇ ਆਪਣੇ-ਆਪ ਨੂੰ ਅਮੀਰ, ਪੜ੍ਹੇ-ਲਿਖੇ ਜਾਂ ਵਿਦੇਸ਼ ’ਚ ਸੈਟਲ ਦਿਖਾਉਂਦੇ ਹਨ। ਫਿਰ ਉਹ ਕਿਸੇ ਕੁੜੀ ਜਾਂ ਮੁੰਡੇ, ਜਿਸ ਦੀ ਪ੍ਰੋਫਾਈਲ ਚੰਗੀ ਹੋਵੇ, ਨੂੰ ਫ੍ਰੈਂਡ ਰਿਕੁਐਸਟ ਭੇਜਦੇ ਹਨ ਜਾਂ ਚੈਟ ਸ਼ੁਰੂ ਕਰਦੇ ਹਨ। ਹੌਲੀ-ਹੌਲੀ ਉਹ ਸਾਹਮਣੇ ਵਾਲੇ ਦਾ ਭਰੋਸਾ ਜਿੱਤ ਲੈਂਦੇ ਹਨ ਤੇ ਭਾਵਨਾਤਮਕ ਤੌਰ ’ਤੇ ਜੋੜ ਲੈਂਦੇ ਹਨ। ਇਸ ਤੋਂ ਬਾਅਦ ਉਹ ਕਿਸੇ ਸਮੱਸਿਆ, ਬਿਮਾਰੀ, ਤੋਹਫ਼ਾ ਭੇਜਣ ਜਾਂ ਐਮਰਜੈਂਸੀ ਦਾ ਬਹਾਨਾ ਬਣਾ ਕੇ ਪੈਸੇ ਮੰਗਦੇ ਹਨ।
---
ਪੀੜਤ ਸ਼ਰਮ ਜਾਂ ਡਰ ਕਾਰਨ ਨਹੀਂ ਕਰਦੇ ਸ਼ਿਕਾਇਤ
ਇੰਟਰਨੈੱਟ ਮੀਡੀਆ 'ਤੇ ਫ੍ਰੈਂਡ ਰਿਕੁਐਸਟ ਸਵੀਕਾਰ ਹੋਣ ਦੇ ਬਾਅਦ ਸ਼ੁਰੂਆਤ ’ਚ ਠੱਗ ਬਹੁਤ ਸੱਭਿਅਕ ਤੇ ਦੇਖਭਾਲ ਕਰਨ ਵਾਲਾ ਵਤੀਰਾ ਅਪਣਾਉਂਦੇ ਹਨ। ਉਹ ਰੋਜ਼ਾਨਾ ਗੱਲ ਕਰਦੇ ਹਨ ਤੇ ਹੌਲੀ-ਹੌਲੀ ਵਿਅਕਤੀ ਨੂੰ ਆਪਣੇ ’ਤੇ ਨਿਰਭਰ ਬਣਾ ਦਿੰਦੇ ਹਨ। ਜਦੋਂ ਭਾਵਨਾਤਮਕ ਰਿਸ਼ਤਾ ਮਜ਼ਬੂਤ ਹੋ ਜਾਂਦਾ ਹੈ, ਉਦੋਂ ਕਿਸੇ ਨਾ ਕਿਸੇ ਬਹਾਨੇ ਨਾਲ ਪੈਸੇ ਮੰਗਣ ਦੀ ਸ਼ੁਰੂਆਤ ਹੁੰਦੀ ਹੈ। ਕਈ ਵਾਰੀ ਸ਼ਰਮ ਜਾਂ ਡਰ ਕਾਰਨ ਪੀੜਤ ਸਮੇਂ 'ਤੇ ਸ਼ਿਕਾਇਤ ਵੀ ਨਹੀਂ ਕਰਦੇ।
---
ਕਈ ਤਰੀਕਿਆਂ ਨਾਲ ਹੋ ਰਹੀ ਠੱਗੀ
1. ਮਾਡਲ ਹਾਊਸ ’ਚ ਇਕ ਕੁੜੀ ਨੂੰ ਐੱਨਆਰਆਈ ਬਣ ਕੇ ਨੌਜਵਾਨ ਨੇ ਫ੍ਰੈਂਡ ਰਿਕੁਐਸਟ ਭੇਜੀ। ਦੋਸਤੀ ਕੀਤੀ ਤੇ ਕਈ ਦਿਨਾਂ ਤੱਕ ਗੱਲਾਂ ਕੀਤੀਆਂ। ਇਸ ਤੋਂ ਬਾਅਦ ਵਿਆਹ ਲਈ ਕਿਹਾ ਤੇ ਵਿਦੇਸ਼ ਲੈ ਜਾਣ ਦੀ ਗੱਲ ਕੀਤੀ। ਵਿਦੇਸ਼ ਤੋਂ ਉਸ ਨੂੰ ਤੋਹਫ਼ਾ ਭੇਜਣ ਦੇ ਨਾਂ 'ਤੇ ਕਸਟਮ ਚਾਰਜ ਵਜੋਂ ਕਰੀਬ ਇਕ ਲੱਖ ਰੁਪਏ ਠੱਗ ਲਏ।
2. ਇੰਸਟਾਗ੍ਰਾਮ ’ਤੇ ਬਣੇ ਰਿਸ਼ਤੇ ਵਿਚ ਨੌਜਵਾਨ ਨੇ ਮੈਡੀਕਲ ਐਮਰਜੈਂਸੀ ਦਾ ਬਹਾਨਾ ਬਣਾ ਕੇ 2 ਲੱਖ ਰੁਪਏ ਲੈ ਲਏ। ਵਿਧਵਾ ਔਰਤ ਨੂੰ ਕਿਹਾ ਕਿ ਉਸ ਦਾ ਸਾਥੀ ਵਿਆਹ ਕਰਨ ਲਈ ਤਿਆਰ ਹੈ। ਬਾਅਦ ’ਚ ਆਪਣੇ ਇਕ ਰਿਸ਼ਤੇਦਾਰ ਦੇ ਹਸਪਤਾਲ ’ਚ ਹੋਣ ਤੇ ਪੈਸੇ ਟ੍ਰਾਂਸਫਰ ਕਰਨ ’ਚ ਅਸਫਲ ਰਹਿਣ ਦੀ ਗੱਲ ਕੀਤੀ ਤੇ ਉਸ ਤੋਂ ਵੱਖ-ਵੱਖ ਸਮੇਂ 'ਤੇ ਦੋ ਲੱਖ ਰੁਪਏ ਆਨਲਾਈਨ ਲੈ ਲਏ। ਇਸ ਤੋਂ ਬਾਅਦ ਪਤਾ ਲੱਗਾ ਕਿ ਉਕਤ ਨੌਜਵਾਨ ਠੱਗ ਹੈ। ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਿਸ ਤੋਂ ਬਾਅਦ ਖਾਤਾ ਵੀ ਬੰਦ ਹੋ ਗਿਆ।
3. ਇਕ ਐੱਨਆਰਆਈ ਔਰਤ ਨੇ ਵਿਆਹ ਦਾ ਝਾਂਸਾ ਦੇ ਕੇ ਵਿਅਕਤੀ ਤੋਂ 8 ਲੱਖ ਰੁਪਏ ਠੱਗੇ ਤੇ ਬਾਅਦ ਵਿਚ ਗਾਇਬ ਹੋ ਗਈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਫਿਲੌਰ ਦੇ ਰਹਿਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਦਾ ਵਿਆਹ ਨਹੀਂ ਹੋਇਆ ਸੀ। ਇਕ ਔਰਤ ਨੇ ਖ਼ੁਦ ਨੂੰ ਕੈਨੇਡਾ ਦੀ ਰਹਿਣ ਵਾਲੀ ਦੱਸਿਆ ਤੇ ਫ੍ਰੈਂਡ ਰਿਕੁਐਸਟ ਭੇਜੀ। ਇਸ ਤੋਂ ਬਾਅਦ ਗੱਲਬਾਤ ਸ਼ੁਰੂ ਹੋਈ ਤਾਂ ਔਰਤ ਨੇ ਵਿਆਹ ਕਰ ਕੇ ਉਸ ਨੂੰ ਕੈਨੇਡਾ ਸੱਦਣ ਦੀ ਗੱਲ ਕੀਤੀ। ਇਸ ਤੋਂ ਬਾਅਦ ਦਸਤਾਵੇਜ਼ ਅਤੇ ਬਾਕੀ ਖਰਚਿਆਂ ਦੇ ਨਾਂ 'ਤੇ ਅੱਠ ਲੱਖ ਰੁਪਏ ਲੈ ਲਏ ਤੇ ਫਿਰ ਖਾਤਾ ਡਿਲੀਟ ਕਰ ਦਿੱਤਾ।
4. ਸ਼ਾਹਕੋਟ ਦੇ ਨੇੜੇ ਰਹਿਣ ਵਾਲੀ ਇਕ ਔਰਤ ਨੂੰ ਵ੍ਹਟਸਐਪ ਕਾਲ ਜ਼ਰੀਏ ਪਿਆਰ ਦਾ ਨਾਟਕ ਕਰ ਕੇ ਦੋਸ਼ੀ ਨੇ ਕੁੜੀ ਤੋਂ ਕਈ ਵਾਰੀ ਪੈਸੇ ਟ੍ਰਾਂਸਫਰ ਕਰਵਾਏ।
---
ਲੋਕਾਂ ਨੂੰ ਚੌਕਸ ਰਹਿਣ ਦੀ ਤੇ ਭਾਵਨਾਵਾਂ ’ਚ ਵਹਿ ਕੇ ਕੋਈ ਵੱਡਾ ਕਦਮ ਨਾ ਚੁੱਕਣ ਦੀ ਲੋੜ ਹੈ। ਪੁਲਿਸ ਆਪਣਾ ਕੰਮ ਕਰ ਰਹੀ ਹੈ, ਸ਼ਿਕਾਇਤ ਮਿਲਣ ’ਤੇ ਬਣਦੀ ਕਾਰਵਾਈ ਕੀਤੀ ਜਾਂਦੀ ਹੈ ਪਰ ਜਾਗਰੂਕਤਾ ਹੀ ਸਭ ਤੋਂ ਵੱਡਾ ਬਚਾਅ ਹੈ। ਜਾਗਰੂਕ ਰਹੋ ਤੇ ਜੇਕਰ ਕੋਈ ਵੀ ਠੱਗੀ ਹੁੰਦੀ ਹੈ ਤਾਂ ਤੁਰੰਤ ਪੁਲਿਸ ਕੋਲ ਆਓ। ਸਮੇਂ ’ਤੇ ਕਾਰਵਾਈ ਕੀਤੀ ਜਾ ਸਕਦੀ ਹੈ।
-ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ