ਰੰਗਕਰਮੀ ਬਹਿਲ ਦੇ ਵਿਛੋੜੇ ’ਤੇ ਦੁੱਖ ਦਾ ਪ੍ਰਗਟਾਵਾ
ਰੰਗ ਕਰਮੀ ਨਵਨਿੰਦਰਾ ਬਹਿਲ ਦੇ ਵਿਛੋੜੇ ’ਤੇ ਦੁੱਖ਼ ਦਾ ਪ੍ਰਗਟਾਵਾ
Publish Date: Mon, 16 Mar 2026 08:23 PM (IST)
Updated Date: Mon, 16 Mar 2026 08:25 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਦੇਸ਼ ਭਗਤ ਯਾਦਗਾਰ ਹਾਲ ਚ ਡਾ. ਨਵਨਿੰਦਰਾ ਬਹਿਲ ਦੇ ਵਿਛੋੜੇ ਤੇ ਕਮੇਟੀ ਵੱਲੋਂ ਉਨ੍ਹਾਂ ਦੇ ਪਰਿਵਾਰ, ਸਾਕ ਸਬੰਧੀਆਂ ਤੇ ਸੰਗੀ ਸਾਥੀਆਂ ਨਾਲ਼ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਨਵਨਿੰਦਰਾ ਬਹਿਲ ਨੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਟਰੱਸਟੀ ਸ਼੍ਰੋਮਣੀ ਕਹਾਣੀਕਾਰ ਪ੍ਰੋ. ਵਰਿਆਮ ਸਿੰਘ ਸੰਧੂ ਦੀ ਕਹਾਣੀ ਨੌਂ ਬਾਰਾਂ ਦਸ ਤੇ ਅਧਾਰਿਤ ਨਾਟਕ ਗ਼ਦਰੀ ਬਾਬਿਆਂ ਦੇ ਮੇਲੇ ਮੌਕੇ ਖੇਡਿਆ ਸੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਥੀਏਟਰ ਵਿਭਾਗ ਵਿੱਚ ਪ੍ਰੋਫੈਸਰ, ਭਾਰਤੀ ਰੰਗਮੰਚ ਦੀ ਉੱਘੀ ਅਦਾਕਾਰਾ, ਨਿਰਦੇਸ਼ਕ ਤੇ ਲੇਖਿਕਾ ਸਾਹਿਤ ਤੇ ਕਲਾ ਜਗਤ ਨੂੰ ਅਲਵਿਦਾ ਆਖ ਗਏ। ਉਹ ਪ੍ਰਸਿੱਧ ਲੇਖਕ ਕਪੂਰ ਸਿੰਘ ਘੁੰਮਣ ਦੀ ਬੇਟੀ ਸਨ। ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਾਉਂਦਿਆਂ ਉਨ੍ਹਾਂ ਕਈ ਨਾਟਕਾਂ ਦਾ ਨਿਰਦੇਸ਼ਨ ਕੀਤਾ। ਕਈ ਲੜੀਵਾਰ ਸੀਰੀਅਲ ’ਚ ਅਦਾਕਾਰੀ ਕੀਤੀ। ਉਨ੍ਹਾਂ ਨੇ ਪੰਜਾਬੀ ਕਲਾਕਾਰਾਂ ਨੂੰ ਅਦਾ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣ ਲਈ ਅਥਾਹ ਮਿਹਨਤ ਕੀਤੀ। ਕਮੇਟੀ ਨੇ ਕਿਹਾ ਕਿ ਅੱਜ ਜਦੋਂ ਪੰਜਾਬੀ ਲੋਕ ਪੱਖੀ ਰੰਗਮੰਚ ਨੂੰ ਲੇਖਕਾਂ, ਨਿਰਦੇਸ਼ਕਾਂ ਅਦਾਕਾਰਾਂ ਤੇ ਰੰਗਮੰਚ ਦੀਆਂ ਹੋਰ ਲੋੜਾਂ ਦੀ ਪੂਰਤੀ ਲਈ ਵਡੇਰੀ ਲੋੜ ਅਜਿਹੇ ਮੌਕੇ ਨਵਨਿੰਦਰਾ ਬਹਿਲ ਦਾ ਵਿਛੋੜਾ ਅਤਿ ਦੁਖਦਾਈ ਹੈ।