- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੈਂਡ ਟੂਲ, ਆਟੋ ਪਾਰਟਸ ਤੇ ਖੇਡ ਉਤਪਾਦਾਂ ਦੀ ਐਕਸਪੋਰਟ ਰੁਕੀ, ਨਿਰਯਾਤਕਾਂ ਨੂੰ ਭੁਗਤਾਨ ਫਸਣ ਦਾ ਡਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਅਮਰੀਕਾ ਤੇ ਇਜ਼ਰਾਇਲ ਵੱਲੋਂ ਇਰਾਨ ’ਤੇ ਕੀਤੇ ਗਏ ਸਾਂਝੇ ਹਮਲਿਆਂ ਤੋਂ ਬਾਅਦ ਮਿਡਲ ਈਸਟ ’ਚ ਹਾਲਾਤ ਤਣਾਅਪੂਰਨ ਹੋ ਗਏ ਹਨ। ਫੌਜੀ ਟਕਰਾਅ ਕਾਰਨ ਪੰਜਾਬ ਦੀ ਇੰਜੀਨੀਅਰਿੰਗ ਗੁੱਡਜ਼ ਇੰਡਸਟਰੀ ’ਤੇ ਵੱਡਾ ਅਸਰ ਪੈ ਰਿਹਾ ਹੈ। ਜੰਗ ਕਾਰਨ ਹੈਂਡ ਟੂਲ, ਸਪੇਅਰ ਪਾਰਟਸ, ਪਾਈਪ ਫਿਟਿੰਗ ਤੇ ਖੇਡ ਸਾਮਾਨ ਦੀ ਐਕਸਪੋਰਟ ਰੁਕ ਗਈ ਹੈ। ਐਕਸਪੋਰਟਰਾਂ ਦੇ ਕਈ ਕੰਟੇਨਰ ਰਸਤੇ ’ਚ ਫਸੇ ਹੋਏ ਹਨ। ਜੇ ਕੰਟੇਨਰ ਮੰਜ਼ਿਲ ’ਤੇ ਪਹੁੰਚ ਵੀ ਜਾਂਦੇ ਹਨ ਤਾਂ ਭੁਗਤਾਨ ਕਿਵੇਂ ਹੋਵੇਗਾ, ਇਹ ਸਭ ਤੋਂ ਵੱਡੀ ਚਿੰਤਾ ਬਣੀ ਹੋਈ ਹੈ। ਖਾੜੀ ਦੇਸ਼ਾਂ ਦੇ ਪੋਰਟ ਬੰਦ ਹੋ ਚੁੱਕੇ ਹਨ ਤੇ ਕੋਈ ਵੀ ਸ਼ਿਪਮੈਂਟ ਨਹੀਂ ਜਾ ਰਹੀ, ਜਿਸ ਨਾਲ ਪੰਜਾਬ ਦੀ ਐਕਸਪੋਰਟ ਪ੍ਰਭਾਵਿਤ ਹੋ ਗਈ ਹੈ। ਜੇ ਰੂਟ ਬਦਲਣ ਦੀ ਸਥਿਤੀ ਲੰਬੇ ਸਮੇਂ ਤੱਕ ਰਹੀ ਤਾਂ ਯੂਰਪ ਤੇ ਅਮਰੀਕਾ ਲਈ ਭੇਜੇ ਜਾਣ ਵਾਲੇ ਸਾਮਾਨ ਨੂੰ ਪੁੱਜਣ ’ਚ 20 ਤੋਂ 25 ਦਿਨ ਲੱਗ ਸਕਦੇ ਹਨ। ਪੰਜਾਬ ਦੀਆਂ ਉਦਯੋਗ ਇਕਾਈਆਂ ਨੇ ਖਾੜੀ ਦੇਸ਼ਾਂ ਦੇ ਖਰੀਦਦਾਰਾਂ ਤੋਂ ਮਿਲੇ ਆਰਡਰ ਅਸਥਾਈ ਤੌਰ ’ਤੇ ਰੋਕ ਦਿੱਤੇ ਹਨ। ਖਰੀਦਦਾਰਾਂ ਨੇ ਵੀ ਫਿਲਹਾਲ ਆਰਡਰ ਨਾ ਭੇਜਣ ਲਈ ਕਿਹਾ ਹੈ। ਸਮੁੰਦਰੀ ਰਸਤੇ ਪ੍ਰਭਾਵਿਤ ਹੋਣ ਨਾਲ ਸ਼ਿਪਿੰਗ ਲਾਗਤ ਵਧਣ ਦੀ ਸੰਭਾਵਨਾ ਹੈ। ਪੰਜਾਬ ਤੋਂ ਇੰਜੀਨੀਅਰਿੰਗ ਗੁੱਡਜ਼ ਜਿਵੇਂ ਆਟੋ ਪਾਰਟਸ, ਨੱਟ-ਬੋਲਟ, ਸਕੈਫੋਲਡਿੰਗ, ਹੈਂਡ ਟੂਲ, ਖੇਡ ਸਮਾਨ, ਵਾਲਵ ਤੇ ਕਾਕਸ ਨਿਰਯਾਤ ਕੀਤੇ ਜਾਂਦੇ ਹਨ। ਪੰਜਾਬ ਦੀ ਉਦਯੋਗ ਇਰਾਨ ਨਾਲ ਲਗਭਗ 600 ਕਰੋੜ ਦਾ ਕਾਰੋਬਾਰ ਕਰਦੀ ਹੈ। ਹੁਣ ਨੇੜਲੇ ਖਾੜੀ ਦੇਸ਼ਾਂ ਦੇ ਖਰੀਦਦਾਰ ਵੀ ਆਰਡਰ ਦੇਣ ਤੋਂ ਕਤਰਾ ਰਹੇ ਹਨ।
----------------------------
ਖਾੜੀ ਦੇਸ਼ਾਂ ਨਾਲ ਲਗਪਗ 1800 ਕਰੋੜ ਦਾ ਕਾਰੋਬਾਰ
ਇੰਜੀਨੀਅਰਿੰਗ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਸਾਬਕਾ ਡਿਪਟੀ ਡਾਇਰੈਕਟਰ ਓਪਿੰਦਰ ਸਿੰਘ ਨੇ ਕਿਹਾ ਕਿ ਖਾੜੀ ਦੇਸ਼ਾਂ ਨਾਲ ਲਗਪਗ 1800 ਕਰੋੜ ਤੋਂ ਵੱਧ ਦਾ ਕਾਰੋਬਾਰ ਹੁੰਦਾ ਹੈ, ਜਿਸ ’ਚ ਇਰਾਨ ਨਾਲ 600 ਕਰੋੜ ਤੋਂ ਵੱਧ ਦਾ ਵਪਾਰ ਸ਼ਾਮਲ ਹੈ। ਸਾਊਦੀ ਅਰਬ, ਓਮਾਨ ਸਮੇਤ ਕਈ ਬੰਦਰਗਾਹ ਬੰਦ ਹੋਣ ਕਾਰਨ ਸ਼ਿਪਮੈਂਟ ਰੁਕ ਗਈ ਹੈ। ਐਕਸਪੋਰਟ ਰੁਕਣ ਨਾਲ ਪੰਜਾਬ ਦੀ ਇੰਡਸਟਰੀ ਦੀ ਟਰਨਓਵਰ ’ਤੇ ਅਸਰ ਪੈਣਾ ਤੈਅ ਹੈ ਤੇ ਐਕਸਪੋਰਟਾਂ ਨੂੰ ਭੁਗਤਾਨ ਫਸਣ ਦਾ ਡਰ ਸਤਾਅ ਰਿਹਾ ਹੈ।
------------------------
ਇਰਾਨ ਨਾਲ ਕਾਰੋਬਾਰ ਦਾ ਵੇਰਵਾ
ਆਟੋ ਪਾਰਟਸ–170 ਤੋਂ 210 ਕਰੋੜ
ਹੈਂਡ ਟੂਲ–60 ਤੋਂ 80 ਕਰੋੜ
ਕਾਸਟਿੰਗ ਫੋਰਜਿੰਗ–50 ਤੋਂ 60 ਕਰੋੜ
ਨੱਟ ਬੋਲਟ–40 ਤੋਂ 60 ਕਰੋੜ
ਖੇਤੀਬਾੜੀ ਪਾਰਟਸ–40 ਤੋਂ 55 ਕਰੋੜ
ਖੇਡ ਸਾਮਾਨ–70 ਕਰੋੜ
----------------------
ਉਦਯੋਗਪਤੀਆਂ ਦੀ ਰਾਇ
ਐੱਚਆਰ ਇੰਡਸਟਰੀਜ਼ ਦੇ ਐੱਮਡੀ ਸੁਰੇਸ਼ ਸ਼ਰਮਾ ਨੇ ਕਿਹਾ ਕਿ ਸਪਲਾਈ ਚੇਨ ਰੁਕ ਜਾਵੇਗੀ ਤੇ ਵਿਦੇਸ਼ਾਂ ਤੋਂ ਮਿਲਣ ਵਾਲੇ ਆਰਡਰ ਫਿਲਹਾਲ ਬੰਦ ਹੋ ਗਏ ਹਨ। ਪੰਜਾਬ ਦੀ ਐਕਸਪੋਰਟ ’ਤੇ 5 ਤੋਂ 10 ਫੀਸਦੀ ਤੱਕ ਅਸਰ ਪੈ ਸਕਦਾ ਹੈ। ਸ਼ਿਪਮੈਂਟ ਦੀ ਲਾਗਤ ਵੀ ਵਧੇਗੀ ਤੇ ਭੁਗਤਾਨ ਫਸਣ ਦਾ ਖਤਰਾ ਬਣਿਆ ਰਹੇਗਾ। ਜੇਐੱਮਪੀ ਇੰਡਸਟਰੀ ਦੇ ਐੱਮਡੀ ਬਲਰਾਮ ਕਪੂਰ ਨੇ ਕਿਹਾ ਕਿ ਐਕਸਪੋਰਟ ਰੁਕਣ ਨਾਲ ਚਿੰਤਾ ਵਧ ਗਈ ਹੈ। ਮੁੱਖ ਸ਼ਿਪਿੰਗ ਲਾਈਨਾਂ ਪ੍ਰਭਾਵਿਤ ਹੋਣ ਕਾਰਨ ਆਟੋ ਪਾਰਟਸ ਦੀ ਡਿਲਿਵਰੀ ’ਚ ਦੇਰੀ ਹੋ ਰਹੀ ਹੈ। ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਉਤਪਾਦਨ ਲਾਗਤ ’ਤੇ ਸਿੱਧਾ ਅਸਰ ਪਵੇਗਾ। ਬਸੰਤ ਆਟੋਟੈੱਕ ਐੱਲਐੱਲਪੀ ਦੇ ਐੱਮਡੀ ਤੁਸ਼ਾਰ ਜੈਨ ਨੇ ਕਿਹਾ ਕਿ ਇਕਦਮ ਐਕਸਪੋਰਟ ਰੁਕ ਗਈ ਹੈ ਤੇ ਸ਼ਿਪਮੈਂਟ ਰਸਤੇ ’ਚ ਫਸੇ ਹੋਏ ਹਨ। ਨਿਰਯਾਤਕਾਂ ਨੂੰ ਭੁਗਤਾਨ ਦਾ ਡਰ ਹੈ। ਤੇਲ ਦੀਆਂ ਕੀਮਤਾਂ ’ਚ ਉਛਾਲ ਨਾਲ ਘਰੇਲੂ ਪੱਧਰ ’ਤੇ ਆਟੋ ਪਾਰਟਸ ਦੀ ਉਤਪਾਦਨ ਲਾਗਤ ਵਧ ਸਕਦੀ ਹੈ ਤੇ ਇਹ ਤਣਾਅ ਗਲੋਬਲ ਆਟੋਮੋਬਾਈਲ ਉਦਯੋਗ ਲਈ ਵੱਡੀ ਚੁਣੌਤੀ ਹੈ।