ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਵਾਇਦ ਤੇਜ਼
ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਕਵਾਇਦ ਤੇਜ਼
Publish Date: Mon, 20 Apr 2026 08:37 PM (IST)
Updated Date: Mon, 20 Apr 2026 08:39 PM (IST)

-ਬੀਡੀਪੀਓ ਨੇ ਗਿਰਦਾਵਰੀਆਂ ਪੰਚਾਇਤ ਦੇ ਨਾਮ ਕਰਨ ਲਈ ਤਹਿਸੀਲਦਾਰ ਨੂੰ ਲਿਖਿਆ ਪੱਤਰ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪੰਜਾਬ ਸਰਕਾਰ ਵੱਲੋਂ ਪੰਚਾਇਤੀ ਤੇ ਸਰਕਾਰੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ਦੀ ਮੁਹਿੰਮ ਤਹਿਤ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਪਣਾ ਲਿਆ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸ਼ਾਹਕੋਟ ਵੱਲੋਂ ਤਹਿਸੀਲਦਾਰ ਸ਼ਾਹਕੋਟ ਨੂੰ ਇੱਕ ਪੱਤਰ ਜਾਰੀ ਕਰਕੇ ਬਲਾਕ ਦੇ ਪਿੰਡ ਚੱਕ ਬਾਹਮਣੀਆਂ ਤੇ ਥੰਮੂਵਾਲ ਸਮੇਤ ਹੋਰ ਪਿੰਡਾਂ ਦੀ ਪੰਚਾਇਤੀ ਜ਼ਮੀਨ ਦੀਆਂ ਗਿਰਦਾਵਰੀਆਂ ਕਬਜ਼ਾਧਾਰੀਆਂ ਦੇ ਨਾਵਾਂ ਤੋਂ ਹਟਾ ਕੇ ਤੁਰੰਤ ਸਬੰਧਤ ਗ੍ਰਾਮ ਪੰਚਾਇਤਾਂ ਦੇ ਨਾਮ ‘ਤੇ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਬੀਡੀਪੀਓ ਸ਼ਾਹਕੋਟ ਬਲਜੀਤ ਸਿੰਘ ਬੱਗਾ ਨੇ ਦੱਸਿਆ ਕਿ ਜਿਹੜੇ ਲੋਕਾਂ ਨੇ ਇਨ੍ਹਾਂ ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਹ ਸਿਰਫ਼ ਜ਼ਮੀਨ ਵਾਹ ਹੀ ਨਹੀਂ ਰਹੇ, ਸਗੋਂ ਪੰਚਾਇਤੀ ਰਕਬੇ ਵਿੱਚੋਂ ਰੇਤਾ ਤੇ ਮਿੱਟੀ ਕੱਢ ਕੇ ਅੱਗੇ ਵੇਚ ਰਹੇ ਹਨ, ਜਿਸ ਨਾਲ ਪੰਚਾਇਤੀ ਜ਼ਮੀਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਸਰਕਾਰੀ ਖ਼ਜ਼ਾਨੇ ਨੂੰ ਵੀ ਵੱਡਾ ਚੂਨਾ ਲੱਗ ਰਿਹਾ ਹੈ। ਬੀਡੀਪੀਓ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਨਾਜਾਇਜ਼ ਕਬਜ਼ਾਧਾਰੀ ਵੱਲੋਂ ਸਰਕਾਰੀ ਜਾਂ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਮਾਲ ਰਿਕਾਰਡ (ਗਿਰਦਾਵਰੀ) ਵਿਚ ਉਨ੍ਹਾਂ ਦਾ ਨਾਮ ਦਰਜ ਹੋ ਸਕਦਾ ਹੈ। ਗਿਰਦਾਵਰੀ ਸਿਰਫ ਮਾਲਕ ਯਾਨੀ ਪੰਚਾਇਤ ਦੇ ਨਾਮ ‘ਤੇ ਹੀ ਦਰਜ ਹੋਣੀ ਲਾਜ਼ਮੀ ਹੈ। ਇਸ ਕਾਰਵਾਈ ਨਾਲ ਇਲਾਕੇ ਵਿਚ ਸਰਕਾਰੀ ਜ਼ਮੀਨਾਂ ‘ਤੇ ਕਬਜ਼ਾ ਕਰਕੇ ਬੈਠੇ ਲੋਕਾਂ ’ਚ ਭਾਜੜਾਂ ਪੈ ਗਈਆਂ ਹਨ।