- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
-ਮੁਲਜ਼ਮ ਖ਼ਰੀਦਦਾਰ ਮਨਦੀਪ ਕੁਮਾਰ

-ਮੁਲਜ਼ਮ ਖ਼ਰੀਦਦਾਰ ਮਨਦੀਪ ਕੁਮਾਰ ’ਤੇ ਕੇਸ ਦਰਜ ਕਰਨ ਦੀ ਪੁਲਿਸ ਕਮਿਸ਼ਨਰ ਨੂੰ ਸਿਫਾਰਿਸ਼
ਜਾਸ, ਜਲੰਧਰ : ਜਲੰਧਰ ਦੇ ਨੰਗਲਸ਼ਾਮਾ ਇਲਾਕੇ ’ਚ ਭ੍ਰਿਸ਼ਟਾਚਾਰ ਤੇ ਧੋਖਾਧੜੀ ਦਾ ਇਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਮਿਲੀਭੁਗਤ ਕਰ ਕੇ ਇਕ ਮ੍ਰਿਤਕ ਵਿਅਕਤੀ (ਜਮੁਨਾ ਦਾਸ) ਨੂੰ ਕਾਗਜ਼ਾਂ ’ਚ ‘ਜਿਊਂਦਾ’ ਦਿਖਾ ਕੇ ਉਸ ਦੀ 17 ਮਰਲੇ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ। ਇਸ ਮਾਮਲੇ ’ਚ ਡੀਸੀ ਹਿਮਾਂਸ਼ੂ ਅਗਰਵਾਲ ਦੇ ਹੁਕਮ ’ਤੇ ਮੁੱਖ ਮੁਲਜ਼ਮ ਮਨਦੀਪ ਕੁਮਾਰ ਖ਼ਿਲਾਫ਼ ਪਰਚਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਸਾਰੇ ਫਰਜ਼ੀਵਾੜੇ ’ਚ ਵਾਰਡ ਨੰਬਰ 10 ਦੇ ਸਾਬਕਾ ਕੌਂਸਲਰ ਰਹੇ ਮਨਦੀਪ ਕੁਮਾਰ ਜੱਸਲ ਦਾ ਨਾਂ ਸਾਹਮਣੇ ਆ ਰਿਹਾ ਹੈ। ਜੱਸਲ ਨੇ ਮੌਜੂਦਾ ਵਾਰਡ ਨੰਬਰ 8 ਤੋਂ ਕੌਂਸਲਰ ਦੀ ਚੋਣ ਲੜੀ ਸੀ, ਜਿਸ ’ਚ ਉਹ ਹਾਰ ਗਏ। ਜਾਂਚ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਮਨਦੀਪ ਕੁਮਾਰ ਜੱਸਲ ਨੇ ਪੂਰੇ ਮਾਮਲੇ ਦੀ ਕਹਾਣੀ ਘੜੀ ਸੀ। ਇਸ ਮਾਮਲੇ ’ਚ ਨੰਬਰਦਾਰ ਗੁਰਦੇਵ ਸਿੰਘ ਨੂੰ ਡੀਸੀ ਦੇ ਹੁਕਮ ’ਤੇ ਸਸਪੈਂਡ ਕਰ ਦਿੱਤਾ ਗਿਆ ਹੈ, ਜਦਕਿ ਉਸ ਨੂੰ ਬਰਖਾਸਤ ਕਰਨ ਲਈ ਵਿਭਾਗੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਨੰਗਲਸ਼ਾਮਾ ਦੇ ਨਿਵਾਸੀ ਜਮੁਨਾ ਦਾਸ ਦੀ ਮਈ, 2023 ’ਚ ਮੌਤ ਹੋ ਚੁਕੀ ਸੀ ਪਰ ਉਨ੍ਹਾਂ ਨੂੰ ਮਈ, 2024 ਵਿਚ ਤਹਿਸੀਲ ਦਫਤਰ ’ਚ ਜਿਊਂਦਾ ਦਿਖਾ ਕੇ ਜ਼ਮੀਨ ਦੀ ਰਜਿਸਟਰੀ ਕਰਵਾਈ ਗਈ। ਭੂ-ਮਾਫੀਆ ਨੇ ਜਮੁਨਾ ਦਾਸ ਦੇ ਨਾਂ ’ਤੇ ਇਕ ਹਮਸ਼ਕਲ ਖੜ੍ਹਾ ਕੀਤਾ ਤੇ ਉਸ ਦੇ ਫਰਜ਼ੀ ਆਧਾਰ ਕਾਰਡ ਤੇ ਪਛਾਣ ਪੱਤਰ ਤਿਆਰ ਕੀਤੇ। ਰਜਿਸਟਰੀ ਦੌਰਾਨ ਨਾ ਸਿਰਫ ਫਰਜ਼ੀ ਗਵਾਹ ਪੇਸ਼ ਕੀਤੇ ਗਏ, ਸਗੋਂ ਤਹਿਸੀਲ ਦਫਤਰ ਦੇ ਮੁਲਾਜ਼ਮਾਂ ਦੀ ਭੂਮਿਕਾ ’ਤੇ ਵੀ ਗੰਭੀਰ ਸਵਾਲ ਉੱਠ ਰਹੇ ਹਨ।
---
ਘਪਲੇ ਦੀ ਪਰਤਾਂ : 17 ਮਰਲੇ ਤੋਂ 7 ਮਰਲੇ ਤੱਕ ਦਾ ਸਫਰ
ਜ਼ਿਲ੍ਹਾ ਮਾਲੀਆ ਅਫਸਰ ਨਵਦੀਪ ਸਿੰਘ ਭੋਗਲ ਤੇ ਸੀਐੱਮ ਫੀਲਡ ਅਫਸਰ ਨਵਦੀਪ ਸਿੰਘ ਵੱਲੋਂ ਕੀਤੀ ਗਈ ਜਾਂਚ ’ਚ ਖੁਲਾਸਾ ਹੋਇਆ ਹੈ ਕਿ ਮੁੱਖ ਮੁਲਜ਼ਮ ਮਨਦੀਪ ਕੁਮਾਰ ਨੇ ਪਹਿਲਾਂ ਮ੍ਰਿਤਕ ਜਮੁਨਾ ਦਾਸ ਬਣ ਕੇ 17 ਮਰਲੇ ਜ਼ਮੀਨ ਆਪਣੇ ਨਾਮ ਕਰਵਾਈ। ਇਸ ਦੇ ਸਿਰਫ 4 ਮਹੀਨੇ ਬਾਅਦ ਉਸ ਨੇ ਜ਼ਮੀਨ ਵਿੱਚੋਂ 7 ਮਰਲੇ ਹਿੱਸਾ ਇਕ ਹੋਰ ਵਿਅਕਤੀ ਨੂੰ ਵੇਚ ਦਿੱਤਾ। ਜਦੋਂ ਅਸਲੀ ਜਮੁਨਾ ਦਾਸ ਦੇ ਰਿਸ਼ਤੇਦਾਰਾਂ (ਜੋ ਵਿਦੇਸ਼ ’ਚ ਰਹਿੰਦੇ ਹਨ) ਨੂੰ ਇਸ ਬਾਰੇ ਪਤਾ ਲੱਗਾ ਤਾਂ ਮਾਮਲੇ ਦੀ ਸ਼ਿਕਾਇਤ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੂੰ ਕੀਤੀ ਗਈ। ਇਸ ਮਗਰੋਂ ਡੀਸੀ ਦੇ ਹੁਕਮ ’ਤੇ ਜਾਂਚ ਸ਼ੁਰੂ ਕੀਤੀ ਗਈ। ਡੀਸੀ ਦੇ ਹੁਕਮ ’ਤੇ ਡੀਆਰਓ ਨੇ ਮਨਦੀਪ ਕੁਮਾਰ ਖ਼ਿਲਾਫ਼ ਪਰਚਾ ਦਰਜ ਕਰਨ ਲਈ ਸੀਪੀ ਨੂੰ ਪੱਤਰ ਲਿਖ ਦਿੱਤਾ ਹੈ। ਨਾਲ ਹੀ ਇੰਤਕਾਲ ਨੂੰ ਰੱਦ ਕਰਕੇ ਜ਼ਮੀਨ ਨੂੰ ਮ੍ਰਿਤਕ ਦੇ ਅਸਲੀ ਵਾਰਿਸਾਂ ਦੇ ਨਾਂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਡੀਆਰਓ ਨਵਦੀਪ ਸਿੰਘ ਭੋਗਲ ਦਾ ਕਹਿਣਾ ਹੈ ਕਿ ਇਹ ਮਾਮਲਾ ਸਿਰਫ ਇਕ ਵਿਅਕਤੀ ਦੀ ਧੋਖਾਧੜੀ ਨਹੀਂ ਹੈ, ਸਗੋਂ ਸਿਸਟਮ ’ਚ ਡੂੰਘਾਈ ਨਾਲ ਪੈਰ ਪਸਾਰ ਚੁੱਕੇ ਭੂ-ਮਾਫੀਆ ਦਾ ਸਬੂਤ ਹੈ। ਭ੍ਰਿਸ਼ਟਾਚਾਰ ’ਚ ਸ਼ਾਮਲ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।
---
ਪੂਰੀ ਜਾਂਚ ਰਿਪੋਰਟ ਫੈਕਟ ਫਾਈਡਿੰਗ ਦੇ ਆਧਾਰ ’ਤੇ : ਜਾਂਚ ਅਧਿਕਾਰੀ
ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਵਾਲੇ ਸੀਐੱਮਐੱਫਓ ਨਵਦੀਪ ਸਿੰਘ ਦਾ ਕਹਿਣਾ ਹੈ ਕਿ ਜਾਂਚ ਵਿਚ ਜ਼ਮੀਨ ਖਰੀਦਣ ਤੇ ਵੇਚਣ ਵਾਲਿਆਂ ਨੂੰ ਸੱਦ ਉਨ੍ਹਾਂ ਦਾ ਬਿਆਨ ਲਿਆ ਗਿਆ ਸੀ ਪਰ ਜ਼ਮੀਨ ਖਰੀਦਣ ਲਈ ਦਿੱਤੇ ਗਏ ਰੁਪਏ ਤੇ ਬੀਐੱਮਡਬਲਯੂ ਕਾਰ ਦੀ ਗੱਲ ਦਾ ਕੋਈ ਸਬੂਤ ਨਹੀਂ ਪੇਸ਼ ਕੀਤਾ ਗਿਆ। ਪੂਰੀ ਜਾਂਚ ਰਿਪੋਰਟ ਫੈਕਟ ਫਾਈਡਿੰਗ ਦੇ ਆਧਾਰ ’ਤੇ ਦਿੱਤੀ ਗਈ ਹੈ।
---
ਜ਼ਮੀਨ ਮੈਂ ਖਰੀਦੀ, ਮੇਰੇ ਕੋਲ ਸਾਰੇ ਕਾਗਜ਼ ਮੌਜੂਦ ਹਨ : ਮਨਦੀਪ
ਸਾਬਕਾ ਕੌਂਸਲਰ ਮਨਦੀਪ ਜੱਸਲ ਦਾ ਕਹਿਣਾ ਹੈ ਕਿ ਜ਼ਮੀਨ ਦੀ ਖਰੀਦ ਉਸ ਨੇ ਹੀ ਕੀਤੀ ਸੀ। ਉਸ ਕੋਲ ਸੌਦੇ ’ਚ ਦੇਣਦਾਰੀ ਦੇ ਸਾਰੇ ਕਾਗਜ਼ ਮੌਜੂਦ ਹਨ। ਜਾਂਚ ਰਿਪੋਰਟ ਨੂੰ ਲੈ ਕੇ ਕਿਹਾ ਕਿ ਇਹ ਜਾਂਚ ਉਸ ਦੀ ਸਮਝ ਤੋਂ ਪਰ੍ਹੇ ਹੈ, ਜਿਸ ਕਾਰਨ ਉਸ ਦੀ ਬਦਨਾਮੀ ਹੋ ਰਹੀ ਹੈ। ਛੇਤੀ ਹੀ ਉਹ ਸਾਰੇ ਕਾਗਜ਼ ਲੈ ਕੇ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੂੰ ਮਿਲ ਕੇ ਆਪਣਾ ਪੱਖ ਰੱਖਣ ਦੇ ਨਾਲ-ਨਾਲ ਕਿਸੇ ਸੀਨੀਅਰ ਅਧਿਕਾਰੀ ਤੋਂ ਜਾਂਚ ਕਰਨ ਦੀ ਮੰਗ ਕਰਨਗੇ।