ਪੰਜਾਬ ਦੇ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਦਾ ਮੁਫ਼ਤ ਇਲਾਜ : ਸੀਚੇਵਾਲ
ਪੰਜਾਬ ਦੇ ਹਰ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ : ਸੀਚੇਵਾਲ
Publish Date: Sun, 04 Jan 2026 07:02 PM (IST)
Updated Date: Mon, 05 Jan 2026 04:09 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡੇ ਫੈਸਲੇ ਲਏ ਜਾ ਰਹੇ ਹਨ। ਸਰਕਾਰ ਵੱਲੋਂ ‘ਮੁੱਖ ਮੰਤਰੀ ਸਿਹਤ ਯੋਜਨਾ’ ਲਾਗੂ ਕੀਤੀ ਜਾ ਰਹੀ ਹੈ, ਜਿਸ ਤਹਿਤ ਸੂਬੇ ਦੇ 3 ਕਰੋੜ ਲੋਕਾਂ ਨੂੰ ਕਵਰ ਕਰ ਕੇ ਹਰ ਪਰਿਵਾਰ ਨੂੰ ਸਾਲਾਨਾ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ‘ਆਪ’ ਸਰਕਾਰ ਦੀ ਸ਼ਲਾਘਾ ਕਰਦਿਆਂ ਬੈਕਫਿੰਕੋ ਪੰਜਾਬ ਦੇ ਵਾਈਸ ਚੇਅਰਮੈਨ ਤੇ ਹਲਕਾ ਸ਼ਾਹਕੋਟ ਦੇ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ ਨੇ ਕਿਹਾ ਕਿ ਪਹਿਲਾਂ ਗਰੀਬ ਤੇ ਮੱਧ ਵਰਗੀ ਪਰਿਵਾਰ ਵੱਡੀਆਂ ਬਿਮਾਰੀਆਂ ਵੇਲੇ ਮਹਿੰਗੇ ਹਸਪਤਾਲਾਂ ਦੇ ਖਰਚੇ ਦੇਖ ਕੇ ਇਲਾਜ ਕਰਵਾਉਣ ਤੋਂ ਅਸਮਰੱਥ ਹੋ ਜਾਂਦੇ ਸਨ ਜਾਂ ਕਰਜ਼ਾਈ ਹੋ ਜਾਂਦੇ ਸਨ ਪਰ ਹੁਣ ‘ਆਪ’ ਸਰਕਾਰ ਯਕੀਨੀ ਬਣਾਏਗੀ ਕਿ ਗੰਭੀਰ ਬਿਮਾਰੀਆਂ ਤੇ ਵੱਡੇ ਆਪ੍ਰੇਸ਼ਨਾਂ ਦੌਰਾਨ ਮਰੀਜ਼ ਦੀ ਜੇਬ ’ਚੋਂ ਇਕ ਰੁਪਇਆ ਵੀ ਖਰਚ ਨਹੀਂ ਹੋਵੇਗਾ। ਇਹ ਯੋਜਨਾ ਪੰਜਾਬ ਦੇ ਕਰੋੜਾਂ ਪਰਿਵਾਰਾਂ ਲਈ ਜੀਵਨ ਰੱਖਿਅਕ ਸਾਬਤ ਹੋਵੇਗੀ। ਸੀਚੇਵਾਲ ਨੇ ਸਪੱਸ਼ਟ ਕੀਤਾ ਕਿ ਪੁਰਾਣੀਆਂ ਸਰਕਾਰਾਂ ਵਾਂਗ ਲੋਕਾਂ ਨੂੰ ਕਾਰਡ ਬਣਵਾਉਣ ਲਈ ਲਾਈਨਾਂ ’ਚ ਨਹੀਂ ਲੱਗਣਾ ਪਵੇਗਾ। ਪੰਜਾਬ ਦਾ ਹਰ ਉਹ ਪੱਕਾ ਵਸਨੀਕ, ਜਿਸ ਕੋਲ ਪੰਜਾਬ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਹੈ, ਉਹ ਆਪਣੇ ਆਪ ਹੀ ਇਸ 10 ਲੱਖ ਦੇ ਬੀਮਾ ਕਵਰ ਲਈ ਯੋਗ ਮੰਨਿਆ ਜਾਵੇਗਾ। ਸਰਕਾਰ ਨੇ ਪਹਿਲਾਂ ਮੁਹੱਲਾ ਕਲੀਨਿਕ ਖੋਲ੍ਹ ਕੇ ਸਿਹਤ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਇਸ ਵੱਡੀ ਬੀਮਾ ਯੋਜਨਾ ਨਾਲ ਸੂਬੇ ਨੂੰ ਸਿਹਤਮੰਦ ਪੰਜਾਬ ਬਣਾਉਣ ਦਾ ਸੁਪਨਾ ਪੂਰਾ ਕੀਤਾ ਜਾ ਰਿਹਾ ਹੈ।