‘ਜੇ ਤੁਸੀਂ 10 ਪਰਚੇ ਵੀ ਕਰ ਦਿਓ, ਮੈਂ ਡਰਨ ਵਾਲਾ ਨਹੀਂ : ਪਰਗਟ ਸਿੰਘ
‘ਜੇ ਤੁਸੀਂ 10 ਪਰਚੇ ਵੀ ਕਰ ਦਿਓ, ਮੈਂ ਡਰਨ ਵਾਲਾ ਨਹੀਂ-ਪਰਗਟ ਸਿੰਘ
Publish Date: Sat, 10 Jan 2026 09:15 PM (IST)
Updated Date: Sun, 11 Jan 2026 04:13 AM (IST)
* ਧਰਨਾ ਦੇਣ ਆਏ ‘ਆਪ’ ਆਗੂਆ ਤੇ ਵਰਕਰਾਂ ਸਾਹਮਣੇ ਡਟੇ ਕਾਂਗਰਸੀ ਆਗੂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ :
ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਦੇ ਘਰ ਦਾ ਘੇਰਾਓ ਕਰਨ ਆਏ ਸੱਤਾਧਾਰੀ ਪਾਰਟੀ ‘ਆਪ’ ਦੇ ਆਗੂਆ ਤੇ ਵਰਕਰਾਂ ਸਾਹਮਣੇ ਕਾਂਗਰਸੀ ਆਗੂ ਵੀ ਡਟ ਗਏ। ਪਰਗਟ ਸਿੰਘ ਨੇ ‘ਆਪ’ ਨੂੰ ਚੁਣੌਤੀ ਦਿੰਦਿਆ ਕਿਹਾ ਕਿ ਉਹ ਡਰਨ ਵਾਲੇ ਨਹੀਂ ਹਨ, ਨਾ ਹੀ ਉਹ ਅੰਦਰ ਬੈਠਣਗੇ। ਦਿੱਲੀ ਤੋਂ ਕੇਜਰੀਵਾਲ ਤੇ ਸਿਸੋਦੀਆ ਉਨ੍ਹਾਂ ’ਤੇ 10 ਪਰਚੇ ਵੀ ਕਰ ਦੇਣ ਪਰ ਉਹ ਪਰਚਿਆਂ ਤੋਂ ਨਹੀਂ ਡਰਦੇ। ਵਿਧਾਇਕ ਨੇ ਵਿਰੋਧ ਕਰਨ ਆਏ 'ਆਪ' ਆਗੂਆਂ ’ਤੇ ਤਨਜ ਕੱਸਿਆ। ਪਰਗਟ ਨੇ ਪੁਲਿਸ ਨੂੰ ਕਿਹਾ ਕਿ ਉਸਨੂੰ ਪ੍ਰਦਰਸ਼ਨਕਾਰੀਆਂ ਕੋਲ ਜਾਣ ਦਿਓ ਜਾਂ ਫਿਰ ਉਨ੍ਹਾਂ ਨੂੰ ਆ ਕੇ ਉਸ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕੱਲਾ ਹਾਂ, ਬਹਿਸ ਕਰੋ। ਜੇ ਤੁਸੀਂ ਇਕ ਵੀ ਸਵਾਲ ਦਾ ਜਵਾਬ ਦਿੰਦੇ ਹੋ ਤਾਂ ਜ਼ਿੰਮੇਵਾਰ ਹਾਂ। ਦਿੱਲੀ ਵਾਲਿਆਂ ਨੇ ਚਲੇ ਜਾਣਾ ਹੈ। ਤੁਸੀਂ ਪੰਜਾਬ ’ਚ ਰਹਿਣਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪਵੇਗਾ। ਉਨ੍ਹਾਂ ਦੀ ਗੱਲ ਕਰਨ ਦੀ ਹਿੰਮਤ ਨਹੀਂ ਹੈ।
ਪਰਗਟ ਸਿੰਘ ਕਿਹਾ ਕਿ ਕਾਂਗਰਸ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਆਤਿਸ਼ੀ ਦੇ ਵੀਡੀਓ ਨਾਲ ਛੇੜਛਾੜ ਨਹੀਂ ਕੀਤੀ। ਜੇਕਰ ਵੀਡੀਓ ’ਚ ਕੁਝ ਕਿਹਾ ਗਿਆ ਹੈ ਤਾਂ ਇਹ ਆਮ ਆਦਮੀ ਪਾਰਟੀ ਨੇ ਕਿਹਾ ਹੈ ਤੇ ਜੇਕਰ ਕੋਈ ਛੇੜਛਾੜ ਕੀਤੀ ਗਈ ਹੈ ਤਾਂ ਇਹ ਭਾਜਪਾ ਨੇ ਕੀਤੀ ਹੈ। ਭਾਜਪਾ ਤੇ ‘ਆਪ’ ਦੋਵੇਂ ਇਕੱਠੇ ਖੇਡ ਖੇਡਦੇ ਹਨ। ਜਦੋਂ ਇਸ ਵੀਡੀਓ ਦੀ ਫੋਰੈਂਸਿਕ ਰਿਪੋਰਟ 15 ਦਿਨਾਂ ’ਚ ਆਉਣੀ ਹੈ ਤਾਂ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਇੰਨੀ ਜਲਦੀ ਕਿਉਂ ਹੈ? ਉਹ ਅੱਜ ਕਿਉਂ ਪਰੇਸ਼ਾਨ ਹਨ? ਦਰਅਸਲ, ਸਮੱਸਿਆ ਇਹ ਹੈ ਕਿ ਪਰਗਟ ਸਿੰਘ ਤੇ ਸੁਖਪਾਲ ਖਹਿਰਾ ਸਵਾਲ ਕਿਉਂ ਪੁੱਛਦੇ ਹਨ। ਜਦੋਂ ਪੰਜਾਬ ’ਚ ਕਤਲ ਹੁੰਦੇ ਹਨ, ਤਾਂ ਸਾਨੂੰ ਕਿਉਂ ਨਹੀਂ ਪੁੱਛਣਾ ਚਾਹੀਦਾ? ਉਨ੍ਹਾਂ ‘ਆਪ’ ਆਗੂਆਂ ਨੂੰ ਕਿਹਾ ਕਿ ਦੱਸੋ ਕਿ ਇਕਬਾਲ ਸਿੰਘ ਕਿੱਥੇ ਹੈ, ਜਿਸ ਨੇ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਸੀ। ਇਹ ਮਾਮਲਾ 'ਆਪ' ਤੇ ਭਾਜਪਾ ਵਿਚਕਾਰ ਹੈ, ਅਤੇ ਉਨ੍ਹਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਸਿਰਫ਼ ਲੋਕਾਂ ਨੂੰ ਡਰਾਉਣ ਤੇ ਪ੍ਰੈੱਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।