ਦੂਰ ਨਹੀਂ ਹੋਈਆਂ ਬੱਸ ਸਟਾਪ ਦੀਆਂ ਖਾਮੀਆਂ, ਨਿੱਤ ਲੱਗਦੈ ਜਾਮ
ਪੰਜ ਮਹੀਨੇ ਬਾਅਦ ਵੀ ਨਹੀਂ ਦੂਰ ਹੋਈਆਂ ਰਾਮਾਮੰਡੀ ਫਲਾਈਓਵਰ ਹੇਠਾਂ ਬਣੇ ਪੀਏਪੀ ਬੱਸ ਸਟਾਪ ਦੀਆਂ ਖਾਮੀਆਂ, ਰੋਜ਼ ਲੱਗ ਰਹੇ ਜਾਮ
Publish Date: Wed, 08 Apr 2026 09:46 PM (IST)
Updated Date: Wed, 08 Apr 2026 09:47 PM (IST)

-- ਡੀਸੀ ਨੇ ਕਿਹਾ, ਐੱਨਐੱਚਏਆਈ ਦੇ ਪ੍ਰੋਜੈਕਟ ਡਾਇਰੈਕਟਰ ਨੂੰ ਲਿਖਿਆ ਜਾਵੇਗਾ ਡੀਓ ਲੇਟਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੈਸ਼ਨਲ ਹਾਈਵੇ ਤੇ ਰਾਮਾ ਮੰਡੀ ਫਲਾਈਓਵਰ ਦੀ ਸਰਵਿਸ ਲੇਨ ਕੰਢੇ ਪੀਏਪੀ ਬੱਸ ਸਟਾਪ ਦੇ ਨਾਂ ਨਾਲ ਬਣੇ ਬੱਸ ਸਟਾਪ ’ਚ ਕਈ ਖਾਮੀਆਂ ਹਨ। ਇਨ੍ਹਾਂ ਖਾਮੀਆਂ ਦਾ ਮਾਮਲਾ ਨਵੰਬਰ 2025 ਦੀ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਵਿੱਚ ਵੀ ਉਠਾਇਆ ਗਿਆ ਸੀ। ਉਸ ਵੇਲੇ ਡੀਸੀ ਡਾ. ਹਿਮਾਂਸ਼ੂ ਅਗਰਵਾਲ ਨੇ ਤਿੰਨ ਮੈਂਬਰੀ ਕਮੇਟੀ ਬਣਾਕੇ ਰਿਪੋਰਟ ਦੇਣ ਲਈ ਕਿਹਾ ਸੀ। ਕਮੇਟੀ ਨੇ ਮੌਕੇ ਦਾ ਦੌਰਾ ਕਰਕੇ ਰਿਪੋਰਟ ਵੀ ਦੇ ਦਿੱਤੀ। ਹਾਈਵੇ ਤੇ ਵਾਹਨਾਂ ਦੇ ਜਾਮ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਸ਼ਹਿਰ ਤੋਂ ਅੰਮ੍ਰਿਤਸਰ ਵੱਲ ਜਾਣ ਵਾਲਾ ਟ੍ਰੈਫਿਕ ਵੀ ਰਾਮਾ ਮੰਡੀ ਫਲਾਈਓਵਰ ਹੇਠਾਂ ਬਣੇ ਅੰਡਰਪਾਸ ਤੋਂ ਮੁੜ ਕੇ ਪੀਏਪੀ ਫਲਾਈਓਵਰ ਵੱਲ ਜਾਂਦਾ ਹੈ, ਜਿੱਥੇ ਬੱਸ ਸਟਾਪ ਕਾਰਨ ਹਾਈਵੇ ਤੇ ਜਾਮ ਲੱਗ ਜਾਂਦਾ ਹੈ। ਇਸ ਨਾਲ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਦੀਆਂ ਹਨ ਤੇ ਹਾਦਸਿਆਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਨਾਲ ਹੀ ਲੁਧਿਆਣਾ ਵੱਲੋਂ ਆਉਣ ਵਾਲੇ ਟ੍ਰੈਫਿਕ ਦਾ ਵੀ ਇੱਥੇ ਦਬਾਅ ਰਹਿੰਦਾ ਹੈ। ਦੋ ਦਿਨ ਪਹਿਲਾਂ ਹੋਈ ਰੋਡ ਸੇਫਟੀ ਕਮੇਟੀ ਦੀ ਮੀਟਿੰਗ ’ਚ ਐੱਨਐੱਚਏਆਈ ਦੇ ਇੰਜੀਨੀਅਰਾਂ ਦੀ ਮੌਜੂਦਗੀ ’ਚ ਇਹ ਮਾਮਲਾ ਮੁੜ ਉਠਾਇਆ ਗਿਆ। ਇਸ ਤੇ ਫੈਸਲਾ ਕੀਤਾ ਗਿਆ ਕਿ ਹੁਣ ਡੀਸੀ ਵੱਲੋਂ ਐੱਨਐੱਚਏਆਈ ਦੇ ਪ੍ਰੋਜੈਕਟ ਡਾਇਰੈਕਟਰ ਨੂੰ ਡੀਓ ਲੇਟਰ ਲਿਖਿਆ ਜਾਵੇਗਾ, ਤਾਂ ਜੋ ਹਾਈਵੇ ਤੇ ਲੱਗਣ ਵਾਲੇ ਜਾਮ ਦਾ ਪੱਕਾ ਹੱਲ ਕੀਤਾ ਜਾ ਸਕੇ। --- ਹੁਣ ਤੱਕ ਨਹੀਂ ਹਟਾਇਆ ਗਿਆ ਰੋਡ ਸਾਈਡ ਤੇ ਬਣਿਆ ਬੱਸ ਸਟਾਪ ਦੋ ਦਿਨ ਪਹਿਲਾਂ ਡੀਸੀ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ’ਚ ਹੋਈ ਰੋਡ ਸੇਫਟੀ ਕਮੇਟੀ ਦੀ ਮੀਟਿੰਗ ’ਚ ਇਸ ਬੱਸ ਸਟਾਪ ਦਾ ਮਾਮਲਾ ਫਿਰ ਚਰਚਾ ’ਚ ਆਇਆ। ਕਮੇਟੀ ਮੈਂਬਰ ਸੁਰਿੰਦਰ ਸੈਣੀ ਨੇ ਦੱਸਿਆ ਕਿ ਡੀਸੀ ਨੂੰ ਰਿਪੋਰਟ ਭੇਜਣ ਦੇ ਬਾਵਜੂਦ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਡੀਸੀ ਵੱਲੋਂ ਪੁੱਛੇ ਜਾਣ ਤੇ ਐੱਨਐੱਚਏਆਈ ਦੇ ਪ੍ਰਤੀਨਿਧੀ ਨੇ ਦੱਸਿਆ ਕਿ ਕੈਂਟ ਦੇ ਗੇਟ ਸਾਹਮਣੇ ਬੱਸ ਲੇਨ ਦਾ ਬੋਰਡ ਲੱਗਾ ਹੋਣ ਕਰਕੇ ਬੱਸ ਸਟਾਪ ਨੂੰ ਅੱਗੇ-ਪਿੱਛੇ ਕਰਨਾ ਸੰਭਵ ਨਹੀਂ। ਇਸ ਤੇ ਫੈਸਲਾ ਕੀਤਾ ਗਿਆ ਕਿ ਬੱਸ ਸਟਾਪ ਨੂੰ ਅੱਗੇ ਜਾਂ ਪਿੱਛੇ ਕਰਨ ਦੀ ਬਜਾਏ ਮੌਜੂਦਾ ਥਾਂ ਤੋਂ ਹੀ ਸਿੱਧਾ ਪਿੱਛੇ ਵੱਲ ਕੀਤਾ ਜਾਵੇ। ਸੁਰਿੰਦਰ ਸੈਣੀ ਨੇ ਸੁਝਾਅ ਦਿੱਤਾ ਕਿ ਬੱਸ ਸਟਾਪ ਦੇ ਪਿੱਛੇ ਲਗਭਗ 35 ਫੁੱਟ ਖਾਲੀ ਜਗ੍ਹਾ ਹੈ ਤੇ 10 ਫੁੱਟ ਚੌੜਾ ਫੁੱਟਪਾਥ ਵੀ ਹੈ। ਜੇ ਬੱਸ ਸਟਾਪ ਨੂੰ 25 ਫੁੱਟ ਪਿੱਛੇ ਕਰ ਦਿੱਤਾ ਜਾਵੇ ਤਾਂ ਅੱਗੇ ਸੜਕ ਤੇ 35 ਫੁੱਟ ਵਾਧੂ ਜਗ੍ਹਾ ਮਿਲ ਜਾਵੇਗੀ। ਇਸ ਨਾਲ ਬੱਸਾਂ ਦੇ ਰੁਕਣ ਦੇ ਬਾਵਜੂਦ ਮੇਨ ਹਾਈਵੇ ਤੇ ਟ੍ਰੈਫਿਕ ਬਿਨਾ ਰੁਕਾਵਟ ਚੱਲੇਗਾ ਅਤੇ ਹਾਦਸਿਆਂ ਦਾ ਖਤਰਾ ਵੀ ਘੱਟ ਹੋ ਜਾਵੇਗਾ।