ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋ ਟੈੱਟ ਦੇ ਵਿਰੋਧ ’ਚ ਸੰਘਰਸ਼ ਲੜਨ ਦਾ ਐਲਾਨ
ਈਟੀਟੀ ਅਧਿਆਪਕ ਯੂਨੀਅਨ ਪੰਜਾਬ ਵੱਲੋ ਟੈੱਟ ਦੇ ਵਿਰੋਧ ’ਚ ਸੰਘਰਸ਼ ਲੜਨ ਦਾ ਐਲਾਨ
Publish Date: Mon, 16 Feb 2026 08:08 PM (IST)
Updated Date: Mon, 16 Feb 2026 08:12 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ’ਚ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੀ ਸ਼ੋਸ਼ਲ ਮੀਡੀਆ ਤੇ ਸੂਬਾ ਪੱਧਰੀ ਮੀਟਿੰਗ ਕਰਵਾਈ ਜਿਸ ’ਚ ਸਟੇਟ ਕਮੇਟੀ ਮੈਂਬਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਨੇ ਟੈੱਟ ਟੈਸਟ ਅਧਿਆਪਕਾਂ ਦੇ ਨਾ ਦੇਣ ਬਾਰੇ ਵਿਸਥਾਰ ’ਚ ਚਰਚਾ ਕੀਤੀ। ਸਾਰਿਆਂ ਨੇ ਇਸ ਗੱਲ ’ਤੇ ਹਾਮੀ ਭਰੀ ਕਿ ਪੁਰਾਣੇ ਲੱਗੇ ਅਧਿਆਪਕਾਂ ਤੇ ਟੈੱਟ ਦੀ ਸ਼ਰਤ ਲਾਉਣਾ ਸੰਵਿਧਾਨਕ ਨਹੀਂ ਹੈ ਕਿਉਂਕਿ ਇਨ੍ਹਾਂ ਅਧਿਆਪਕਾਂ ਦੀ ਭਰਤੀ ਈਟੀਟੀ ਜਾਂ ਬੀ-ਐਡ ਦੀ ਭਰਤੀ ਟੈਸਟ ਦੇ ਕੇ ਮੈਰਿਟ ਦੇ ਆਧਾਰ ਤੇ ਹੋਈ ਹੈ। ਮੀਟਿੰਗ ’ਚ ਇਹ ਵੀ ਗੱਲ ਹੋਈ ਕਿ ਜਦੋਂ ਸ਼ੁਰੂਆਤ ’ਚ ਕਿਸੇ ਵੀ ਪ੍ਰੀਖਿਆਰਥੀ ਨੇ ਟੈਸਟ ਦੇਣਾ ਹੁੰਦਾ ਤਾਂ ਉਸ ਨੇ ਮੁਕਾਬਲੇ ਦੀ ਪ੍ਰੀਖਿਆ ’ਚ ਸਾਰੇ ਸਬਜੈਕਟਾਂ ਦੀ ਤਿਆਰੀ ਕਰਨੀ ਹੁੰਦੀ ਹੈ। ਉਸ ਸਮੇਂ ਸਾਰੇ ਅਧਿਆਪਕਾਂ ਨੇ ਮੁਕਾਬਲੇ ਦੇ ਟੈਸਟ ਦੇ ਕੇ ਮੈਰਿਟ ’ਚ ਆ ਕੇ ਹੀ ਨੌਕਰੀ ਪ੍ਰਾਪਤ ਕੀਤੀ ਸੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਯੂਨੀਅਨ ਦੇ ਆਗੂ ਮਾਸਟਰ ਕੇਵਲ ਸਿੰਘ ਹੁੰਦਲ ਨੇ ਇਕ ਪ੍ਰੈੱਸ ਬਿਆਨ ਵਿਚ ਕੀਤਾ। ਉਨ੍ਹਾਂ ਆਖਿਆ ਕਿ ਸਾਰੇ ਅਧਿਆਪਕ ਲੀਡਰਾਂ ਦੀ ਸਾਂਝੀ ਰਾਏ ਨੂੰ ਦੇਖਦੇ ਹੋਏ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਨੇ ਫ਼ੈਸਲਾ ਲਿਆ ਕਿ ਪੁਰਾਣਾ 2011 ਤੋਂ ਪਹਿਲਾਂ ਲੱਗਿਆ ਕੋਈ ਵੀ ਅਧਿਆਪਕ ਟੈੱਟ ਦੀ ਪ੍ਰੀਖਿਆ ਨਹੀਂ ਦੇਵੇਗਾ ਤੇ ਇਸ ਸਬੰਧੀ ਜਲਦੀ ਹੀ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਪੂਰੇ ਪੰਜਾਬ ਦੇ 2011 ਤੋਂ ਪਹਿਲਾਂ ਦੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਗਈ ਕਿ ਇਸ ਟੈੱਟ ਟੈਸਟ ਨੂੰ ਨਾ ਦੇਣਾ ਹੀ ਇਸ ਨੂੰ ਰੋਕਣ ਦਾ ਸਭ ਤੋਂ ਵੱਡਾ ਹਥਿਆਰ ਹੈ ਜਿਸ ਤਰ੍ਹਾਂ ਪੂਰੇ ਭਾਰਤ ਦੇ ਮੁਲਾਜ਼ਮਾਂ ਨੇ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਨਾ ਆਪਣਾ ਕੇ ਹੀ ਇਸ ਨੂੰ ਸੈਂਟਰ ਪੱਧਰ ਤੇ ਖ਼ਤਮ ਕਰ ਦਿੱਤਾ ਹੈ। ਇਸ ਲਈ ਈਟੀਟੀ ਅਧਿਆਪਕ ਯੂਨੀਅਨ ਦੀ ਸਮੂਹ ਲੀਡਰਸ਼ਿਪ ਵੱਲੋਂ ਟੈੱਟ ਦਾ ਪੂਰਨ ਵਿਰੋਧ ਕੀਤਾ ਜਾਂਦਾ ਹੈ।