ਖੇਡਾਂ ਨਾਲ ਜੁੜ ਕੇ ਹੀ ਨਸ਼ੇ ਦਾ ਖਾਤਮਾ ਸੰਭਵ : ਕੋਹਲੀ
ਪਿੰਡ ਬੜਿੰਗ ਵਿੱਚ ਸ਼ਹੀਦ ਜਥੇਦਾਰ ਸ.
Publish Date: Mon, 23 Feb 2026 09:19 PM (IST)
Updated Date: Mon, 23 Feb 2026 09:22 PM (IST)
ਪਿੰਡ ਬੜਿੰਗ ਵਿੱਚ ਸ਼ਹੀਦ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੂੰ ਸਮਰਪਿਤ ਹਾਕੀ ਟੂਰਨਾਮੈਂਟ ਸ਼ੁਰੂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਖੇਡਾਂ ਨਾਲ ਜੁੜ ਕੇ ਹੀ ਸਾਡੇ ਨੌਜਵਾਨ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲ ਸਕਦੇ ਹਨ। ਇਹ ਵਿਚਾਰ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਿਤਿਨ ਕੋਹਲੀ ਨੇ ਪਿੰਡ ਬੜਿੰਗ ਵਿੱਚ ਤਿੰਨ ਦਿਨਾਂ ਹਾਕੀ ਟੂਰਨਾਮੈਂਟ ਦੇ ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਦੌਰਾਨ ਖਿਡਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਨਿਤਿਨ ਕੋਹਲੀ ਨੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਪੂਰੀ ਖੇਡ ਭਾਵਨਾ ਨਾਲ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦਾ ਖੇਡਾਂ ਪ੍ਰਤੀ ਰੁਝਾਨ ਵਧਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਨਸ਼ੇ ਦੀ ਲਾਹਨਤ ਤੋਂ ਦੂਰ ਰੱਖਿਆ ਜਾ ਸਕੇ। ‘ਖੇਡਾਂ ਵਤਨ ਪੰਜਾਬ ਦੀਆਂ’ ਇਕ ਅਜਿਹਾ ਵਿਲੱਖਣ ਆਯੋਜਨ ਹੈ ਜਿਸ ਵਿੱਚ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਲੋਕ ਭਾਗ ਲੈਂਦੇ ਹਨ। ਉਨ੍ਹਾਂ ਇਸ ਮੌਕੇ ਸ਼ਹੀਦ ਕਿਸ਼ਨ ਸਿੰਘ ਗੜਗੱਜ ਕਮੇਟੀ ਬੜਿੰਗ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਦੀ ਪ੍ਰਸ਼ੰਸਾ ਕੀਤੀ, ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਆਪਣੇ ਪ੍ਰਾਣ ਵਾਰਨ ਵਾਲੇ ਸ਼ਹੀਦ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੀ 100ਵੀਂ ਸਾਲਾਨਾ ਸ਼ਤਾਬਦੀ ਨੂੰ ਸਮਰਪਿਤ ਇਹ ਟੂਰਨਾਮੈਂਟ ਕਰਵਾਇਆ ਹੈ।
ਦੱਸਣਯੋਗ ਹੈ ਕਿ ਪਿੰਡ ਬੜਿੰਗ ਵਿੱਚ ਹਾਕੀ ਟੂਰਨਾਮੈਂਟ 23, 24 ਅਤੇ 25 ਫਰਵਰੀ ਤੱਕ ਕਰਵਾਇਆ ਜਾਵੇਗਾ। ਇਸ ਤੋਂ ਬਾਅਦ 27 ਫਰਵਰੀ ਨੂੰ ਕਬੱਡੀ ਮੈਚ ਵੀ ਕਰਵਾਏ ਜਾਣਗੇ। ਸਮਾਗਮ ਦੇ ਪ੍ਰਬੰਧਕ ਅਮ੍ਰਿਤਪਾਲ ਸਿੰਘ ਬਿੱਟਾ ਨੇ ਕਿਹਾ ਕਿ ਪਿੰਡ ਵਿੱਚ ਅਕਸਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਨੌਜਵਾਨਾਂ ਨੂੰ ਆਪਣੀ ਮਹਾਨ ਵਿਰਾਸਤ ਨਾਲ ਜੋੜ ਕੇ ਰੱਖਿਆ ਜਾ ਸਕੇ। ਹਾਕੀ ਟੂਰਨਾਮੈਂਟ ਵਿੱਚ ਜੇਤੂ ਟੀਮ ਲਈ 51 ਹਜ਼ਾਰ ਰੁਪਏ ਅਤੇ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਲਈ 31 ਹਜ਼ਾਰ ਰੁਪਏ ਇਨਾਮ ਰਾਸ਼ੀ ਰੱਖੀ ਗਈ ਹੈ। ਕਬੱਡੀ ਲਈ ਪਹਿਲਾ ਇਨਾਮ 71 ਹਜ਼ਾਰ ਰੁਪਏ ਅਤੇ ਦੂਜਾ ਇਨਾਮ 61 ਹਜ਼ਾਰ ਰੁਪਏ ਰੱਖਿਆ ਗਿਆ ਹੈ। ਸ਼ਹੀਦਾਂ ਦੀ ਯਾਦ ਵਿਚ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਤੋਂ ਇਲਾਵਾ ਸ੍ਰੀ ਅਖੰਡ ਸਾਹਿਬ ਪਾਠ 25 ਫਰਵਰੀ ਨੂੰ ਸ਼ੁਰੂ ਹੋਵੇਗਾ, ਜਿਸ ਦਾ ਭੋਗ 27 ਫਰਵਰੀ ਨੂੰ ਸਵੇਰੇ 10 ਵਜੇ ਪਾਇਆ ਜਾਵੇਗਾ। ਟੂਰਨਾਮੈਂਟ ਦੇ ਉਦਘਾਟਨ ਮੌਕੇ ਸ਼ਹੀਦ ਕਿਸ਼ਨ ਸਿੰਘ ਗੜਗੱਜ ਕਮੇਟੀ ਬੜਿੰਗ ਸਪੋਰਟਸ ਐਂਡ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਬਿੱਟਾ, ਲਖਵੀਰ ਸਿੰਘ, ਮਨਪ੍ਰੀਤ ਸਿੰਘ (ਸੈਕਰਟਰੀ), ਭੂਪਿੰਦਰ ਭੁੱਪੀ (ਮੈਂਬਰ), ਭੂਪਿੰਦਰ ਪਿੰਦਾ (ਮੈਂਬਰ) ਅਤੇ ਦਲਵਿੰਦਰ ਸਿੰਘ (ਮੈਂਬਰ) ਵੀ ਮੌਜੂਦ ਰਹੇ।