ਅੰਕਿਤ ਸ਼ਰਮਾ, ਜਾਗਰਣ

ਅੰਕਿਤ ਸ਼ਰਮਾ, ਜਾਗਰਣ
ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਹੁਣ ਮੁਸਾਫਰਾਂ ਨੂੰ ਘੰਟਿਆਬੱਧੀਂ ਦੇਰ ਨਾਲ ਆਉਣ ਵਾਲੀਆਂ ਰੇਲ ਗੱਡੀਆਂ ’ਚ ਉਡੀਕ ਵਿਚ ਵੈਟਿੰਗ ਹਾਲ ’ਚ ਬੈਠ ਕੇ ਪਸੀਨਾ ਨਹੀਂ ਵਹਾਉਣਾ ਪਵੇਗਾ, ਕਿਉਂਕਿ ਹੁਣ ਪਲੇਟਫਾਰਮ ਨੰਬਰ ਇਕ 'ਤੇ ਏਸੀ ਵੇਟਿੰਗ ਹਾਲ ਖੁੱਲ੍ਹ ਗਿਆ ਹੈ ਤੇ ਰੇਟ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਦੀ ਆਫਿਸ਼ੀਅਲ ਓਪਨਿੰਗ ਸ਼ੁੱਕਰਵਾਰ ਨੂੰ ਹੋਵੇਗੀ। ਇੱਥੇ ਸਿਰਫ ਬੈਠਣ ਦੀ ਹੀ ਨਹੀਂ, ਸਗੋਂ ਹੱਥ-ਮੂੰਹ ਧੋਣ ਤੇ ਨਹਾਉਣ ਦੀ ਵੀ ਸਹੂਲਤ ਮਿਲੇਗੀ। ਨਾਲ-ਨਾਲ ਮੁਸਾਫਰਾਂ ਦੀ ਥਕਾਵਟ ਦੂਰ ਕਰਨ ਲਈ ਮਸਾਜ ਚੇਅਰ ਤੇ ਹੈੱਡ ਮਸਾਜ ਦੀ ਵੀ ਸਹੂਲਤ ਉਪਲੱਬਧ ਹੋਵੇਗੀ। ਨਾਲ ਹੀ ਉਨ੍ਹਾਂ ਨੂੰ ਵਾਈ-ਫਾਈ, ਲਾਕਰ ਤੇ ਮੋਬਾਈਲ ਚਾਰਜਿੰਗ ਦਾ ਕੋਂਬੋ ਪੈਕ ਵੀ ਮਿਲੇਗਾ, ਜਿਸ ਲਈ ਉਨ੍ਹਾਂ ਨੂੰ ਹਰ ਘੰਟੇ ਦੇ ਹਿਸਾਬ ਨਾਲ 150 ਰੁਪਏ ਦਾ ਚਾਰਜ ਦੇਣਾ ਹੋਵੇਗਾ।
ਜੇ ਮੁਸਾਫਰਾਂ ਨੂੰ ਇਹ ਸਹੂਲਤਾਂ ਨਹੀਂ ਚਾਹੀਦੀਆਂ ਤੇ ਸਿਰਫ ਹਾਲ ’ਚ ਬੈਠਣਾ ਹੈ ਤਾਂ ਉਨ੍ਹਾਂ ਨੂੰ ਹਰ ਘੰਟੇ ਦੇ ਹਿਸਾਬ ਨਾਲ 1- ਰੁਪਏ ਦਾ ਚਾਰਜ ਦੇਣਾ ਪਵੇਗੀ। 5 ਤੋਂ 12 ਸਾਲ ਦੇ ਬੱਚਿਆਂ ਦਾ ਚਾਰਜ 5 ਰੁਪਏ ਪ੍ਰਤੀ ਘੰਟਾ ਹੋਵੇਗਾ, ਜਦਕਿ ਇਸ ਤੋਂ ਛੋਟੇ ਬੱਚਿਆਂ ਦੀ ਦਾਖਲਾ ਮੁਫਤ ਹੋਵੇਗਾ। ਹਾਲ ’ਚ ਮੁਸਾਫਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਚਾਰ ਤੋਂ ਛੇ ਘੰਟੇ ਤੱਕ ਬੈਠਣ ਦੀ ਆਗਿਆ ਹੈ ਪਰ ਜੇ ਉਨ੍ਹਾਂ ਦੀ ਰੇਲ ਗੱਡੀ ਇਸ ਤੋਂ ਵੀ ਜ਼ਿਆਦਾ ਦੇਰ ਨਾਲ ਆਉਂਦੀ ਹੈ ਤਾਂ ਉਹ ਹਾਲ ’ਚ ਬੈਠੇ ਰਹਿ ਸਕਦੇ ਹਨ ਪਰ ਇਸ ਸੂਰਤ ’ਚ ਪੈਸੇ ਹਰ ਘੰਟੇ ਦੇ ਹਿਸਾਬ ਨਾਲ ਵਧਦੇ ਜਾਣਗੇ। ਇਸ ਲਈ ਵੇਟਿੰਗ ਹਾਲ ਦੇ ਸਟਾਫ ਵੱਲੋਂ ਮੁਸਾਫਰ ਦੀ ਜਾਣਕਾਰੀ ਦੇ ਨਾਲ-ਨਾਲ ਉਨ੍ਹਾਂ ਦੀ ਗੱਡੀ ਦਾ ਪੀਐੱਨਆਰ ਨੰਬਰ ਵੀ ਦਰਜ ਕੀਤਾ ਜਾਵੇਗਾ।
ਇਸ ਨਾਲ ਹੀ ਮੁਸਾਫਰਾਂ ਨੂੰ ਆਨ-ਡਿਮਾਂਡ ਖਾਣ-ਪੀਣ ਦੀਆਂ ਚੀਜ਼ਾਂ ਵੀ ਉਪਲੱਬਧ ਹੋਣਗੀਆਂ, ਜਿਸ ਦੇ ਵੱਖਰੇ ਪੈਸੇ ਦੇਣੇ ਪੈਣਗੇ। ਹਾਲ ਵਿਚ ਹੀ ਕੈਟਰਿੰਗ ਦੀ ਸਹੂਲਤ ਵੀ ਦਿੱਤੀ ਗਈ ਹੈ, ਜੇ ਮੁਸਾਫਰ ਕੋਈ ਖਾਸ ਵਿਅੰਜਨ ਬਣਵਾਉਣ ਦੀ ਗੱਲ ਕਰਦੇ ਹਨ ਤਾਂ ਉਹ ਸਹੂਲਤ ਵੀ ਉਪਲੱਬਧ ਹੋਵੇਗੀ। ਮੁਸਾਫਰਾਂ ਲਈ ਡੈਂਟਲ ਕਿਟ 40 ਰੁਪਏ, ਸ਼ੇਵਿੰਗ ਕਿਟ 50 ਰੁਪਏ, ਨਹਾਉਣ ਲਈ 50 ਰੁਪਏ, ਤੇ ਕੰਘੀ ਕਰਨ ਲਈ 20 ਰੁਪਏ ਦੇਣੇ ਹੋਣਗੇ। ਖਾਣੇ ਦੀ ਥਾਲੀ, ਖਾਣਾ ਪੈਕਿੰਗ, ਤਾਜ਼ਾ ਜੂਸ, ਚਿਪਸ, ਕੋਲਡ ਡ੍ਰਿੰਕ, ਬਿਸਕਟ ਆਦਿ ਭੁਗਤਾਨ ਦੇ ਆਧਾਰ 'ਤੇ ਉਪਲੱਬਧ ਹੋਵੇਗਾ।
-----
ਪਹਿਲਾਂ ਦੋ ਰਿਜ਼ਰਵੇਸ਼ਨ ਤੇ ਇਕ ਜਨਰਲ ਵੇਟਿੰਗ ਹਾਲ
ਸਿਟੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇਕ ’ਤੇ ਦੋ ਰਿਜ਼ਰਵੇਸ਼ਨ ਟਿਕਟ ਕਾਊਂਟਰ ਹਨ, ਜਿਨ੍ਹਾਂ ’ਚ ਇਕ ਔਰਤਾਂ ਤੇ ਇਕ ਪੁਰਸ਼ਾਂ ਲਈ ਬਣਾਇਆ ਗਿਆ ਹੈ। ਇੱਥੇ ਮੁਸਾਫਰਾਂ ਨੂੰ ਬੈਠਣ, ਚਾਰਜਿੰਗ ਪੁਆਇੰਟ ਆਦਿ ਦੀ ਸਹੂਲਤ ਤਾਂ ਮਿਲਦੀ ਹੈ ਪਰ ਉੱਥੇ ਸਿਰਫ ਪੱਖੇ ਹੀ ਲੱਗੇ ਹੋਏ ਹਨ। ਇਸ ਤੋਂ ਇਲਾਵਾ, ਤੀਜਾ ਵੈਟਿੰਗ ਹਾਲ ਆਮ ਮੁਸਾਫਰਾਂ ਲਈ ਹੈ, ਜੋ ਟਿਕਟ ਕਾਊਂਟਰਾਂ ਦੇ ਬਿਲਕੁਲ ਸਾਹਮਣੇ ਬਣਿਆ ਹੋਇਆ ਹੈ। ਇਸ ਤਰ੍ਹਾਂ ਹੁਣ ਇਹ ਏਸੀ ਵੇਟਿੰਗ ਹਾਲ ਪਲੇਟਫਾਰਮ ਨੰਬਰ ਇਕ ’ਤੇ ਡਿਪਟੀ ਐੱਸਐੱਸ ਤੇ ਸੀਐੱਮਆਈ ਦਫਤਰਾਂ ਦੇ ਸਾਹਮਣੇ ਵਾਟਰ ਬੂਥ ਦੇ ਕੋਲ ਤੇ ਪਾਰਸਲ ਦਫਤਰ ਤੋਂ ਪਹਿਲਾਂ ਬਣਿਆ ਹੈ। ਇੱਥੇ 50 ਮੁਸਾਫਰ ਆਸਾਨੀ ਨਾਲ ਬੈਠ ਸਕਦੇ ਹਨ।