ਮੇਅਰ ਦੀ ਪਾਇਲਟ ਗੱਡੀ ਨੂੰ ਇਕ ਦਿਨ ’ਚ 83 ਲੀਟਰ ਤੇਲ ਦੇਣ ਦੀ ਜਾਂਚ ਹੋਵੇ : ਲੂਥਰ
ਮੇਅਰ ਦੀ ਪਾਇਲਟ ਗੱਡੀ ਨੂੰ ਇਕ ਦਿਨ ’ਚ 83 ਲੀਟਰ ਤੇਲ ਦੇਣ ਦੀ ਜਾਂਚ ਹੋਵੇ, ਲੂਥਰ
Publish Date: Tue, 07 Apr 2026 09:09 PM (IST)
Updated Date: Wed, 08 Apr 2026 04:15 AM (IST)

ਪਾਇਲਟ ਗੱਡੀ ਦੇ ਚਾਲਕ ਰਾਜਿੰਦਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੀ ਡਰਾਈਵਰ ਟੈਕਨੀਕਲ ਅਤੇ ਹੈਲਥ ਬਰਾਂਚ ਦੇ ਪ੍ਰਧਾਨ ਸ਼ੰਮੀ ਲੂਥਰ ਨੇ ਦੋਸ਼ ਲਾਇਆ ਹੈ ਕਿ ਮੇਅਰ ਦੀ ਗੱਡੀ ਨਾਲ ਚੱਲਣ ਵਾਲੀ ਪਾਇਲਟ ਗੱਡੀ ਨੂੰ ਇਕ ਦਿਨ ’ਚ ਜਾਰੀ 83 ਲੀਟਰ ਤੇਲ ਸਪਲਾਈ ਹੋਣ ਦੇ ਮਾਮਲੇ ਦੀ ਜਾਂਚ ਕੀਤੀ ਜਾਏ ਤੇ ਅਧਿਕਾਰੀਆਂ ਨਾਲ ਚੱਲਣ ਵਾਲੀਆਂ ਗੱਡੀਆਂ ਦੇ ਤੇਲ ਬਾਰੇ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਨਗਰ ਨਿਗਮ ਦੀਆਂ ਜਿਹੜੀਆਂ ਗੱਡੀਆਂ ਚਲਦੀਆਂ ਹਨ, ਉਨ੍ਹਾਂ ਦੇ ਤੇਲ ਦੀ ਜਾਂਚ ਅਤੇ ਫੇਰਿਆਂ ਦੀ ਜਾਚ ਕੀਤੀ ਜਾਂਦੀ ਹੈ ਪਰ ਅਧਿਕਾਰੀਆਂ ਦੇ ਗੱਡੀਆਂ ਦੀ ਤੇਲ ਦੀ ਜਾਂਚ ਨਹੀਂ ਕੀਤੀ ਜਾਂਦੀ। ਮੇਅਰ ਨਾਲ ਚੱਲਣ ਵਾਲੀ ਪਾਇਲਟ ਗੱਡੀ ਨੰਬਰ ਪੀਬੀ 08 ਈਟੀ 8716 ਨੇ 45 ਲੀਟਰ ਤੇਲ ਪੰਪ ਤੋਂ ਪੁਆਇਆ ਗਿਆ ਸੀ ਤੇ ਇਸ ਦੇ ਬਾਅਦ ਉਕਤ ਗੱਡੀ ਨੂੰ ਮੁੜ 38 ਲੀਟਰ ਤੇਲ ਦੀ ਪਰਚੀ ਜਾਰੀ ਕਰ ਦਿੱਤੀ ਗਈ। ਇਸ ਤਰ੍ਹਾਂ ਉਕਤ ਗੱਡੀ ਨੂੰ 83 ਲੀਟਰ ਤੇਲ ਕਿਸ ਤਰ੍ਹਾਂ ਦਿੱਤਾ ਗਿਆ, ਇਸ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਮੇਅਰ ਨਾਲ ਮਿਲ ਕੇ ਜਾਂਚ ਦੀ ਮੰਗ ਕੀਤੀ ਜਾਏਗੀ। ਡਰਾਈਵਰ ਤੇ ਪੰਪ ਨੂੰ ਨੋਟਿਸ ਜਾਰੀ : ਮੇਅਰ ਇਸ ਦੌਰਾਨ ਮੇਅਰ ਵਿਨੀਤ ਧੀਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਸੁਰੱਖਿਆ ਪਾਇਲਟ ਗੱਡੀ ਦੀ ਮਿਆਦ ਖਤਮ ਹੋਣ ਤੇ ਦੂਜੀ ਅਸਥਾਈ ਤੌਰ ’ਤੇ ਗੱਡੀ ਐੱਸਈ ਸਤਿੰਦਰ ਮਹਾਜਨ ਦੀ ਇਕ ਹਫਤੇ ਲਈ ਗੱਡੀ ਮੰਗਵਾਈ ਗਈ ਸੀ ਪਰ ਉਕਤ ਗੱਡੀ ਦੇ ਚਾਲਕ ਨਰਿੰਦਰ ਕੁਮਾਰ ਨੇ ਤੇਲ ਦੀ ਪਰਚੀ ਤਾਂ ਲਈ ਪਰ ਗੱਡੀ ’ਚ ਤੇਲ ਨਹੀਂ ਪੁਆਇਆ ਤੇ ਫਿਰ ਜਦੋਂ ਉਨ੍ਹਾਂ ਪਾਸ ਆਈ ਤਾਂ ਉਸ ’ਚ ਤੇਲ ਨਹੀਂ ਸੀ, ਜਿਸ ਕਾਰਨ ਮੁੜ ਤੇਲ ਪੁਆਇਆ ਗਿਆ ਸੀ। ਜਦੋਂ ਉਕਤ ਮਾਮਲੇ ਦਾ ਪਤਾ ਲੱਗਾ ਤਾਂ ਗੱਡੀ ਦੇ ਚਾਲਕ ਨਰਿੰਦਰ ਕੁਮਾਰ ਤੇ ਪੈਟਰੋਲ ਪੰਪ ਦੇ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ 3 ਦਿਨਾਂ ’ਚ ਜਵਾਬ ਦੇਣ ਲਈ ਕਿਹਾ ਗਿਆ ਹੈ ਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।