ਪੰਜਾਬ ’ਚ ਵਿਗੜਦੀ ਕਾਨੂੰਨ ਵਿਵਸਥਾ ਲਈ ਸੀਐੱਮ ਮਾਨ ਜ਼ਿੰਮੇਵਾਰ, ਅਸਤੀਫਾ ਦੇਣ : ਪਰਗਟ ਸਿੰਘ
ਬਸ ਹੁਣ ਬਹੁਤ ਹੋ ਗਿਆ, ਪੰਜਾਬ ’ਚ ਵਿਗੜਦੀ ਕਾਨੂੰਨ ਵਿਵਸਥਾ ਲਈ ਮੁੱਖ ਮੰਤਰੀ ਮਾਨ ਜ਼ਿੰਮੇਵਾਰ, ਅਸਤੀਫਾ ਦੇਣ : ਪਰਗਟ ਸਿੰਘ
Publish Date: Sun, 04 Jan 2026 07:34 PM (IST)
Updated Date: Mon, 05 Jan 2026 04:11 AM (IST)

- ਦੋ ਦਿਨਾਂ ’ਚ ਕਾਂਗਰੇਸ ਪਾਰਟੀ ਸਮੇਤ ਦੋ ਨੌਜਵਾਨ ਆਗੂਆਂ ਦੀ ਗੋਲ਼ੀਆਂ ਮਾਰ ਕੇ ਹੱਤਿਆ ਨਿੰਦਣਯੋਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਪੰਜਾਬ ’ਚ ਵਿਗੜਦੀ ਕਾਨੂੰਨ ਵਿਵਸਥਾ ਲਈ ਸਿੱਧੇ ਤੌਰ ਤੇ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ, ਬਹੁਤ ਹੋ ਗਿਆ। ਸਥਿਤੀ ਹੱਥੋਂ ਨਿਕਲਦੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ’ਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਕਾਬੂ ਕਰਨ ’ਚ ਅਸਮਰੱਥ ਹੈ। ਸੂਬਾ ਗੈਂਗਸਟਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੰਜਾਬ ’ਚ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੋ ਦਿਨਾਂ ’ਚ ਦੋ ਨੌਜਵਾਨ ਆਗੂਆਂ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਅੱਜ ਅੰਮ੍ਰਿਤਸਰ ’ਚ ਇਕ ਵਿਆਹ ਸਮਾਗਮ ਦੌਰਾਨ ਵਲਟੋਹਾ ਦੇ ਆਮ ਆਦਮੀ ਪਾਰਟੀ ਦੇ ਸਾਬਕਾ ਸਰਪੰਚ ਝਰਮਲ ਸਿੰਘ ਦਾ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਦੌਰਾਨ ਕਾਂਗਰਸ ਆਗੂ ਉਮਰਸੀਰ ਸਿੰਘ ਨੂੰ ਕੱਲ੍ਹ ਸਵੇਰੇ ਮੋਗਾ ਦੇ ਪਿੰਡ ਭਿੰਡਰਕਲਾਂ ’ਚ 20 ਤੋਂ ਵੱਧ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਆਪਣੀ ਕਾਰ ’ਚ ਕੰਮ ਤੇ ਜਾ ਰਹੇ ਸਨ। ਪਰਗਟ ਸਿੰਘ ਨੇ ਕਿਹਾ ਕਿ ਜੇਕਰ ਵਿਆਹਾਂ ਵਰਗੇ ਜਨਤਕ ਸਮਾਗਮਾਂ ’ਚ ਲੋਕਾਂ ਨੂੰ ਬੇਰਹਿਮੀ ਨਾਲ ਗੋਲ਼ੀਆਂ ਮਾਰ ਕੇ ਮਾਰਿਆ ਜਾ ਰਿਹਾ ਹੈ, ਤਾਂ ਇਹ ਸਪੱਸ਼ਟ ਹੈ ਕਿ ਮੁਲਜ਼ਮ ਹੁਣ ਕਾਨੂੰਨ ਤੋਂ ਨਹੀਂ ਡਰਦੇ। ਪੰਜਾਬ ’ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਸ਼ਾਂਤੀ ਪੂਰੀ ਤਰ੍ਹਾਂ ਖ਼ਤਰੇ ’ਚ ਪੈ ਗਈ ਹੈ। ਜਬਰੀ ਵਸੂਲੀ, ਗੋਲੀਬਾਰੀ, ਕਤਲ ਤੇ ਗੈਂਗਵਾਰ ਵਰਗੀਆਂ ਘਟਨਾਵਾਂ ਵਧ ਰਹੀਆਂ ਹਨ। ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਹਰ ਕੋਈ ਡਰ ਵਿੱਚ ਜੀ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ, ਜੋ ਕਿ ਗ੍ਰਹਿ ਮੰਤਰੀ ਵੀ ਹਨ, ਇਸ ਭਿਆਨਕ ਸਥਿਤੀ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਹਨ। ਸੂਬੇ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਮਾਨ ਸਰਕਾਰ ਦੀ ਸਭ ਤੋਂ ਬੁਨਿਆਦੀ ਜ਼ਿੰਮੇਵਾਰੀ ਹੈ, ਪਰ ਸਰਕਾਰ ਬੁਰੀ ਤਰ੍ਹਾਂ ਅਸਫਲ ਹੋ ਰਹੀ ਹੈ। ਸਰਕਾਰ ਸਿਰਫ਼ ਵੀਆਈਪੀਜ਼ ਦੀ ਸੁਰੱਖਿਆ ਦੀ ਚਿੰਤਾ ਕਰ ਰਹੀ ਹੈ, ਜਿਸ ਨਾਲ ਆਮ ਲੋਕਾਂ ਨੂੰ ਰੱਬ ਦੇ ਰਹਿਮ ਤੇ ਛੱਡ ਦਿੱਤਾ ਗਿਆ ਹੈ। ਪੰਜਾਬ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਤੋਂ ਵਿਸ਼ਵਾਸ ਉੱਠ ਗਿਆ ਹੈ। ਲੋਕ ਹੁਣ ਡਰ ’ਚ ਨਹੀਂ ਰਹਿਣਾ ਚਾਹੁੰਦੇ।