ਸਰਕਾਰ ਦੀ ਅਣਦੇਖੀ ਕਾਰਨ ਮੁਲਾਜ਼ਮਾਂ ’ਚ ਰੋਸ : ਪਤਵੰਤ ਸਿੰਘ
ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਜਲੰਧਰ ’ਚ
Publish Date: Sat, 14 Mar 2026 08:29 PM (IST)
Updated Date: Sat, 14 Mar 2026 08:30 PM (IST)
-11 ਅਪ੍ਰੈਲ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਦਾ ਘਿਰਾਓ ਕਰਨ ਦਾ ਐਲਾਨ
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਰਕਾਰੀ ਸਕੂਲਜ਼ ਲੈਬਾਰਟਰੀ ਸਟਾਫ਼ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਸੂਬਾ ਪ੍ਰਧਾਨ ਪਤਵੰਤ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਭਰ ਤੋਂ ਆਏ ਐੱਸਐੱਲਏ ਕਰਮਚਾਰੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮ ਵਰਗ ਨਾਲ ਅਣਦੇਖੀ ਕਾਰਨ ਕਰਮਚਾਰੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਲਾਪਰਵਾਹੀ ਕਾਰਨ ਕਰਮਚਾਰੀਆਂ ’ਚ ਕਾਫੀ ਰੋਸ ਹੈ•। ਇਸੇ ਕਾਰਨ ਜਥੇਬੰਦੀ ਵੱਲੋਂ 11 ਅਪ੍ਰੈਲ 2026 ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਘਰ ਅੱਗੇ ਵੱਡਾ ਐਕਸ਼ਨ ਕੀਤਾ ਜਾਵੇਗਾ। ਜਥੇਬੰਦੀ ਦੇ ਮੁੱਖ ਬੁਲਾਰੇ ਹਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਸਿੱਖਿਆ ਵਿਭਾਗ ਕੋਲ ਅਸਾਮੀ ਦਾ ਨਾਮ ਬਦਲਣ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰ ‘ਤੇ ਕੋਈ ਵਿੱਤੀ ਬੋਝ ਨਹੀਂ ਪੈਂਦਾ, ਪਰ ਇਸ ਦੇ ਬਾਵਜੂਦ ਮੰਗ ਪੂਰੀ ਨਹੀਂ ਕੀਤੀ ਗਈ। ਸੂਬਾਈ ਮੈਂਬਰ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਹੁਣ ਕਰਮਚਾਰੀ ਆਪਣੇ ਹੱਕਾਂ ਲਈ ਚੁੱਪ ਨਹੀਂ ਬੈਠਣਗੇ ਤੇ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਮੀਟਿੰਗ ਦੌਰਾਨ ਐੱਸਐੱਲਏ ਯੂਨੀਅਨ ਕਪੂਰਥਲਾ ਦੇ ਆਗੂ ਅਸ਼ੀਸ਼ ਅਰੋੜਾ ਨੂੰ ਜ਼ਿਲ੍ਹਾ ਕਪੂਰਥਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਦਕਿ ਸਾਬਕਾ ਪੰਜਾਬ ਪ੍ਰਧਾਨ ਅਮਰਪਾਲ ਸਿੰਘ ਗੁਰਾਇਆ ਤੇ ਸਾਬਕਾ ਜਨਰਲ ਸਕੱਤਰ ਨਿਰੰਜਣ ਸਿੰਘ ਚਾਂਦਪੁਰੀ ਨੂੰ ਵਿਸ਼ੇਸ਼ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੂਬਾ ਸਰਪਰਸਤ ਜਸਵੰਤ ਰਾਏ, ਸੂਬਾ ਵਿੱਤ ਸਕੱਤਰ ਸੁਖਮੰਦਰ ਸਿੰਘ ਮੋਗਾ, ਸੂਬਾ ਜਨਰਲ ਸਕੱਤਰ ਪੰਕਜ ਸਪਰਾ, ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਸਲਾਬਤਪੁਰਾ, ਦਿਲਪ੍ਰੀਤ ਸਿੰਘ ਭਿੰਡਰ, ਮੀਤ ਪ੍ਰਧਾਨ ਯੋਗੇਸ਼ ਕੌੜਾ, ਜਥੇਬੰਦਕ ਸਕੱਤਰ ਜਤਿੰਦਰ ਸਿੰਘ ਭੰਗੂ, ਪ੍ਰੈੱਸ ਸਕੱਤਰ ਪਰਮਜੀਤ ਕੁਮਾਰ, ਜ਼ਿਲ੍ਹਾ ਪ੍ਰਧਾਨ ਦਲਬੀਰ ਸਿੰਘ ਅੰਮ੍ਰਿਤਸਰ, ਸਰਬਜੀਤ ਸਿੰਘ ਗੁਰਦਾਸਪੁਰ, ਪਰਦੀਪ ਕੁਮਾਰ ਤਰਨਤਾਰਨ, ਅਨਿਲ ਕੁਮਾਰ ਜਲੰਧਰ, ਵਿਕਾਸ ਅਗਰਵਾਲ ਲੁਧਿਆਣਾ ਸਮੇਤ ਕਈ ਹੋਰ ਆਗੂ ਤੇ ਕਰਮਚਾਰੀ ਮੌਜੂਦ ਸਨ।