ਮੁਲਾਜ਼ਮਾਂ ਦੀ ਹੜਤਾਲ ਕਾਰਨ ਨਿਰਾਸ਼ ਪਰਤੇ ਲੋਕ
ਕਰਮਚਾਰੀ ਹੜਤਾਲ ’ਤੇ, ਕੰਮ ਨਾ ਹੋਣ ਕਾਰਨ ਨਿਰਾਸ਼ ਮੁੜੇ ਲੋਕ
Publish Date: Mon, 09 Mar 2026 10:30 PM (IST)
Updated Date: Mon, 09 Mar 2026 10:33 PM (IST)

-ਡੀਸੀ ਦਫ਼ਤਰ ਦੇ ਬਾਹਰ 11 ਘੜੇ ਤੋੜ ਕੇ ਮੁਲਾਜ਼ਮਾਂ ਨੇ ਪ੍ਰਗਟਾਇਆ ਰੋਸ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ: ਕਰਮਚਾਰੀਆਂ ਦੀ ਹੜਤਾਲ ਕਾਰਨ ਕੰਮ ਲਈ ਡੀਸੀ ਦਫ਼ਤਰ ਪਹੁੰਚੇ ਲੋਕਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਪਟਵਾਰੀਆਂ ਦੇ ਕਮਰੇ ਬੰਦ ਰਹਿਣ ਕਾਰਨ ਪ੍ਰਾਪਰਟੀ ਨਾਲ ਸਬੰਧਤ ਕੰਮ ਲਈ ਆਏ ਲੋਕਾਂ ਨੇ ਨੁਕਸਾਨ ਹੋਣ ਦੀ ਗੱਲ ਕਹੀ। ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਤੇ ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸਿਜ ਯੂਨੀਅਨ ਪੰਜਾਬ ਦੇ ਭਰੋਸੇ ’ਤੇ ਸੋਮਵਾਰ ਨੂੰ ਕਰਮਚਾਰੀਆਂ ਨੇ ਹੜਤਾਲ ਰੱਖੀ। ਸੀਪੀਐੱਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਡਿੰਪੀ ਤੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਤਜਿੰਦਰ ਸਿੰਘ ਨਾਂਗਲ ਨੇ ਕਿਹਾ ਕਿ ਚੰਡੀਗੜ੍ਹ ’ਚ ਕਰਮਚਾਰੀਆਂ ’ਤੇ ਕੀਤੇ ਗਏ ਅੱਤਿਆਚਾਰ ਨੂੰ ਧਿਆਨ ’ਚ ਰੱਖਦੇ ਹੋਏ ਸੋਮਵਾਰ ਨੂੰ ਪੂਰੇ ਪੰਜਾਬ ਦੇ ਸਾਰੇ ਦਫ਼ਤਰਾਂ ’ਚ ਕੰਮ ਠੱਪ ਰਿਹਾ। ਕਰਮਚਾਰੀ ਵੱਡੀ ਗਿਣਤੀ ’ਚ ਡੀਸੀ ਦਫ਼ਤਰ ਦੇ ਬਾਹਰ ਇਕੱਠੇ ਹੋਏ ਤੇ ਵਿਰੋਧ ਪ੍ਰਗਟਾਉਂਦੇ ਹੋਏ 11 ਘੜੇ ਤੋੜੇ। ਇਸ ਮੌਕੇ ਕਰਮਚਾਰੀਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲੀ ਅਤੇ ਬਕਾਇਆ ਭੱਤਿਆਂ ਦੀ ਮੰਗ ਨੂੰ ਲੈ ਕੇ ਕਰਮਚਾਰੀ ਹੜਤਾਲ ’ਤੇ ਰਹੇ। ----------------------------- ਨਾ ਕਲਰਕ ਮਿਲੇ ਨਾ ਪਟਵਾਰੀ, ਨਿਰਾਸ਼ ਹੋਏ ਲੋਕ ਹਫ਼ਤੇ ਦਾ ਪਹਿਲਾ ਕਾਰਜ ਦਿਵਸ ਹੋਣ ਕਾਰਨ ਲੋਕ ਕੰਮ ਲਈ ਡੀਸੀ ਦਫ਼ਤਰ ਤੇ ਖ਼ਜ਼ਾਨਾ ਦਫ਼ਤਰ ਪਹੁੰਚੇ, ਪਰ ਸੀਟਾਂ ’ਤੇ ਨਾ ਕਲਰਕ ਸਨ ਅਤੇ ਨਾ ਹੀ ਪਟਵਾਰੀ। ਅਸਲਾ ਲਾਇਸੈਂਸ ਲਈ ਅਰਜ਼ੀ ਦੇਣ ਪਹੁੰਚੇ ਚਿਰਾਗ ਸਿੰਘ ਨੇ ਕਿਹਾ ਕਿ ਉਨਾਂ ਨੇ ਫ਼ਾਈਲ ਜਮ੍ਹਾਂ ਕਰਵਾਉਣੀ ਸੀ ਪਰ ਸੀਟ ’ਤੇ ਡੀਲਿੰਗ ਹੈਂਡ ਮੌਜੂਦ ਨਹੀਂ ਸੀ। ਹੜਤਾਲ ਕਿੰਨੇ ਸਮੇਂ ਤੱਕ ਚੱਲੇਗੀ, ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ। ਕਰਮਚਾਰੀਆਂ ਨੂੰ ਪਹਿਲਾਂ ਹੀ ਘੋਸ਼ਣਾ ਕਰ ਦੇਣੀ ਚਾਹੀਦੀ ਸੀ ਤਾਂ ਜੋ ਲੋਕ ਇੱਥੇ ਆਉਂਦੇ ਹੀ ਨਾ। ਪ੍ਰਾਪਰਟੀ ਕਾਰੋਬਾਰੀ ਵਰਿੰਦਰ ਨੇ ਕਿਹਾ ਕਿ ਪ੍ਰਾਪਰਟੀ ਦਾ ਬਿਆਨਾ ਹੋਇਆ ਹੋਇਆ ਹੈ ਤੇ ਸਮਾਂ ਨਿਰਧਾਰਤ ਹੈ। ਪਟਵਾਰੀ ਤੋਂ ਰਿਕਾਰਡ ਲੈਣਾ ਸੀ ਪਰ ਜਦੋਂ ਉਹ ਪਹੁੰਚੇ ਤਾਂ ਸਾਰੇ ਪਟਵਾਰੀਆਂ ਦੇ ਕਮਰੇ ਬੰਦ ਮਿਲੇ। ਇਹ ਵੱਡੀ ਸਮੱਸਿਆ ਹੈ। ਅਧਿਕਾਰੀਆਂ ਨੂੰ ਹੜਤਾਲ ਦੇ ਮੌਕੇ ’ਤੇ ਕੋਈ ਨਾ ਕੋਈ ਬਦਲ ਤਿਆਰ ਕਰਨਾ ਚਾਹੀਦਾ ਸੀ। ਰਿਕਾਰਡ ਲੈਣ ਵਿੱਚ ਵੀ ਸਮਾਂ ਲੱਗਦਾ ਹੈ, ਹੁਣ ਉਹ ਮੰਗਲਵਾਰ ਨੂੰ ਮੁੜ ਕੰਮ ਕਰਵਾਉਣ ਲਈ ਆਉਣਗੇ। ਉੱਥੇ ਹੀ ਹੜਤਾਲ ’ਤੇ ਗਏ ਕਰਮਚਾਰੀਆਂ ਨੇ ਕਿਹਾ ਕਿ ਹੜਤਾਲ ਸਿਰਫ਼ ਇੱਕ ਦਿਨ ਦੀ ਹੈ ਅਤੇ ਆਪਣੀਆਂ ਮੰਗਾਂ ਲਈ ਹੜਤਾਲ ਕਰਨਾ ਉਹਨਾਂ ਦੀ ਮਜ਼ਬੂਰੀ ਹੈ।