ਛੁੱਟੀਆਂ ’ਚ ਵੀ ਲੱਗਣਗੇ ‘ਮੁੱਖ ਮੰਤਰੀ ਸਿਹਤ ਯੋਜਨਾ’ ਕੈਂਪ
ਸ਼ਾਹਕੋਟ ਚ ‘ਮੁੱਖ ਮੰਤਰੀ ਸਿਹਤ ਯੋਜਨਾ’ ਕੈਂਪ ਅੱਜ ਤੋਂ ਮੁਲਾਜ਼ਮ ਤਾਇਨਾਤ
Publish Date: Mon, 23 Mar 2026 09:42 PM (IST)
Updated Date: Mon, 23 Mar 2026 09:43 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਪੰਜਾਬ ਸਰਕਾਰ ਦੀ ਲੋਕ ਭਲਾਈ ਸਕੀਮ ਮੁੱਖ ਮੰਤਰੀ ਸਿਹਤ ਯੋਜਨਾ ਦੇ ਅੱਠਵੇਂ ਪੜਾਅ ਤਹਿਤ ਸ਼ਾਹਕੋਟ ਇਲਾਕੇ ਦੇ ਵੱਖ-ਵੱਖ ਪਿੰਡਾਂ ਤੇ ਵਾਰਡਾਂ ’ਚ ਸਿਹਤ ਕੈਂਪ ਲਾਏ ਜਾ ਰਹੇ ਹਨ। ਇਹ ਕੈਂਪ 24 ਮਾਰਚ 2026 ਤੋਂ 29 ਮਾਰਚ 2026 ਤੱਕ ਜਾਰੀ ਰਹਿਣਗੇ। ਇਸ ਸਬੰਧੀ ਉਪ ਮੰਡਲ ਮੈਜਿਸਟ੍ਰੇਟ ਸ਼ਾਹਕੋਟ ਵੱਲੋਂ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਸਬੰਧੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ, ਇਹ ਕੈਂਪ ਸ਼ਨਿਚਰਵਾਰ, ਐਤਵਾਰ ਤੇ ਹੋਰ ਗਜ਼ਟਿਡ ਛੁੱਟੀਆਂ ਵਾਲੇ ਦਿਨ ਵੀ ਨਿਰੰਤਰ ਲਗਾਏ ਜਾਣਗੇ ਤਾਂ ਜੋ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਲੈਣ ’ਚ ਕੋਈ ਦਿੱਕਤ ਨਾ ਆਵੇ। ਇਨ੍ਹਾਂ ਕੈਂਪਾਂ ਦੇ ਬਦਲੇ ਸਬੰਧਤ ਸਟਾਫ਼ ਨੂੰ ਸੋਮਵਾਰ ਵਾਲੇ ਦਿਨ ਛੁੱਟੀ ਦਿੱਤੀ ਜਾਵੇਗੀ। ਜਾਰੀ ਕੀਤੀ ਗਈ ਸੂਚੀ ਅਨੁਸਾਰ ਸ਼ਾਹਕੋਟ ਦੇ ਜਿਨ੍ਹਾਂ ਖੇਤਰਾਂ ’ਚ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਉਨ੍ਹਾਂ ’ਚ ਪਿੰਡ ਬਾਹਮਣੀਆਂ, ਸੰਡਾਂਵਾਲ, ਕੰਨੀਆਂ ਕਲਾਂ, ਸ਼ਾਹਕੋਟ ਦੇ ਵਾਰਡ ਨੰਬਰ 5 ਤੇ 13, ਜਗਤਪੁਰ ਸੋਹਲ, ਰੂਪੇਵਾਲ, ਚੱਕ ਚੇਲਾ ਤੇ ਨਲ੍ਹ ਸ਼ਾਮਲ ਹਨ। ਹਰੇਕ ਕੈਂਪ ਦੀ ਨਿਗਰਾਨੀ ਲਈ ਇਕ ਆਪਰੇਟਰ, ਆਸ਼ਾ ਵਰਕਰ ਤੇ ਇਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।